Tuesday, October 08, 2013

ਸਹਿਜਧਾਰੀ ਸਿੱਖ ਵੋਟਰਾਂ ਬਾਰੇ ਲਿਆ ਫੈਸਲਾ

Tue, Oct 8, 2013 at 5:15 PM
ਫੈਸਲਾ ਇੱਕਲੇ ਪ੍ਰਧਾਨ ਦਾ ਨਹੀਂ ਪੂਰੀ ਅੰਤ੍ਰਿੰਗ ਕਮੇਟੀ ਦਾ ਹੈ-ਕੇ ਐਸ ਪੰਜੋਲੀ 
ਅੰਮ੍ਰਿਤਸਰ: 8 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ ਬਿਊਰੋ): ਸਹਿਜਧਾਰੀ ਸਿੱਖ ਪਾਰਟੀ ਦੇ ਮੁਖੀ ਪਰਮਜੀਤ ਸਿੰਘ ਰਾਣੂੰ ਸ਼੍ਰੋਮਣੀ ਕਮੇਟੀ ਬਾਰੇ ਗੁੰਮਰਾਹਕੁੰਨ ਬਿਆਨ ਦੇ ਕੇ ਸੰਗਤਾਂ ਨੂੰ ਭੰਬਲਭੂਸੇ ਵਿਚ ਨਾ ਪਾਉਣ। ਇਹ ਸ਼ਬਦ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰੈਸ ਬਿਆਨ ਰਾਹੀਂ ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨੇ ਕਹੇ। ਉਹਨਾਂ ਕਿਹਾ ਕਿ ਸਹਿਜਧਾਰੀ ਸਿੱਖ ਮੁੱਦੇ 'ਤੇ ਪਾਈ ਗਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਾਹੀਂ ਸੁਪਰੀਮ ਕੋਰਟ ਵਿਚ ਐਮ. ਐਲ.ਪੀ. ਦਾਇਰ ਕਰਵਾਉਣਾ ਕੇਵਲ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਨਹੀਂ ਬਲਕਿ ਸਮੁੱਚੀ ਅੰਤ੍ਰਿੰਗ ਕਮੇਟੀ ਦਾ ਫੈਸਲਾ ਹੈ। ਉਹਨਾਂ ਕਿਹਾ ਕਿ ਪਰਮਜੀਤ ਸਿੰਘ ਰਾਣੂੰ ਜੋ ਪਹਿਲਾਂ ਹੀ ਗੁਰੂ ਤੋਂ ਬੇਮੁੱਖ ਹੋ ਕੇ ਸਿੱਖ ਪਹਿਚਾਣ ਗਵਾ ਚੁੱਕਾ ਹੈ, ਉਹ ਅਜਿਹੇ ਬਿਆਨ ਦੇ ਕੇ ਆਖਰ ਕੀ ਸਾਬਤ ਕਰਨਾ ਚਾਹੁੰਦਾ ਹੈ?
ਉਹਨਾਂ ਕਿਹਾ ਕਿ ਸਿੱਖ ਪਰਿਵਾਰ ਵਿਚ ਜਨਮ ਲੈਣ ਵਾਲਾ ਕਦੀ ਵੀ ਸਹਿਜਧਾਰੀ ਨਹੀਂ ਹੋ ਸਕਦਾ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਮੁਖੀ ਇਕ ਪਾਸੇ ਤਾਂ ਆਪਣੇ ਨਾਮ ਨਾਲ 'ਸਿੰਘ' ਸ਼ਬਦ ਲਗਾਉਂਦਾ ਹੈ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਪਾਰਟੀ ਦਾ ਮੁਖੀ ਦੱਸਦਾ ਹੈ। ਉਸਦੀ ਇਹ ਸੋਚ ਸਿੱਖੀ ਵਿਚ ਮਿਲਗੋਭਾ ਪੈਦਾ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਪਹਿਲਾਂ ਹੀ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ 'ਤੇ ਸਹੀ ਨਹੀਂ ਚੱਲੇ ਉਹ ਗੁਰਦੁਆਰਾ ਸਾਹਿਬਾਨ ਦੇ ਪੰਥਕ ਪ੍ਰਬੰਧ 'ਚ ਸਹਿਜਧਾਰੀ ਸਿੱਖਾਂ ਦੇ ਨਾਮ 'ਤੇ ਮਨਮਰਜ਼ੀ ਤੇ ਧੱਕੇਸ਼ਾਹੀ ਕਰਕੇ ਬੇਲੋੜੀ ਘੁਸਪੈਠ ਕਰਨਾ ਚਾਹੁੰਦੇ ਹਨ, ਜੋ ਸਿੱਖ ਕੌਮ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਨਾ ਹੀ ਇਸ ਤਰ੍ਹਾਂ ਕਰਨ ਦੀ ਇਜ਼ਾਜਤ ਦੇਵੇਗੀ।
ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਸਲਿਆਂ ਪ੍ਰਤੀ ਬੇਹੱਦ ਸੁਚੇਤ ਹੈ ਅਤੇ ਉਸਨੂੰ ਪਤਾ ਹੈ ਕਿ ਸਿੱਖ ਮਸਲਿਆਂ ਦੀ ਪੈਰਵਾਈ ਕਿਵੇਂ ਕਰਨੀ ਹੈ। ਉਸਨੂੰ ਡਾ. ਰਾਣੂੰ ਵਰਗੇ ਨਿੱਜੀ ਹਿੱਤਾਂ ਨੂੰ ਪ੍ਰਣਾਏ ਹੋਏ ਕਿਸੇ ਵੀ ਵਿਅਕਤੀ ਤੋਂ ਸਲਾਹ ਜਾਂ ਸੇਧ ਲੈਣ ਦੀ ਲੋੜ ਨਹੀਂ ਹੈ।
ਇਸ ਲਈ ਰਾਣੂੰ ਬਿਜਾਏ ਇਸਦੇ ਕਿ ਸਿੱਖਾਂ ਵਿਚ ਪਤਿਤਪੁਣਾ ਵਧਾਉਣ ਲਈ ਨੌਜੁਆਨ ਪੀੜੀ ਨੂੰ ਗੁੰਮਰਾਹ ਕਰਨ, ਸਗੋਂ ਆਪ ਵੀ ਸਾਬਤ ਸੂਰਤ ਹੋਣ ਤੇ ਆਪਣੀ ਸਿੱਖ ਸਹਿਜਧਾਰੀ ਪਾਰਟੀ ਨੂੰ ਵੀ ਸਿੱਖ ਦੀ ਸਹੀ ਪਹਿਚਾਣ ਕਰਵਾਉਂਦੇ ਹੋਏ ਸਾਬਤ ਸੂਰਤ ਸਿੱਖ ਬਣ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਸ਼੍ਰੋਮਣੀ ਕਮੇਟੀ ਮੈਂਬਰ ਪੰਜੋਲੀ ਮੱਕੜ ਦੇ ਬਚਾਉ ਵਿਚ ਝੂਠੇ ਬਿਆਨ ਦੇ ਰਹੇ ਹਨ- ਡਾ.ਰਾਣੂੰ

No comments: