Friday, October 11, 2013

ਅੰਮ੍ਰਿਤਸਰ: ਮਜ਼ਬੂਰੀ ਨੇ ਮਾਰੀ ਇੱਕ ਹੋਰ ਮਮਤਾ ਵਿਚਾਰੀ

ਪੰਘੂੜੇ 'ਚ ਸੁੱਟੇ ਗਏ ਕੁਲ 71 ਬੱਚਿਆਂ ਵਿੱਚੋਂ 66 ਲੜਕੀਆਂ 
ਅੰਮ੍ਰਿਤਸਰ: 11 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਇਕ ਪਾਸੇ ਜਦੋਂ ਸਦਾ ਪੂਰਾ ਸਮਾਜ ਦੇਸ਼ ਵਿਦੇਸ਼ ਵਿੱਚ ਦੇਵੀ ਦੇ 9 ਰੂਪਾਂ ਦੀ ਪੂਜਾ ਵਾਲਾ ਨਵਰਾਤਰੇ ਦਾ ਪਾਵਨ ਤਿਓਹਾਰ ਮਨਾ ਰਿਹਾ ਸੀ ਉਦੋਂ ਗੁਰੂਆਂ ਪੀਰਾਂ ਵਾਲੀ ਰਾਮ ਤੀਰਥ ਦੀ ਇਸ ਧਰਤੀ ਤੇ ਇੱਕ ਨਵ ਜਨਮੀ ਬੱਚੀ ਨੂੰ ਕਿਸੇ ਮਾਂ ਨੇ ਆਖਿਰੀ ਵਿਦਾ ਆਖ ਕੇ ਰੈਡ ਕ੍ਰਾਸ ਦੇ ਪੰਘੂੜੇ ਵਿੱਚ ਸੁੱਟ ਦਿੱਤਾ ਸੀ। ਕੰਜਕਾਂ ਦੀ ਪੂਜਾ ਦੇ ਇਸ ਮੌਕੇ ਤੇ ਅੰਮ੍ਰਿਤਸਰ ਦੇ ਰੈਡ ਕਰਾਸ ਭਵਨ ‘ਚ ਲੱਗੇ ਪੰਘੂੜੇ ‘ਚ ਇਕ ਮਾਂ ਆਪਣੀ ਬੇਟੀ ਨੂੰ ਛੱਡ ਕੇ ਚਲੀ ਗਈ ਸੀ। ਭਾਵੇਂ ਉਸਦੀ ਮਾਂ ਨੇ ਇਹ ਸਭ ਕੁਝ ਕਿਸੇ ਮਜਬੂਰੀ ਅਧੀਨ ਹੀ ਕੀਤਾ ਹੋਵੇ ਪਰ ਇਹ ਗੱਲ ਇੱਕ ਵਾਰ ਫੇਰ ਸਭ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਸ ਸੰਬੰਧੀ ਰੈੱਡ ਕਰਾਸ ਭਵਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਥੇ ਚਲਾਈ ਗਈ ਪੰਘੂੜਾ ਸਕੀਮ ਉਨ੍ਹਾਂ ਲੋਕਾਂ ਦੇ ਲਈ ਹੈ ਜੋ ਕਿਸੇ ਵੀ ਕਾਰਨਾਂ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਅਤੇ ਸੜਕਾਂ ਦੇ ਕੰਢੇ ਜਾਂ ਫੇਰ ਕਿਸੇ ਝਾੜੀ ਦੇ ਓਹਲੇ ਸੁੱਟ ਦਿੰਦੇ ਹਨ। ਜੇ ਇਹ ਪੰਘੂੜਾ ਇਥੇ ਨਾ ਲੱਗਿਆ ਹੁੰਦਾ ਤਾਂ ਸ਼ਾਇਦ ਇਹ ਬੱਚੀ ਵੀ ਕਿਸੇ ਚਿੰਤਾਜਨਕ ਹਾਲਤ ਵਿੱਚ ਪੈ ਮਿਲਦੀ। ਜ਼ਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬੱਚੀ ਉਨ੍ਹਾਂ ਦੇ ਕੋਲ 30 ਸਤੰਬਰ ਨੂੰ ਆਈ ਸੀ ਅਤੇ ਇਸ ਦਾ ਇਲਾਜ ਕੀਤਾ ਗਿਆ ਕਿਉਂਕਿ ਲੜਕੀ ਕਾਫੀ ਕਮਜ਼ੋਰ ਸੀ। ਸ਼ੁੱਕਰਵਾਰ ਨੂੰ ਇਸ ਬੱਚੀ ਨੂੰ ਚਾਈਲਡ ਕੇਅਰ ਸੈਂਟਰ ‘ਚ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਦੇ ਚਲਾਉਣ ਤੋਂ ਬਾਅਦ ਹੁਣ ਤੱਕ ਰੈੱਡ ਕਰਾਸ ਭਵਨ ‘ਚ ਕੁਲ 71 ਬੱਚੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 66 ਲੜਕੀਆਂ ਅਤੇ 6 ਲੜਕੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਅੱਜ ਅਸੀਂ 21ਵੀਂ ਸਦੀ ‘ਚ ਜੀਅ ਰਹੇ ਹਾਂ ਪਰ ਲੜਕੀਆਂ ਨੂੰ ਇਸ ਤਰ੍ਹਾਂ ਪੰਘੂੜੇ ‘ਚ ਸੁੱਟ ਕੇ ਜਾਣ ਦੀਆਂ ਘਟਨਾਵਾਂ ਸਾਡੇ ਸਮਾਜ ‘ਤੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲ ਨਹੀਂ ਸਕਦਾ ਤਾਂ ਉਹ ਉਨ੍ਹਾਂ ਨੂੰ ਸੁੱਟਣ ਦੀ ਥਾਂ ਸਾਡੀ ਸੰਸਥਾ ਨੂੰ ਦੇਣ। ਸਾਡੀ ਸੰਸਥਾ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ । ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਜੋ ਬੱਚੇ ਲੋਕਾਂ ਨੂੰ ਗੋਦ ਦਿੱਤੇ ਗਏ ਹਨ ਉਹ ਚੰਗੇ ਘਰਾਂ ‘ਚ ਵਧੀਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਮਜ਼ਬੂਰੀ ਨੂੰ ਮਮਤਾ ‘ਤੇ ਹਾਵੀ ਨਾ ਹੋਣ ਦੇਣ ਅਤੇ ਆਪਣੀਆਂ ਬੱਚੀਆਂ ਨੂੰ ਸੜਕਾਂ ਤੇ ਮਰਨ ਦੀ ਥਾਂ ਸਾਡੇ ਪੰਘੂੜੇ ‘ਚ ਛੱਡ ਜਾਣ। ਹੁਣ ਦੇਖਣਾ ਹੈ ਕਿ ਦੇਵੀ ਪੂਜਾ ਦੇ ਇਸ ਪਾਵਨ ਮੌਕੇ 'ਤੇ ਲੋਕਾਂ ਦੀ ਸੋਚ ਕਿੰਨੀ ਕੁ ਬਦਲਦੀ ਹੈ? 

No comments: