Monday, October 28, 2013

ਗੁਰੂ ਰਾਮਦਾਸ ਲੰਗਰ ਲਈ ਨਵਾਂ ਸ਼ੈੱਡ

Mon, Oct 28, 2013 at 5:30 PM
ਜਥੇਦਾਰ ਅਵਤਾਰ ਸਿੰਘ ਨੇ ਕੀਤਾ ਨਵੇਂ ਸ਼ੈੱਡ ਦਾ ਉਦਘਾਟਨ ਕੀਤਾ
ਬਾਬਾ ਲਾਭ ਸਿੰਘ ਤੇ ਬਾਬਾ ਹਰਭਜਨ ਸਿੰਘ 'ਭਲਵਾਨ' ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ 
ਅੰਮ੍ਰਿਤਸਰ-28 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ):ਸ੍ਰੀ ਗੁਰੂ ਰਾਮਦਾਸ ਲੰਗਰ ਲਈ ਬਾਬਾ ਲਾਭ ਸਿੰਘ ਕਾਰਸੇਵਾ ਤੇ ਬਾਬਾ ਹਰਭਜਨ ਸਿੰਘ ਭਲਵਾਨ ਕਾਰਸੇਵਾ ਕਿਲਾ ਅਨੰਦਗੜ੍ਹ ਵਾਲਿਆਂ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਨਵੇਂ ਸ਼ੈੱਡ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਵੱਲੋਂ ਕੀਤੀ ਗਈ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੀ.ਵੀ. ਚੈਨਲਾਂ ਦੇ ਰਿਪੋਟਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਲਾਭ ਸਿੰਘ ਕਾਰਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਨੂੰ ਇਸ ਸ਼ੈੱਡ ਦੀ ਸੇਵਾ ਸੌਂਪੀ ਗਈ ਸੀ ਜਿਨ੍ਹਾਂ ਨੇ ਤਕਰੀਬਨ ਪੰਜ ਮਹੀਨਿਆਂ 'ਚ ਇਸ ਨੂੰ ਤਿਆਰ ਕੀਤਾ ਹੈ। ਇਸ ਦੀ ਤਿਆਰੀ ਸਮੇਂ ਪ੍ਰਦੂਸ਼ਣ ਬਾਰੇ ਖਾਸ ਖਿਆਲ ਰੱਖਿਆ ਗਿਆ ਹੈ। ਚਾਰ ਲੋਹਾਂ ਪ੍ਰਸ਼ਾਦੇ ਤਿਆਰ ਕਰਨ ਤੇ ਚਾਰ ਭੱਠੀਆਂ ਦਾਲਾਂ ਸਬਜੀਆਂ ਤਿਆਰ ਕਰਨ ਲਈ ਹਨ। ਭੱਠੀਆਂ ਦੇ ਅੱਗੇ ਵੇਸਟਜ਼ ਅੱਗ ਨਾਲ 250 ਲੀਟਰ ਦੀ ਸਮਰੱਥਾ ਦੀਆਂ ਪਾਣੀ ਗਰਮ ਕਰਨ ਲਈ ਟੈਂਕੀਆਂ ਲਗਾਈਆਂ ਗਈਆਂ ਹਨ, ਇਹਨਾਂ ਭੱਠੀਆਂ ਦਾ ਧੂੰਆਂ ਨਿਕਲਣ ਵਾਲੀਆਂ ਦੋ ਚਿਮਨੀਆਂ ਨਾਲ ਵੀ 700-700 ਲੀਟਰ ਦੀ ਸਮਰੱਥਾ ਵਾਲੀਆਂ ਪਾਣੀ ਦੀਆਂ ਟੈਕੀਆਂ ਲਗਾਈਆਂ ਗਈਆਂ ਹਨ ਇਸ ਤਰ੍ਹਾਂ ਇਹਨਾਂ ਚਾਰ ਭੱਠੀਆਂ ਤੇ ਦਾਲਾਂ ਤਿਆਰ ਕਰਨ ਦੇ ਨਾਲ-ਨਾਲ ਇੱਕੋਂ ਸਮੇਂ ਤਕਰੀਬਨ 24 ਸੌ ਲੀਟਰ ਪਾਣੀ ਵੀ ਗਰਮ ਹੋਵੇਗਾ। ਇਹਨਾਂ ਭੱਠੀਆਂ ਦੇ ਚੱਲਣ ਨਾਲ ਜਿਹੜੀ ਦਾਲ ਸਬਜ਼ੀ ਤਿਆਰ ਕਰਨ ਲਈ ਪਹਿਲਾਂ ਜੇਕਰ 4 ਘੰਟੇ ਦਾ ਸਮਾਂ ਲੱਗਦਾ ਸੀ ਹੁਣ ਇਸ ਸੁਵਿਧਾ ਨਾਲ ਉਹ ਕੰਮ ਅੱਧੇ ਸਮੇਂ 'ਚ ਹੋਵੇਗਾ।
ਉਹਨਾਂ ਅੱਗੇ ਦੱਸਿਆ ਕਿ ਲੋਹਾਂ ਦੇ ਉਪਰ ਧੂੰਆਂ ਨਿਕਲਣ ਲਈ ਬਣਾਈ ਗਈ ਚਿਮਨੀ ਦੇ ਉੱਪਰ ਪਾਣੀ ਵਾਲੀ ਟੈਂਕੀ ਲਗਾਈ ਗਈ ਹੈ ਜਿਹੜਾ ਧੂਆਂ ਚਿਮਨੀ ਤੋਂ ਬਾਹਰ ਆਵੇਗਾ ਉਹ ਵੀ ਪ੍ਰਦੂਸ਼ਣ ਰਹਿਤ ਹੀ ਹੋਵੇਗਾ।ਉਹਨਾਂ ਬਾਬਾ ਲਾਭ ਸਿੰਘ, ਬਾਬਾ ਹਰਭਜਨ ਸਿੰਘ ਭਲਵਾਨ ਤੇ ਬਾਬਾ ਸਤਨਾਮ ਸਿੰਘ ਕਾਰਸੇਵਾ ਕਿਲਾ ਆਨੰਦਗੜ੍ਹ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਦੇ ਸਹਾਰੇ ਅਤੇ ਮੋਬਾਈਲ ਫੋਨਾਂ ਰਾਹੀਂ ਐਸ.ਐਮ.ਐਸ. ਕਰਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੰਦੀ-ਛੋੜ ਦਿਵਸ (ਦਿਵਾਲੀ) ਮਨਾਉਣ ਦੀ ਮਨਾਹੀ ਹੈ।ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਮਨ ਘੜਤ ਖਬਰਾਂ ਵੱਲ ਧਿਆਨ ਨਾ ਦੇਣ ਤੇ ਬਿਨਾ ਰੋਕ-ਟੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੁੰਮ-ਹੁੰਮਾ ਕੇ ਪਹੁੰਚਣ ਤੇ ਬੰਦੀ-ਛੋੜ ਦਿਵਸ (ਦਿਵਾਲੀ) ਮਨਾਉਣ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਰਾਮ ਸਿੰਘ, ਸ.ਹਰਜਾਪ ਸਿੰਘ ਸੁਲਤਾਨਵਿੰਡ, ਸ.ਮਿੱਠੂ ਸਿੰਘ, ਸ.ਜਗਸੀਰ ਸਿੰਘ ਮਾਂਗੇਆਣਾ ਤੇ ਸ.ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਨਜੀਤ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਬਿਜੈ ਸਿੰਘ, ਸ.ਜਸਪਾਲ ਸਿੰਘ, ਸ.ਜਗਜੀਤ ਸਿੰਘ, ਸ.ਗੁਰਚਰਨ ਸਿੰਘ ਘਰਿੰਡਾ, ਸ.ਪਰਮਜੀਤ ਸਿੰਘ ਸਰੋਆ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ, ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ,  ਬਾਬਾ ਮੇਜਰ ਸਿੰਘ ਵਾਂ, ਬਾਬਾ ਹਰੀਦੇਵ ਸਿੰਘ ਈਸਾਪੁਰ  ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

No comments: