Wednesday, October 09, 2013

ਅੰਮ੍ਰਿਤਸਰ ਹੋਵੇਗਾ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ-ਸੁਖਬੀਰ

ਪੰਜਾਬ ਸਰਕਾਰ ਵਲੋਂ ਸ਼ਹਿਰ ਲਈ ਕੁੱਲ 2039 ਕਰੋੜ ਰੁਪੈ ਦੇ ਪ੍ਰਾਜੈਕਟ ਸ਼ੁਰੂ
*ਅੰਮ੍ਰਿਤਸਰ ਦੇ ਵਿਕਾਸ ਲਈ ਕੁੱਲ 2039 ਕਰੋੜ ਰਪੈ ਦੇ ਪ੍ਰਾਜੈਕਟ ਮਨਜ਼ੂਰ
*ਅੰਮ੍ਰਿਤਸਰ ਹੋਵੇਗਾ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ-ਸੁਖਬੀਰ
*ਅੰਮ੍ਰਿਤਸਰ ਦੇ ਵਿਕਾਸ ਲਈ ਕੁੱਲ 2039 ਕਰੋੜ ਰਪੈ ਦੇ ਪ੍ਰਾਜੈਕਟ ਮਨਜ਼ੂਰ

ਅੰਮ੍ਰਿਤਸਰ: 9 ਅਕਤੂਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ ਬਿਊਰੋ): - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ, ਕਿ ਅੰਮ੍ਰਿਤਸਰ ਸ਼ਹਿਰ ਨੂੰ ਦੁਨੀਆਂ ਦੇ ਸਰਬੋਤਮ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸ਼ਹਿਰ ਲਈ ਕੁੱਲ 2039 ਕਰੋੜ ਰੁਪੈ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਦੀ ਕਾਇਆ-ਕਲਪ ਕੀਤੀ ਜਾਵੇਗੀ।

ਅੱਜ ਇੱਥੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਨਾਲ ਰਾਮਲੀਲਾ ਸਬੰਧੀ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ, ਕਿ ਅੰਮ੍ਰਿਤਸਰ ਸ਼ਹਿਰ ਵਿਚ ਸੈਰ-ਸਪਾਟਾ ਕੇਂਦਰ ਵਜੋਂ ਉਭਰਨ ਦੀ ਵੱਡੀ ਸਮਰੱਥਾ ਹੈ ਕਿਉਂ ਜੋ ਜਿੱਥੇ ਇਹ ਸ਼ਹਿਰ ਧਾਰਮਿਕ ਪੱਖੋਂ ਸਿੱਖ ਧਰਮ ਦਾ ਧੁਰਾ ਹੈ ਉੰਥੇ ਦੱਖਣੀ ਏਸ਼ੀਆ ਤੇ ਖਾੜੀ ਦੇ ਦੇਸ਼ਾਂ ਨਾਲ ਵਪਾਰ ਲਈ ਇਹ ਸ਼ਹਿਰ ਗੇਟਵੇਅ ਵੀ ਹੈ। ਉਨ੍ਹਾਂ ਕਿਹਾ, ਕਿ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਜਦਕਿ ਵਾਹਗਾ ਸਰਹੱਦ, ਗੋਬਿੰਦਗੜ੍ਹ ਕਿਲੇ, ਜਲਿਆਵਾਲਾ ਬਾਗ ਤੇ ਦੁਰਗਿਆਣਾ ਮੰਦਿਰ ਵਿਖੇ ਵੀ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਸ਼ਹਿਰ ਦੀ ਦਿੱਖ ਬਦਲਣ ਦਾ ਕੰਮ ਚੱਲ ਰਿਹਾ ਹੈ।

ਸ. ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਹਮਣੇ ਗੋਲਡਨ ਟੈਂਪਲ ਪਲਾਜ਼ਾ ਦਾ ਕੰਮ 78 ਕਰੋੜ ਰੁਪਏ ਦੀ  ਲਾਗਤ ਨਾਲ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜਿਸਦੀ ਪਹਿਲੀ ਮੰਜ਼ਿਲ ਇਸ ਸਾਲ ਦਿਵਾਲੀ ਤੱਕ ਮੁਕੰਮਲ ਹੋ ਜਾਵੇਗੀ। ਇਸੇ ਤਰਾਂ ਰਾਮਤੀਰਥ ਵਿਖੇ ਵਾਲਮੀਕ ਤੀਰਥ ਦਾ ਨੀਂਹ ਪੱਥਰ 18 ਅਕਤੂਬਰ ਨੂੰ ਰੱਖਿਆ ਜਾ ਰਿਹਾ ਹੈ, ਜਿਸ 'ਤੇ 115 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਦਾ ਕੰਮ ਵੀ ਜਾਰੀ ਹੈ। ਇਸ ਦੇ ਨਾਲ-ਨਾਲ ਵਾਹਗਾ ਸਰਹੱਦ ਵਿਖੇ ਆਉਣ ਵਾਲੇ ਸੈਲਾਨੀਆਂ ਲਈ ਵੱਡੀ ਪਾਰਕਿੰਗ ਬਨਾਉਣ ਦੀ ਤਿਆਰੀ ਵੀ ਜਾਰੀ ਹੈ।   

ਸ. ਬਾਦਲ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਹੈ, ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਉੱਘੀਆਂ ਫਿਲਮੀ ਸਖਸ਼ੀਅਤਾਂ ਤੇ ਹੋਰਨਾਂ ਖੇਤਰਾਂ ਦੀਆਂ ਨਾਮੀ ਹਸਤੀਆਂ ਨੂੰ ਬਰਾਂਡ ਅੰਬੈਸਡਰ ਬਣਾਉਣ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਲਈ ਦੂਜੀ ਵੱਡੀ ਲੋੜ ਹੋਟਲ ਸਨਅਤ ਦੀ ਹੈ, ਜਿਸ ਲਈ ਸੈਰ ਸਪਾਟਾ 'ਤੇ ਆਧਾਰਿਤ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਦੀ ਤਰਜ਼ 'ਤੇ ਹੋਟਲ ਸਨਅਤ ਉਸਾਰਨ ਦੇ ਵੀ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਟਾਟਾ ਤੇ ਹੋਰਨਾਂ ਵੱਡੀਆਂ ਕੰਪਨੀਆਂ ਵਲੋਂ ਹੋਟਲ ਚੇਨ ਉਸਾਰਨ ਦਾ ਐਲਾਨ ਨਾਲ ਇਸ ਸਬੰਧੀ ਸ਼ੁਰੂਆਤ ਹੋ ਚੁੱਕੀ ਹੈ।  

ਸ ਬਾਦਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਕੁੱਲ 2039 ਕਰੋੜ ਰਪੈ ਮਨਜ਼ੂਰ ਕੀਤੇ ਗਏ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ 15 ਫਰਵਰੀ 2014 ਤੱਕ ਬੱਸ ਰੈਪਿਡ ਟਰਾਂਸਿਟ ਸਿਸਟਮ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ 'ਤੇ ਕੁੱਲ 469.54 ਕਰੋੜ ਰੁਪੈ ਦੀ ਲਾਗਤ ਆਵੇਗੀ।  ਇਸ ਤਹਿਤ ਅਗਲੇ ਸਾਲ 16 ਮਈ ਤੱਕ ਸ਼ਹਿਰ ਵਿਚ 150 ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ।  ਠੋਸ ਰਹਿੰਦ ਖੂੰਹਦ ਪ੍ਰਾਜੈਕਟ ਇਸ ਸਾਲ ਦਸੰਬਰ ਤੱਕ ਸ਼ੁਰੂ ਹੋ  ਕੇ ਅਗਲੇ ਸਾਲ 30 ਦਸੰਬਰ  ਤੱਕ ਕੰਮ ਸ਼ੁਰੂ ਕਰ ਦੇਵੇਗਾ।

ਉਨਾਂ ਦੱਸਿਆ ਕਿ ਇਸੇ ਤਰਾਂ ਰਣਜੀਤ ਐਵੀਨਿਊ ਵਿਖੇ 70 ਕਰੋੜੀ ਦੀ ਲਾਗਤ ਨਾਲ ਸਪੋਰਟਸ ਕੰਪਲੈਕਸ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਮਈ 2015 ਤੱਕ ਮੁਕੰਮਲ ਹੋਵੇਗਾ। ਇਸੇ ਤਰ੍ਹਾਂ ਹਾਲ ਗੇਟ ਤੋਂ ਗੋਲਡਨ ਟੈਂਪਲ ਪਲਾਜ਼ਾ ਤੱਕ ਸੁੰਦਰੀਕਰਨ ਦਾ ਕੰਮ 25.30 ਕਰੋੜ ਦੀ ਲਾਗਤ ਨਾਲ ਇਸ ਸਾਲ 30 ਨਵੰਬਰ ਤੋਂ ਸ਼ੁਰੂ ਹੋ ਕੇ ਨਵੰਬਰ 2014 ਤੱਕ ਮੁਕੰਮਲ ਹੋਵੇਗਾ। ਇਸ ਤਰਾਂ ਇੱਥੇ ਵੱਡਾ ਪ੍ਰਦਰਸ਼ਨੀ ਕੇਂਦਰ ਉਸਾਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ, ਜਿੱਥੇ ਕਿ ਕੰਪਨੀਆਂ ਆਪਣੇ ਉਤਪਾਦ ਦੀਆਂ ਨੁਮਾਇਸ਼ ਲਗਾ ਸਕਣਗੀਆਂ।

ਸ. ਬਾਦਲ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਪੰਜਾਬੀ ਵਿਰਸੇ ਦੀ ਝਲਕ ਵਿਖਾਉਣ ਲਈ ਪੰਜਾਬ ਹੈਰੀਟੇਜ਼ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਵੱਲੋਂ ਹੈਰੀਟੇਜ਼ ਪਿੰਡ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੋਬਿੰਦਗ਼ੜ੍ਹ ਕਿਲੇ ਦੇ ਨਵੀਨੀਕਰਨ ਤੇ ਰਾਮ ਬਾਗ ਦੀ ਸਾਂਭ ਸੰਭਾਲ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਕੋਈ ਮੁਸ਼ਿਕਲ ਨਾ ਆਵੇ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਵਿਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ਚਾਰ ਤੋਂ ਛੇ ਮਾਰਗੀ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਿਚ ਪੈਂਦੇ ਪੁੱਲ ਤੇ ਅੰਦਰੂਨੀ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 466 ਥਾਵਾਂ 'ਤੇ ਸੀ.ਸੀ.ਟੀ.ਵੀ ਕੈਮਰੇ ਲਾ ਕੇ ਅੰਮ੍ਰਿਤਸਰ ਨੂੰ ਸੂਬੇ ਦਾ ਪਹਿਲਾ ਸੁਰੱਖਿਅਤ ਸ਼ਹਿਰ ਬਣਾ ਦਿੱਤਾ ਜਾਵੇਗਾ। ਸ. ਬਾਦਲ ਨੇ ਦੱਸਿਆ, ਕਿ ਸ਼ਹਿਰ ਦੇ ਸਾਰੇ ਚੌਕਾਂ ਵਿਚ ਜੰਗੇ ਅਜ਼ਾਦੀ ਦੇ ਸ਼ਹੀਦਾਂ ਦੇ ਵੱਡੇ ਬੁੱਤ ਲਗਾਏ ਜਾ ਰਹੇ ਹਨ।

ਇਸ ਮੌਕੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਹਾਜ਼ਰ ਸਨ। 

No comments: