Wednesday, November 06, 2013

ਦੂਸਰਾ ਅੰਤਰ-ਕਾਲਜ ਪੰਜਾਬੀ ਗ਼ਜ਼ਲ ਗਾਇਨ ਮੁਕਾਬਲਾ 9 ਨੂੰ

ਆਯੋਜਨ ਪ੍ਰਸਿੱਧ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਦੀ ਯਾਦ ਵਿਚ
ਲੁਧਿਆਣਾ: 06 ਨਵੰਬਰ 2013: (*ਡਾ. ਗੁਲਜ਼ਾਰ ਸਿੰਘ ਪੰਧੇਰ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਸਾਂਝੇ ਤੌਰ 'ਤੇ ਦਸਿਆ ਕਿ ਅਕਾਡਮੀ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਦੀ ਯਾਦ ਵਿਚ ਦੂਸਰਾ ਅੰਤਰ-ਕਾਲਜ ਪੰਜਾਬੀ ਗ਼ਜ਼ਲ ਗਾਇਨ ਮੁਕਾਬਲਾ 9 ਨਵੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਉਹਨਾਂ ਦਸਿਆ ਕਿ ਇਹ ਮੁਕਾਬਲਾ ਨਿਰੋਲ ਪੰਜਾਬੀ ਗ਼ਜ਼ਲ ਗਾਇਨ ਦਾ ਹੈ। ਇਸ ਮੌਕੇ ਗ਼ੈਰ ਮਿਆਰੀ ਜਾਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਰਚਨਾ ਦਾ ਗਾਇਨ ਵਰਜਿਤ ਹੈ।
ਇਸ ਸਮਾਗਮ ਦੇ ਕਨਵੀਨਰ ਸ. ਮਨਜਿੰਦਰ ਸਿੰਘ ਧਨੋਆ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਕਾਬਲੇ ਵਿਚ ਭਾਗ ਲੈਣ ਵਾਲੀ ਟੀਮ ਕਾਲਜ ਦੇ ਦੋ ਵਿਦਿਆਰਥੀਆਂ ਦੀ ਹੋਵੇਗੀ। ਵਿਦਿਆਰਥੀ ਵੱਲੋਂ ਵਿਅਕਤੀਗਤ ਪੱਧਰ 'ਤੇ ਵੀ ਭਾਗ ਲਿਆ ਜਾ ਸਕਦਾ ਹੈ। ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਵੱਲੋਂ ਪ੍ਰਮਾਣ ਪੱਤਰ ਲੈ ਕੇ ਆਉਣ। ਇਸ ਦੀ ਕੋਈ ਦਾਖ਼ਲਾ ਫ਼ੀਸ ਨਹੀਂ ਹੈ ਅਤੇ ਰਜਿਸਟ੍ਰੇਸ਼ਨ ਮੌਕੇ 'ਤੇ ਹੀ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਜੇਤੂ ਟੀਮ ਨੂੰ ਟਰਾਫ਼ੀ ਤੋਂ ਬਿਨਾਂ ਪਹਿਲਾ, ਦੂਜਾ, ਤੀਜਾ ਤੇ ਉਤਸ਼ਾਹ ਵਧਾਊ ਵਿਅਕਤੀਗਤ ਪੁਰਸਕਾਰ ਵੀ ਦਿੱਤੇ ਜਾਣਗੇ। 
ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ।

*ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰੈੱਸ ਸਕੱਤਰ ਹਨ। 

ਪਿਛਲੇ ਸਾਲ ਦੇ ਆਯੋਜਨ ਦੀ ਰਿਪੋਰਟ ਵੀ ਪੜ੍ਹੋ  
ਸ. ਅਮਰੀਕ ਸਿੰਘ ਪੂੰਨੀ ਜੀ ਦੀ ਯਾਦ ਵਿਚ

No comments: