Saturday, October 12, 2013

ਪਰਾਲੀ ਸਾੜਨਾ ਸਾਡੀ ਸਿਹਤ ਦੇ ਲਈ ਅਤੀ ਘਾਤਕ-ਡਾ ਮਨੋਜ ਸੋਬਤੀ

Sat, Oct 12, 2013 at 5:01 PM
ਸਾੜਨ ਦੀ ਬਜਾਏ ਇਸਨੂੰ ਖਾਦ ਵਿੱਚ ਪਰੀਵਰਤਿਤ ਕਰਨ ਦੀ ਸਲਾਹ
ਲੁਧਿਆਣਾ 12 ਅਕਤੂਬਰ 2013 (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ (ਭਾ ਜ ਗਿ ਵਿ ਜ) ਜ਼ਿਲ੍ਹਾ ਲੁਧਿਆਣਾ ਵਲੋਂ ਕਿਸਾਨਾਂ ਨੂੰ ਪਰਾਲੀ ਤੇ ਨਾੜ ਨੂੰ ਸਾੜਨ ਦੀ ਬਜਾਏ ਇਸਨੂੰ ਖਾਦ ਵਿੱਚ ਪਰੀਵਰਤਿਤ ਕਰਨ ਦੀ ਸਲਾਹ ਦਿੱਤੀ ਗਈ। ਆਈ ਐਮ ਏ ਪੰਜਾਬ ਦੇ ਪਰਧਾਨ ਡਾ ਮਨੋਜ ਸੋਬਤੀ ਨੇ ਕਿਹਾ ਕਿ ਪਰਾਲੀ ਸਾੜਨਾ ਸਾਡੀ ਸਿਹਤ ਦੇ ਲਈ ਅਤੀ ਘਾਤਕ ਹੈ ਤੇ ਡਾਕਟਰ ਹੋਣ ਦੇ ਨਾਤੇ ਅਸੀ ਇਸ ਬਾਰੇ ਬਹੁਤ ਚਿੰਤਿਤ ਹਾਂ। ਇਸ ਬਾਰੇ ਸਰਕਾਰ ਤੇ ਕਿਸਾਨਾਂ ਦੋਨਾਂ ਨੂੰ ਇਸ ਬਾਰੇ ਉਪਰਾਲੇ ਕਰਨ ਦੀ ਲੋੜ ਹੈ। ਆਈ ਐਮ ਏ ਲੁਧਿਆਣਾ ਦੇ ਪਰਧਾਨ ਅਤੇ ਮੈਡੀਕਲ ਸਪੈਸ਼ਲਿਸਟ ਡਾ ਕਰਮਵੀਰ ਗੋਇਲ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਦੇ ਨਾਲ ਕਾਰਬਨ ਤੱਤਾਂ ਦੀ ਮਾਤਰਾ ਹਵਾ ਵਿੱਚ ਬਹੁਤ ਵੱਧ ਜਾਂਦੀ ਹੈ ਜਿਸਦੇ ਕਾਰਨ ਕਈ ਕਿਸਮ ਦੀਆਂ ਬੀਮਾਰੀਆਂ ਫ਼ੈਲ ਜਾਂਦੀਆਂ ਹਨ। ਜਿਹਨਾਂ ਰੋਗੀਆਂ ਨੂੰ ਫੇਫੜਿਆਂ ਦੀਆਂ ਬੀਮਾਰੀਆਂ, ਖਾਸ ਤੌਰ ਤੇ ਦਮੇ ਦੀ ਸ਼ਿਕਾਇਤ ਹੁੰਦੀ ਹੈ ਕਾਫ਼ੀ ਗੰਭੀਰ ਹਾਲਤ ਵਿੱਚ ਹਸਪਤਾਲਾਂ ਵਿੱਚ ਦਾਖ਼ਲ ਹੁੰਦੇ ਹਨ ਅਤੇ ਇਸ ਕਿਸਮ ਦੇ ਰੋਗੀਆਂ ਦੀ ਗਿਣਤੀ ਵੱਧ ਜਾਂਦੀ ਹੈ। ਇਸਤੋਂ ਇਲਾਵਾ ਨੱਕ ਤੇ ਗਲੇ ਦੀਆਂ ਬੀਮਾਰੀਆਂ ਦੇ ਨਾਲ ਨਾਲ ਅੱਖਾਂ ਦੀਆਂ ਬੀਮਾਰੀਆਂ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ। ਇਸ ਸੱਮਸਿਆ ਤੇ ਜੇਕਰ ਕਾਬੂ ਨਾ ਪਾਇਆ ਗਿਆ ਤਾਂ ਲੰਦਨ ਸਮਾਗ ਵਾਲੀ ਹਾਲਤ ਪੈਦਾ ਹੋ ਸਕਦੀ ਹੈ ਜਿਸ ਵਿੱਚ ਹਜ਼ਾਰਾਂ ਲੋਕ ਮਰ ਗਏ ਸੀ। ਉਪਰੋਕਤ ਗੈਸਾਂ ਦੀ ਮਾਤਰਾ ਹਵਾ ਵਿੱਚ ਵਧਣ ਦੇ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਜਿਸਦੇ ਨਾਲ ਧਰਤੀ ਉੱਪਰ ਸਾਰੀ ਜੀਵ ਪ੍ਰਣਾਲੀ ਤੇ ਮਾੜਾ ਅਸਰ ਪੈ ਰਿਹਾ ਹੈ।
ਜੱਥੇ ਦੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਦਸਿਆ ਕਿ ਹਵਾ ਵਿੱਚ ਕਾਰਬਨ ਤੱਤ ਲਟਕਦੇ ਰਹਿੰਦੇ ਹਨ ਤੇ ਪਾਣੀ ਦੀਆਂ ਬੂੰਦਾਂ ਉਹਨਾ ਦੇ ਆਲੇ ਦੁਆਲੇ ਜਮਾਂ ਹੋ ਜਾਂਦੀਆਂ ਹਨ। ਇਸਨੂੰ ਸਮਾਗ ਆਖਦੇ ਹਾਂ। ਇਹ ਸਿਹਤ ਲਈ ਅਤੀ ਹਾਨੀਕਾਰਕ ਹੈ। ਉਹਨਾਂ ਨੇ ਸੰਨ ੧੯੫੦ ਵਿੱਚ ਲੰਦਨ ਵਿੱਚ ਇਸੇ ਕਿਸਮ ਦੀ ਸਮਾਗ ਦੇ ਕਾਰਨ ੩੫੦੦ ਮੌਤਾਂ ਦਾ ਹਵਾਲਾ ਦਿੱਤਾ। ਸਾਡੀ ਸਿਹਤ ਲਈ ਹਵਾ ਵਿੱਚ ਲਟਕਦੇ ਸਾਹ ਲੈਣ ਯੋਗ ਤੱਤਾਂ ਦੀ ਮਾਤਰਾ ੬੦ ਜਪੇਠ੩ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਪਰਾਲੀ ਸਾੜਨ ਵੇਲੇ ਇਹ ਕਈ ਗੁਣਾਂ ਵੱਧ ਜਾਂਦੀ ਹੈ। ਇਸੇ ਤਰਾਂ ਜੀ ਐਮ ਫ਼ਸਲਾਂ, ਮੱਨੁਖੀ ਸਿਹਤ ਤੇ ਪਰਭਾਵਾਂ ਦੀ ਲੰਮੀ ਜਾਂਚ ਤੋਂ ਬਿਨਾਂ ਬੀਜਣਾ ਤੇ ਆਮ ਵਰਤੋਂ ਵਿੱਚ ਲੈ ਕੇ ਆਣਾ ਸਹੀ ਨਹੀਂ ਹੈ। ਖੋਜਬੀਨ ਤੋਂ ਪਤਾ ਚਲਦਾ ਹੈ ਕਿ ਇਹਨਾਂ ਫ਼ਸਲਾਂ ਦਾ ਚੂਹਿਆਂ ਦੀ ਸਿਹਤ ਤੇ ਬੁਰਾ ਪਰਭਾਵ ਪੈਂਦਾ ਹੈ। ਜੀ ਐਮ ਫ਼ਸਲਾਂ ਨੂੰ ਅੱਗੇ ਲੈ ਕੇ ਆਉਣ ਵਾਲੀਆਂ ਕੰਪਨੀਆਂ ਕਹਿੰਦੀਆਂ ਹਨ ਕਿ ਇਹ ਜਲਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦੀਆਂ। ਪਰ ਇਹ ਵੀ ਪਾਇਆ ਗਿਆ ਹੈ ਕਿ ਜੇਕਰ ਇਹਨਾਂ ਨੂੰ ਰੋਗ ਲੱਗ ਜਾਣ ਤਾਂ ਉਹਨਾਂ ਦਾ ਇਲਾਜ ਆਮ ਦਵਾਈਆਂ ਨਾਲ ਨਹੀਂ ਹੁੰਦਾ ਤੇ ਇਹਨਾਂ ਕੰਪਨੀਆਂ ਵਲੋਂ ਬਣਾਈਆਂ ਦਵਾਈਆਂ ਹੀ ਦੇਣੀਆਂ ਪੈਣਗੀਆਂ। ਇਸਦਾ ਲਾਭ ਅਖ਼ੀਰ ਕਿਸਾਨਾਂ ਨੂੰ ਨਾਂ ਹੋ ਕੇ ਮਾਨਸੈਂਟੋ ਵਰਗੀਆਂ ਕੰਪਨੀਆਂ ਨੂੰ ਹੋਵੇਗਾ।
ਆਪਣੇ ਭਾਸ਼ਨ ਵਿੱਚ ਖੇਤੀ ਟੈਕਨੋਕਰੇਟ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਕਿਹਾ ਕਿ ਫ਼ਸਲਾਂ ਦੀ ਇਸ ਰਹਿੰਦ ਖੂੰਦ ਨੂੰ ਖੇਤਾਂ ਵਿੱਚ ਦਬਾ ਦੇਣ ਨਾਲ ਜਿੱਥੇ ਜ਼ਮੀਨ ਵਿੱਚ ਜੀਵਕ ਮਾਦੇ ਵਿੱਚ ਵਾਧਾ ਹੁੰਦਾ ਹੈ ਉਥੇ ਫ਼ਸਲਾਂ ਨੂੰ ਮਿਲਣਯੋਗ ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ ਅਤੇ ਘੁਲਣਸ਼ੀਲ ਲੂਣਾ ਦੀ ਮਾਤਰਾ ਵਿੱਚ ਵੀ ਵਾਧਾ ਹੁੰਦਾ ਹੈ ਤੇ ਨਾਲ ਹੀ ਹਾਨੀਕਾਰਕ ਉੱਲੀਆਂ ਅਤੇ ਕੀਟਾਣੂਆਂ ਦਾ ਵਿਕਾਸ ਵੀ ਰੁਕਦਾ ਹੈ। Àਹਨਾ ਨੇ ਕਿਹਾ ਕਿ ਸਾਡੀਆਂ ਜ਼ਮੀਨਾ ਵਿੱਚ ਚੀਨ ਦੀਆਂ ਜ਼ਮੀਨਾ ਦੇ ਮੁਕਾਬਲੇ ਜੀਵਕ ਮਾਦਾ ਦਸਵਾਂ ਹਿੱਸਾ ਹੈ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਫ਼ਸਲਾਂ ਦੀ ਕਟਾਈ ਤੋਂ ਬਾਦ ਬਚੇ ਹਿੱਸੇ ਜਿਸਨੂੰ ਅਸੀਂ ਰਹਿੰਦ ਖੂੰਦ ਆਖਦੇ ਹਾਂ, ਹੁਣ ਫ਼ਾਲਤੂ ਦੀ ਚੀਜ਼ ਨਾ ਰਹਿ ਕੇ ਸਾਡੇ ਕੁਦਰਤੀ ਸੋਮੇ ਬਣ ਗਏ ਹਨ ਅਤੇ ਇਹਨਾ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕਣਕ ਤੇ ਝੋਨੇ ਦੀ ਕਟਾਈ ਉਪਰੰਤ ਨਾੜ ਤੇ ਪਰਾਲੀ ਨੂੰ ਅੱਗ ਲਗਾÀਣ ਦੇ ਨਾਲ ਇੱਕ ਲੱਖ ਟਨ ਨਾਈਟ੍ਰੋਜਨ ਕੇਵਲ ਪੰਜਾਬ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੇ ਹਨ ਜਿਸਦੇ ਨਾਲ ਇਕੱਲਾ ਪੰਜਾਬ ਹੀ ੧੦੦ ਕਰੋੜ ਰੁਪੈ ਦੀ ਨਾਈਟ੍ਰੋਂਜਨ ਹਰ ਸਾਲ ਵਿਅਰਥ ਗੁਆ ਦਿੰਦਾ ਹੈ। ਲਘੂ ਤੱਤਾਂ ਦੇ ਨੁਕਸਾਨ ਤੋਂ ਇਲਾਵਾ ਜ਼ਮੀਨ ਹੇਠਲੇ ਲਾਭਦਾਇਕ ਜੀਵਾਂ ਦਾ ਵੀ ਨੁਕਸਾਨ ਹੁੰਦਾ ਹੈ। ਉਹਨਾਂ ਨੇ ਆਖਿਆ ਕਿ ਮਸ਼ੀਨਾ ਦੁਆਰਾ ਫ਼ਸਲਾਂ ਦੀ ਕਟਾਈ ਨੇ ਪਰਾਲੀ ਸਾੜਨ ਦੀ ਪ੍ਰਥਾ ਵਿੱਚ ਵਾਧਾ ਕੀਤਾ ਹੈ। ਇਸ ਲਈ ਅਜਿਹੀਆਂ ਮਸ਼ੀਨਾ ਇਜਾਦ ਕਰਨ ਦੀ ਲੋੜ ਹੈ ਜਿਹੜੀਆਂ ਸਸਤੀਆਂ ਵੀ ਹੋਣ ਤੇ ਉਹਨਾ ਦੇ ਨਾਲ ਅਗਲੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਵੀ ਨਾ ਹੋਵੇ। ਉਹਨਾ ਹਵਾ ਵਿਚਲੀ ਨਾਈਟ੍ਰੋਜਨ ਨੂੰ ਫ਼ਸਲਾਂ ਦੀਆਂ ਜੜਾਂ ਰਾਹੀਂ ਜ਼ਮੀਨ ਵਿੱਚ ਜਮਾ ਕਰਨ ਬਾਰੇ ਖੋਜ ਦੀ ਲੋੜ ਤੇ ਬਲ ਦਿੱਤਾ। ਇਹਨਾ ਪੱਖਾਂ ਵੱਲ ਵਧੇਰੇ ਤਵੱਜੋ ਦੇ ਕੇ ਹੀ ਅਸੀਂਂਂ ਕਿਸਾਨਾ ਨੂੰ ਅਜੋਕੀ ਖੇਤੀ ਦੇ ਮੌਂਜੂਦਾ ਸੰਕਟ ਵਿੱਚੋਂ ਨਿਜਾਤ ਦਿਲਾ ਸਕਦੇ ਹਾਂ। ਉਹਨਾਂ ਨੇ ਇਹ ਵੀ ਦੱਸਿਆ ਕਿ ਪਰਾਲੀ ਨੂੰ ਉਦਯੋਗਾਂ ਵਿੱਚ ਇੱਕ ਵਧੀਆ ਬਾੱਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸਤੋਂ ਤੇਲ ਵੀ ਕੱਢਿਆ ਜਾ ਸਕਦਾ ਹੈ।
ਜੱਥੇ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਦੱਸਿਆ ਕੇ ਅਗਿਆਨਤਾ ਤੇ ਗਲਤ ਧਾਰਨਾਵਾਂ ਦੇ ਕਾਰਨ ਬਹੁਤ ਸਾਰੇ ਕਿਸਾਨ ਪਰਾਲੀ ਨੂੰ ਸਾੜਦੇ ਹਨ ਜਦੋਂ ਕਿ ਇਸਦਾ ਸਭ ਤੋਂ ਮਾੜਾ ਪ੍ਰਭਾਵ ਉਹਨਾ ਤੇ ਖ਼ੁਦ ਹੀ ਪੈਂਦਾ ਹੈ। ਉਹਨਾ ਨੇ ਕਿਹਾ ਕਿ ਜੱਥਾ ਆਪਣੇ ਵਿੱਤ ਮੁਤਾਬਕ ਇਹ ਸੁਨੇਹਾ ਪਿੰਡ ਪਿੰਡ ਪੁਚਾਏਗਾ। ਉਹਨਾ ਅੱਗੇ ਕਿਹਾ ਕਿ ਜੇਕਰ ਅਸੀਂ ਪਰਾਲੀ ਨੂੰ ਸਾੜਨਾ ਬੰਦ ਨਹੀਂ ਕਰਾਂਗੇ ਤਾਂ ਅਉਣ ਵਾਲੇ ਸਮੇਂ ਵਿੱਚ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਘਟ ਜਾਏਗੀ। ਜੱਥੇ ਦੇ ਜੱਥੇਬੰਦਕ ਸਕੱਤਰ ਸ਼੍ਰੀ ਮਨਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਜੱਥਾ ਪਿਛਲੇ ੨੧ ਸਾਲਾਂ ਤੋਂ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨ ਵਿੱਚ ਲੱਗਾ ਹੈ। ਇਸ ਵਿਸ਼ੇ ਤੇ ਵਿਗਿਆਨਕ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਕਮੇਟੀਆਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾ ਪ੍ਰਸ਼ਾਸਨ ਤੋਂ ਇਸ ਵਿਸ਼ੇ ਤੇ ਆਪਣੇ ਫ਼ਰਜ਼ ਨੂੰ ਪਛਾਨਣ ਦੀ ਆਸ ਪ੍ਰਕਟ ਕੀਤੀ।
ਇਸ ਪ੍ਰੇਸ ਕਾਨਫ਼ਰੰਸ ਵਿੱਚ ਆÂ ਐਮ ਏ ਵਲੋਂ ਡਾ ਕੁਲਵੰਤ ਸਿੰਘ, ਸਕੱਤਰ ਡਾ ਸੁਭਾਸ਼ ਸਿੰਗਲਾ, ਡਾ ਰਾਜ ਕੁਮਾਰ ਸ਼ਰਮਾ ਤੇ ਜੱਥੇ ਵਲੋਂ ਡਾ ਗੁਰਪ੍ਰੀਤ ਰਤਨ, ਸ਼੍ਰੀਮਤੀ ਗੁਰਚਰਨ ਕੋਚਰ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਇੱਦਰਜੀਤ ਸਿੱਘ ਸੋਢੀ ਕ੍ਰਿਸ਼ਨ ਲਾਲ ਮਲਿਕ ਸ਼ਾਮਿਲ ਹੋਏ।

No comments: