Saturday, November 23, 2013

100 ਪਰਿਵਾਰਾਂ ਦੇ ਕੋਲ 16 ਲੱਖ ਕਰੋੜ ਧੰਨ-ਕਾਮਰੇਡ ਗੁਰੂਦਾਸ ਦਾਸ ਗੁਪਤਾ ਐਮ ਪੀ

Sat, Nov 23, 2013 at 3:21 PM
70% ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ
ਲੁਧਿਆਣਾ 23 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਅੱਜ ਦੇਸ਼ ਦੀ ਮਜ਼ਦੂਰ ਜਮਾਤ ਦੇ ਸ੍ਹਾਮਣੇ ਦੋਹਰੀ ਚੁਣੌਤੀ ਹੈ। ਇੱਕ ਪਾਸੇ ਤਾਂ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦਾ ਵਿਰੋਧ ਕਰਨਾ, ਤੇ ਦੂਜੇ ਪਾਸੇ ਦੇਸ਼ ਨੂੰ ਫ਼ਿਰਕੂ ਤੇ ਸਮਾਜ ਨੂੰ ਵੰਡਣ ਵਾਲੀਆਂ ਸ਼ਕਤੀਆ ਦੇ ਖ਼ਿਲਾਫ਼ ਸੰਘਰਸ਼ ਕਰਨਾ। ਮਜ਼ਦੂਰ ਜਮਾਤ ਨਾ ਕੇਵਲ ਉਹਨਾ ਤੇ ਬਲਕਿ ਦੇਸ਼ ਦੀ ਸਮਾਜਿਕ ਨਿਆਂ ਦੀ ਮੰਨੀ ਪਰਮੰਨੀ ਨੀਤੀ ਤੇ ਪਿਛਲੇ ਸਮੇਂ ਤੋਂ ਲਗਾਤਾਰ ਸਰਕਾਰਾਂ ਵਲੋਂ ਹਮਲਿਆਂ ਦੇ ਵਿਰੁੱਧ ਅਤੇ ਦੇਸ਼ ਦੀ ਪਰਭੁਸੱਤਾ ਦੀ ਰਾਖੀ ਲਈ ਆਪਣੀ ਇਤਿਹਾਸਕ ਭੂਮਿਕਾ ਅਦਾ ਕਰੇ। ਇਹ ਗੱਲ ਕਾਮਰੇਡ ਗੁਰੂਦਾਸ ਦਾਸ ਗੁਪਤਾ ਐਮ ਪੀ, ਅਤੇ ਜਨਰਲ ਸਕੱਤਰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਨੇ ਅੱਜ ਇੱਥੇ ਏਟਕ ਵਲੋਂ ਕੀਤੀ ਗਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾ ਕਿਹਾ ਕਿ ਇਹ ਬੜੀ ਨਿੰਦਣਯੋਗ ਗੱਲ ਹੈ ਕਿ ਯੂ ਪੀ ਏ-2 ਸਰਕਾਰ ਦੇਸ਼ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਬਜਾਏ ਕੌਮੀ ਅਤੇ ਕੋਮਾਂਤ੍ਰੀ ਧਨੀ ਕਾਰਪੋਰੇਟ ਵਰਗ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸਰਕਾਰ ਵਲੋਂ ਹੁਣੇ ਜਿਹੇ ਲਏ ਗਏ ਫ਼ੈਸਲੇ ਸਰਕਾਰ ਦੀਆਂ ਆਰਥਿਕ ਨੀਤੀਆਂ ਵਿੱਚ ਸੱਜੇਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੋਮਾਂਤ੍ਰੀ ਵਿੱਤੀ ਸੰਸਥਾਵਾਂ ਦੀਆਂ ਹਿਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੂਭਰ ਬਣਾ ਰਹੀਆਂ ਹਨ ਅਤੇ ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਿਵਾਰਾਂ ਦੇ ਕੋਲ 16 ਲੱਖ ਕਰੋੜ ਧੰਨ ਹੈ ਜਦੋਂ ਕਿ 70% ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਨੌਕਰੀਆਂ ਵਿੱਚ ਕਮੀ ਆ ਰਹੀ ਹੈ ਅਤੇ ਅਸੁੱਰਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿਤਿੱਆਂ ਨੂੰ ਠੇਕੇਦਾਰਾਂ ਨੂੰ ਸੌਪ ਰਹੀ ਹੈ; ਲੇਬਰ ਵੀ ਠੇਕੇਦਾਰਾਂ ਦੇ ਰਹਿਮੋਕਰਮ ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਨਾਉਣ ਦੇ ਅਧਿਕਾਰ ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਪਰੀਵਰਤਨ ਕਰਕੇ ਯੂਨੀਅਨ ਬਨਾਉਣ ਤੋਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਕੌਮੀ ਸੋਮੇ ਕੋਮਾਂਤ੍ਰੀ ਅਤੇ ਕੌਮੀ ਕਾਰਪੋਰਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। ਖੁਦਰਾ ਵਪਾਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੁੱਲ ਦੇਣ ਦੇ ਨਾਲ ਛੋਟੇ ਵਪਾਰੀ, ਦੁਕਾਨਦਾਰ, ਛੋਟੇ ਉਦੱਮੀ, ਛੋਟੇ ਤੇ ਮੱਧਮ ਕਿਸਾਨ ਰੁਲ ਜਾਣਗੇ। ਸਰਕਾਰ, ਉੱਚ ਅਹੁਦਿਆਂ ਤੇ ਬੈਠੇ ਵਿਅਕਤੀਆਂ ਵਲੋਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਦੇ ਲਈ ਜ਼ਿੰਮੇਵਾਰ ਹੈ ਜਿਸ ਕਾਰਨ ਸਰਕਾਰੀ ਖਜਾਨੇ ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋਇਆ ਹੈ। ਅੰਬਾਨੀਆਂ ਨਾਲ ਮਿਲ ਕੇ ਗੈਸ ਦੀ ਕੀਮਤ ਵਿੱਚ ਵਾਧਾ ਕਰਨ ਦੇ ਨਾਲ ਸਰਕਾਰੀ ਖ਼ਜ਼ਾਨੇ ਨੂੰ 2:20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਸਰਕਾਰ ਲੋਕਾਂ ਦੀ ਅਵਾਜ਼ ਨੂੰ ਬੇਦਰਦੀ ਦੇ ਨਾਲ ਦਬਾਉਣ ਤੇ ਤੁਲੀ ਹੋਈ ਹੈ। ਸਰਕਾਰ ਦੀ ਇਹ ਘੋਸ਼ਣਾ ਕਿ ਸਿਰਫ਼ 21.9%* ਜਨਤਾ ਹੀ ਗਰੀਬੀ ਰੇਖਾ ਦੇ ਥੱਲੇ ਹੈ ਇਕ ਕੋਝਾ ਮਜ਼ਾਕ ਹੈ। ਉਹਨਾ ਪੁੱਛਿਆ ਕਿ ਹਰ ਰੋਜ਼ 33 ਰੁਪਏ ਕਮਾਉਣ ਵਾਲਾ ਗਰੀਬੀ ਰੇਖਾ ਤੋਂ ਉੱਤੇ ਕਿਸ ਤਰ੍ਹਾਂ ਹੋ ਸਕਦਾ ਹੈ। ਇਹਨਾਂ ਹਾਲਾਤਾਂ ਵਿੱਚ ਟਰੇਡ ਯੂਨੀਅਨਾਂ ਨੇ ਅੱਗੇ ਵੱਧ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੜਾਈ ਲੜਨ ਦੀ ਯੁੱਧਨੀਤੀ ਬਣਾਈ ਹੈ। ਲਗਾਤਾਰ ਚਲ ਰਹੇ ਅੰਦੋਲਨਾਂ ਦੇ ਦੌਰਾਨ ਪਿੱਛੇ ਜਿਹੇ 20-21 ਫ਼ਰਵਰੀ 2013 ਦੀ ਕਾਮਯਾਬ ਆਮ ਕੌਮੀ ਹੜਤਾਲ ਦਾ ਉਹਨਾ ਨੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਹੜਤਾਲ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਨਾਲ ਦੇਸ਼ ਦੀਆਂ ਸਾਰੀਆਂ ਫ਼ੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਅਜ਼ਾਦ ਟ੍ਰੇਡ ਯੂਨੀਅਨਾਂ ਦੀ ਭਾਗੀਦਾਰੀ ਨੇ ਦਿਖਾ ਦਿੱਤਾ ਕਿ ਮਜ਼ਦੂਰ ਜਮਾਤ ਦੀ ਏਕਤਾ ਸਰਕਾਰ ਸਾ੍ਹਮਣੇ ਬਹੁਤ ਵੱਡੀ ਚੁਣੌਤੀ ਹੈ।
ਇੱਕ ਪਾਸੇ ਤਾਂ ਯੂ ਪੀ ਏ-2 ਸਰਕਾਰ ਆਪਣੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਕਰਕੇ ਲੋਕਾਂ ਦੇ ਮਨਾ ਤੋਂ ਉਤਰ ਰਹੀ ਹੈ। ਦੂਜੇ ਪਾਸੇ ਭਾ ਜ ਪਾ ਅਤੇ ਆਰ ਐਸ ਐਸ ਜਿਹੀਆਂ ਫ਼ਿਰਕੂ ਜਮਾਤਾਂ ਮੋਦੀ ਨੂੰ ਪਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਉਭਾਰ ਕੇ ਹਾਲਾਤ ਦਾ ਲਾਭ ਉਠਾ ਕੇ ਦੇਸ਼ ਤੇ ਸਮਾਜ ਨੂੰ ਵੰਡਣ ਤੇ ਤੁਲੀਆਂ ਹੋਈਆਂ ਹਨ। ਇਸ ਪਿਛੋਖੜ ਵਿੱਚ ਸਮੂਚੀਆਂ ਟ੍ਰੇਡ ਯੂਨੀਅਨਾਂ ਨੇ ਸਾਂਝੇ ਤੌਰ ਤੇ 12 ਦਸੰਬਰ ਨੂੰ ਦਿੱਲੀ ਵਿਖੇ ਸੰਸਦ ਵਲ ਮਾਰਚ ਕਰਨ ਦਾ ਨਿਰਣਾ ਲਿਆ ਹੈ।
ਏਟਕ ਦੇ ਸੂਬਾਈ ਪਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੁੱਖ ਮੰਗ ਇਹ ਹਨ ਕਿ ਸਰਕਾਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਤੇ ਰੋਕ ਲਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਨਾ ਹੋਵੇ। ਮਜ਼ਦੂਰਾਂ ਨੂੰ ਬਣਦੀ ਸਮਾਜਿਕ ਸੁੱਰਖਿਆ ਜਿਸ ਵਿੱਚ ਸਾਰਿਆਂ ਦੇ ਲਈ ਪੈਨਸ਼ਨ ਸਕੀਮ ਲਾਗੂ ਕਰੇ, ਬੋਨਸ ਅਤੇ ਗਰੈਚੁਟੀ ਦੀ ਹੱਦ ਖਤਮ ਕਰੇ, ਠੇਕੇਦਾਰੀ ਪਰਬੰਧ ਬੰਦ ਕਰੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਅਤੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਨਿਸ਼ਚਿਤ ਕਰੇ। ਉਹਨਾਂ ਅੱਗੇ ਕਿਹਾ ਕਿ ਪਬਲਿਕ ਸੈਕਟਰ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਵਿਨਿਵੇਸ਼ ਬੰਦ ਕਰੇ, ਕੰਮਕਾਜੀ ਔਰਤਾਂ ਲਈ ਪਰਸੂਤੀ ਛੁੱਟੀ ਲਾਗੂ ਕਰੇ।
ਏਟਕ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਆਪਣੇ ਸੁਨੇਹੇ ਵਿੱਚ ਯੂਨੀਅਨਾਂ ਨੂੰ ਅਗਲੇ ਦੌਰ ਦੇ ਸੰਘਰਸ਼ਾਂ ਦੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਹੀ ਚਲ ਰਹੀ ਹੈ। ਸਰਕਾਰ ਵਲੋਂ ਪਿੱਛੇ ਜਿਹੇ ਲਗਾਏ ਗਏ ਟੈਕਸ ਅਤੇ ਨੌਕਰੀਆਂ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਹਰ ਰੋਜ਼ ਲਾਠੀਆਂ ਅਤੇ ਹੋਰ ਦਮਨਕਾਰੀ ਨੀਤੀਆਂ ਨਾਲ ਕੁਚਲਣਾ ਇਸ ਗੱਲ ਦਾ ਹੀ ਪ੍ਰਗਟਾਵਾ ਹੈ।
ਇਸ ਮੌਕੇ ਤੇ ਕਾਮਰੇਡ ਕਰਤਾਰ ਸਿੰਘ ਬੁਆਣੀ ਉਪ-ਪਰਧਾਨ ਪੰਜਾਬ ਕਿਸਾਨ ਸਭਾ ਅਤੇ ਉੱਘੇ ਟ੍ਰੇਡ ਯੂਨੀਅਨ ਆਗੂ ਕਾਮਰੇਡ ਉ ਪੀ ਮਹਿਤਾ ਅਤੇ ਕਾਮਰੇਡ ਡੀ ਪੀ ਮੌੜ ਨੇ ਵੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ।
ਇਸ ਵਿੱਚ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚੋਂ ਆਏ 250 ਤੋਂ ਵੱਧ ਸਾਥੀਆਂ ਨੇ ਭਾਗ ਲਿਆ। ਇਹਨਾ ਵਿੱਚ ਵੱਖ ਵੱਖ ਉਦਯੋਗ-ਹੋਜ਼ਰੀ, ਟੈਕਸਟਾਈਲ, ਉਸਾਰੀ, ਰੋਡਵੇਜ਼, ਪੈਪਸੂ ਟਰਾਂਸਪੋਰਟ, ਨਗਰ ਨਿਗਮ, ਬੀ ਐਸ ਐਨ ਐਲ, ਬਿਜਲੀ ਖੇਤਰ, ਐਫ਼ ਸੀ ਆਈ ਪੱਲੇਦਾਰ, ਪੀ ਐਸ ਐਸ ਐਫ਼, ਦਰਜਾ ਚਾਰ ਕਰਮਚਾਰੀ, ਖੇਤ ਮਜ਼ਦੂਰ, ਮਨਰੇਗਾ ਵਰਕਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਹੋਰ ਗੈਰ ਸੰਗਠਿਤ ਕਾਮੇ ਸ਼ਾਮਲ ਸਨ।

No comments: