Saturday, November 30, 2013

30 ਨਵੰਬਰ ਬਰਸੀ 'ਤੇ--ਸੱਚੀ-ਸੁੱਚੀ ਗਾਇਕੀ ਦੀ ਮਾਲਾ ਦਾ ਮਣਕਾ--ਮਾਣਕ

Fri, Nov 29, 2013 at 7:20 PM
ਮਾਣਕ ਦੇ ਚਹੇਤੇ ਉਹਦੀ ਯਾਦ ਨੂੰ ਹਰ ਸਮੇ ਟਿੱਲੇ ਤੋਂ ਵਿੰਹਦੇ ਰਹਿਣਗੇ
                                                                                                -ਰਣਜੀਤ ਸਿੰਘ ਪ੍ਰੀਤ
ਦੁਨੀਆ ਵੱਖਰੀਆਂ ਅਤੇ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਕਦੇ ਭੁਲਾਇਆ ਨਹੀਂ ਕਰਦੀ । ਇਤਿਹਾਸ ਦੇ ਪੰਨੇ ਉਹਨਾਂ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਨੇ । ਅਜਿਹੀ ਸਥਿੱਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ•ੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਜਨਮਿਆਂ ਲਤੀਫ਼ ਮੁਹੰਮਦ,ਜਿਸ ਨੂੰ ਬਚਪਨ ਵਿੱਚ ਲੱਧਾ ਕਿਹਾ ਕਰਦੇ ਸਨ । ਉਸ ਦੇ ਪੂਰਵਜ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਇਸ ਲਈ ਮੁਹੰਮਦ ਲਤੀਫ਼ ਨੂੰ ਗਾਇਕੀ ਦੀ ਗੁੜਤੀ ਵਿਰਸੇ ਵਿੱਚੋਂ ਮਿਲਣਾ ਸੁਭਾਵਕ ਹੀ ਸੀ ।
               ਮੁਹੰਮਦ ਲਤੀਫ਼ ਜਲਾਲ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਅਧਿਆਪਕਾਂ ਦੇ ਥਾਪੜੇ ਨਾਲ ਅਕਸਰ ਹੀ ਗਾਇਆ ਕਰਦਾ “ ਗੱਲ ਸੁਣ ਓ ਭੋਲਿਆ ਜੱਟਾ,ਤੇਰੇ ਸਿਰ ਪੈਂਦਾ ਘੱਟਾ,ਵਿਹਲੜ ਬੰਦੇ ਮੌਜਾਂ ਮਾਣਦੇ”।  ਸਕੂਲੀ ਪੱਧਰ ਦੇ ਹਾਕੀ ਖਿਡਾਰੀ ਲੱਧੇ ਨੇ ਦਸਵੀ ਕਰਨ ਦੇ ਨਾਲ ਹੀ ਫ਼ਿਰੋਜ਼ਪੁਰ ਪਹੁੰਚ ਕਵਾਲ ਖੁਸ਼ੀ ਮਹੰਮਦ ਤੋਂ ਸੰਗੀਤ ਸਿਖਿਆ ਲੈਣੀ ਸ਼ੁਰੂ ਕੀਤੀ । ਮੁਹੰਮਦ ਲਤੀਫ ,ਲੱਧਾ,ਫਿਰ ਮਣਕਾ ਅਖਵਾਉਂਦੇ ਨੇ ਜਦ ਪੰਜਾਬ ਦੇ ਮੁੱਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਦੀ ਹਾਜ਼ਰੀ ਵਾਲੇ ਸਮਾਗਮ ਵਿੱਚ ਗਾਇਆ ਤਾਂ ਸ. ਕੈਰੋਂ ਨੇ 100 ਰੁਪਏ ਇਨਾਮ ਦਿੰਦਿਆਂ ਕਿਹਾ ਇਹ ਮਣਕਾ ਨਹੀਂ ਇਹ ਤਾਂ ਮਾਣਕ ਹੈ ਮਾਣਕ । ਇਸ ਤਰ•ਾਂ ਮਣਕਾ ਤੋਂ ਮਾਣਕ ਬਣ ਉਹ ਬਠਿੰਡਾ ਛੱਡ ਲੁਧਿਆਣੇ ਪਹੁੰਚ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨ ਲੱਗਿਆ । ਦਿੱਲੀ ਵਿਖੇ 1968 ਵਿੱਚ ਐਚ ਐਮ ਵੀ ਨੇ ਕੇਸਰ ਸਿੰਘ ਨਰੂਲਾ ਦੇ ਸੰਗੀਤ 'ਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ ਦੀ ਕੁੜੀ ਸੀਮਾਂ ਨਾਲ ਡਿਊਟ ਗੀਤ ਵਜੋਂ ਗਾਇਆ । ਗੁਰਦੇਵ ਸਿੰਘ ਮਾਨ ਦਾ ਗੀਤ “ ਲੌਂਗ ਕਰਾ ਮਿੱਤਰਾ,ਮੱਛਲੀ ਪਾਉਂਣਗੇ ਮਾਪੇ,ਵੀ ਇਸ ਵਿੱਚ ਸ਼ਾਮਲ ਸੀ । ਇਸ ਨਾਲ ਮਾਣਕ ਜਲਾਲ ਜਾਂ ਲੁਧਿਆਣੇ ਤੱਕ ਹੀ ਸੀਮਤ ਨਾਂ ਰਿਹਾ,ਸਗੋਂ ਦੁਨੀਆਂ ਵਿੱਚ ਵਸਦੇ ਹਰ ਪੰਜਾਬੀ ਦੇ ਦਿਲ ਦਾ ਬਾਦਸ਼ਾਹ ਬਣ ਗਿਆ ।  
               ਮਾਣਕ ਨੂੰ ਦੇਵ ਥਰੀਕੇਵਾਲੇ ਨੇ ਸੋਲੋ ਗਾਇਕੀ ਵੱਲ ਮੁੜਦਿਆਂ ਵੇਖਿਆ,ਪਹਿਚਾਣਿਆਂ ਅਤੇ ਆਪਣੇ ਨਾਲ ਜੋੜ ਲਿਆ । ਲੋਕ ਗਥਾਵਾਂ ਲਿਖ ਲਿਖ ਕੇ ਦਿੱਤੀਆਂ ਅਤੇ ਮਾਣਕ ਦਾ ਪਹਿਲਾ ਈ ਪੀ “ਪੰਜਾਬ ਦੀਆਂ ਲੋਕ ਗਾਥਾਵਾਂ (1973)” ਰਿਕਾਰਡ ਹੋਇਆ । ਫਿਰ ਐਚ ਐਮ ਵੀ ਨੇ ਹੀ 1976 ਵਿੱਚ ਐਲ ਪੀ “ਇੱਕ ਤਾਰਾ ” ਮਾਰਕੀਟ ਵਿੱਚ ਉਤਾਰਿਆ । ਇਸ ਵਿਚਲਾ ਗੀਤ “ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ”ਨੇ ਸਮਕਾਲੀਆਂ ਨੂੰ ਸੋਚੀਂ ਪਾ ਦਿੱਤਾ । ਉਹਦੇ ਨਾਅ ਨਾਲ ਸ਼ਬਦ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਸਰਬਜੀਤ ਕੌਰ ਨਾਲ ਸ਼ਾਦੀ ਹੋਈ ,ਬੇਟਾ ਯੁਧਵੀਰ ਅਤੇ ਬੇਟੀ ਸ਼ਕਤੀ ਵਿਹੜੇ ਦੀ ਰੌਣਕ ਬਣੇ । ਏਸੇ ਦੌਰਾਂਨ ਮਾਣਕ ਦਾ ਚਰਨਜੀਤ ਅਹੂਜਾ ਨਾਲ ਬਣਿਆਂ ਰਾਬਤਾ ਸੋਨੇ 'ਤੇ ਸੁਹਾਗਾ ਸਿੱਧ ਹੋਇਆ। 
                    ਕੁਲਦੀਪ ਮਾਣਕ ਨੇ ਗਾਇਕੀ ਦੇ ਨਾਲ ਨਾਲ ਬਲਵੀਰੋ ਭਾਬੀ,ਰੂਪ ਸ਼ੁਕੀਨਣ ਦਾ,ਬਗਾਵਤ,ਵਿਹੜਾ ਲੰਬੜਾ ਦਾ,ਲੰਬੜਦਾਰਨੀ,ਸੈਦਾ ਜੋਗਨ,ਸੱਸੀ ਪੁਨੂੰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਿਆ ਅਤੇ ਯਾਰਾਂ ਦਾ ਟਰੱਕ ਬੱਲੀਏ ਵਰਗੇ ਗੀਤ ਲੋਕਾਂ ਦਾ ਜੁਬਾਂਨ ਰਸ ਬਣੇ । ਉਸਦੇ ਗਾਏ ਦਰਜਨਾਂ ਗੀਤ ਲੋਕ ਗੀਤਾਂ ਵਾਂਗ ਪੰਜਾਬੀਆਂ ਲਈ ਅੱਜ ਵੀ ਤਰੋ-ਤਾਜਾ ਹਨ ਅਤੇ ਲੋਕ ਚਾਅ ਨਾਲ ਗੁਣਗੁਣਾਉਂਦੇ ਹਨ । ਮਾਣਕ ਦੀਆਂ 41 ਧਾਰਮਿਕ ਟੇਪਾਂ,ਈ ਪੀ,ਐਲ ਪੀ ਆਦਿ ਸਮੇਤ ਕੁੱਲ 198 ਟੇਪਾਂ ਰਿਕਾਰਡ ਹੋਈਆਂ । ਉਸ ਨੇ 90 ਗੀਤਕਾਰਾਂ ਦੇ ਗੀਤ 26 ਸੰਗੀਤਕਾਰਾਂ ਦੀਆਂ ਤਰਜਾਂ 'ਤੇ ਗਾਏ । ਜਿੱਥੇ ਉਸ ਨੇ 1977-78 ਵਿੱਚ ਪਹਿਲਾ ਸਫਲ ਵਿਦੇਸ਼ੀ ਟੂਰ ਲਾਇਆ,ਉਥੇ ਸਤਿੰਦਰ ਬੀਬਾ,ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੋਤ ਕੌਰ, ਗੁਲਸ਼ਨ ਕੋਮਲ,ਕੁਲਵੰਤ ਕੋਮਲ,ਪ੍ਰਕਾਸ਼ ਕੌਰ ਸੋਢੀ,ਦਿਲਬਾਗ ਕੌਰ, ਅਤੇ ਪ੍ਰਕਾਸ਼ ਸਿੱਧੂ ਨਾਲ ਵੀ ਗਾਇਕੀ ਸਾਥ ਦਿੱਤਾ । ਪੰਜਾਬ ਸਰਕਾਰ ਵੱਲੋਂ ਰਾਜ ਗਾਇਕ ਦਾ ਪੁਰਸਕਾਰ ਵੀ ਮਿਲਿਆ  ਅਤੇ ਗਾਇਕੀ ਖੇਤਰ ਦੇ ਇੱਕ ਮੁਕਾਬਲੇ ਵਿੱਚ ਨਾਮੀ ਕਲਾਕਾਰਾਂ ਤੋਂ ਅੱਗੇ ਲੰਘਦਿਆਂ ਅੰਬੈਸਡਰ ਕਾਰ ਵੀ ਇਨਾਮ ਵਜੋਂ ਜਿਤੀ। ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ,ਪਰ ਸਫਲਤਾ ਨਾ ਮਿਲੀ ।                               
                                         1968 ਤੋਂ 2011 ਤੱਕ ਗਾਇਕੀ ਨਾਲ ਰਾਬਤਾ ਬਣਾਈ ਰੱਖਣ ਵਾਲੇ ਮਾਣਕ ਦਾ ਦਲੀਪ ਸਿੰਘ ਸਿੱਧੂ ਕਣਕਵਾਲੀਆ,ਕਰਨੈਲ ਸਿੱਧੂ ਜਲਾਲ ਨਾਲ ਵੀ ਬਹੁਤ ਪਿਆਰ ਰਿਹਾ । ਮਾਣਕ ਨੇ ਪਹਿਲਾ ਲੋਕ ਗੀਤ “ਮਾਂ ਮਿਰਜੇ ਦੀ ਬੋਲਦੀ ਅਤੇ ਉਹਨੂੰ ਮੌਤ ਨੇ ਵਾਜਾਂ ਮਾਰੀਆਂ ਗਾਇਆ । ਪਰ ਸ਼ਰਾਬ ਨੇ ਉਹਦੇ ਗੁਰਦਿਆਂ ਵਿੱਚ ਖਰਾਬੀ ਲਿਆ ਦਿੱਤੀ । ਫਿਰ ਇਕਲੌਤੇ ਪੁੱਤਰ ਯੁਧਵੀਰ ਦੇ ਬਰੇਨ ਹੈਮਰਿਜ਼ ਨੇ ਉਸ ਨੂੰ ਅਸਲੋਂ ਹੀ ਤੋੜ ਦਿੱਤਾ । ਫੇਫੜਿਆਂ ਦੀ ਸਮੱਸਿਆ ਹੋਣ ਕਰਕੇ ਡੀ ਐਮ ਸੀ ਵਿਖੇ ਦਾਖ਼ਲ ਕਰਵਾਇਆ ਗਿਆ । ਜਿੱਥੇ 30 ਨਵੰਬਰ 2011 ਨੂੰ ਉਸ ਨੇ ਆਖਰੀ ਸਾਹ ਲਿਆ ਅਤੇ ਜਲਾਲ ਵਿਖੇ ਸਪੁਰਦ ਇ ਖ਼ਾਕ ਕੀਤਾ ਗਿਆ । ਕੁੱਝ ਲੋਕ ਇਸ ਖ਼ਾਕ ਨੂੰ ਵੀ ਰੋਲਣ ਲਈ
ਯਤਨਸ਼ੀਲ ਹਨ । ਕਿਹਾ ਜਾਂਦਾ ਏ ਕਿ ਮੁਰਦੇ ਨੂੰ ਪੂਜੇ ਇਹ ਦੁਨੀਆਂ,ਜਿਉਂਦੇ ਦੀ ਕੀਮਤ ਕੁੱਝ ਵੀ ਨਹੀਂ,ਤੋਂ ਸਾਰਾ ਕੁੱਝ ਹੀ ਉਲਟ ਵਾਪਰ ਰਿਹਾ ਹੈ । ਪਰ ਪੰਜਾਬੀਆਂ ਦੇ ਦਿਲਾਂ ਦਾ ਬਾਦਸ਼ਾਹ ਗੂੜੀ ਨੀਂਦ ਸੁੱਤਾ ਪਿਆ ਹੈ,ਜਿਸ ਨੂੰ ਹੁਣ ਕਦੇ ਵੀ ਟਿੱਲੇ ਤੋਂ ਸੂਰਤ ਨਹੀਂ ਦਿਸਣੀ,ਪਰ ਮਾਣਕ ਦੇ ਚਹੇਤੇ ਉਹਦੀ ਯਾਦ ਨੂੰ ਹਰ ਸਮੇ ਟਿੱਲੇ ਤੋਂ ਵਿੰਹਦੇ ਰਹਿਣਗੇ ।  
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;-9815707232
   

No comments: