Friday, October 18, 2013

ਮਾਮਲਾ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਬੱਸ ਤੇ ਚੜ੍ਹਨ ਤੋਂ ਰੋਕਣ ਦਾ

Fri, Oct 18, 2013 at 3:52 PM
ਅਮਰੀਕਾ 'ਚ ਅਜਿਹਾ ਹੋਣਾ ਬਹੁਤ ਦੁੱਖਦਾਈ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ-18 ਅਕਤੂਬਰ 2013:(ਕਿੰਗ//ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਡੇਵਿਸ ਸਥਿਤ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਦੇ ਵਿਦਿਆਰਥੀ ਸ.ਹਰਸਿਮਰਨ ਸਿੰਘ ਨੂੰ ਸੈਕਰਾਮੈਂਟੋ ਜਾਣ ਲਈ ਐਮਟ੍ਰੇਕ ਬੱਸ ਅੱਡੇ ਤੇ ਅੰਮ੍ਰਿਤਧਾਰੀ ਹੋਣ ਕਾਰਨ ਬੱਸ ਵਿੱਚ ਚੜ੍ਹਨ ਤੋਂ ਬੱਸ ਡਰਾਈਵਰ ਅਤੇ ਸਥਾਨਕ ਪੁਲੀਸ ਵੱਲੋਂ ਰੋਕ ਦੇਣ ਨੂੰ ਬਹੁਤ ਦੁੱਖਦਾਈ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਆਏ ਦਿਨ ਵਿਦੇਸ਼ਾਂ 'ਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਲੀਲ ਕੀਤਾ ਜਾ ਰਿਹਾ ਹੈ, ਜੋ ਠੀਕ ਨਹੀਂ।ਉਹਨਾਂ ਕਿਹਾ ਕਿ ਦਸਮ ਪਿਤਾ ਵੱਲੋਂ ਬਖ਼ਸ਼ਿਸ਼ ਪੰਜ ਕਕਾਰਾਂ ਵਿੱਚੋਂ ਸਿਰੀ ਸਾਹਿਬ ਅਹਿਮ ਕਕਾਰ ਹੈ ਇਸ ਨੂੰ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਿਰੀ ਸਾਹਿਬ ਸਵੈ-ਰੱਖਿਆ ਲਈ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜ ਕਕਾਰਾਂ ਦੀ ਮਹਾਨਤਾ ਤੇ ਸਿੱਖ ਦੀ ਪਹਿਚਾਣ ਬਾਰੇ ਸ਼੍ਰੋਮਣੀ ਕਮੇਟੀ ਆਉਂਦੇ ਸਮੇਂ ਵਿੱਚ ਅਹਿਮ ਉਪਰਾਲੇ ਕਰਨ ਜਾ ਰਹੀ ਹੈ। ਅਮਰੀਕਾ ਦੇ ਯੂਬਾ ਸਿਟੀ 'ਚ ਤਕਰੀਬਨ 14 ਏਕੜ ਜਮੀਨ 'ਚ ਸਿੱਖੀ ਦੇ ਪ੍ਰਚਾਰ ਲਈ ਇੰਟਰਨੈਸ਼ਨਲ ਸਿੱਖ ਸੈਂਟਰ ਇਨਫਰਮੇਸ਼ਨ ਖੋਲਿਆ ਜਾ ਰਿਹਾ ਹੈ, ਜੋ ਸਿੱਖੀ ਦੀ ਪਹਿਚਾਣ ਤੇ ਕਕਾਰਾਂ ਦੀ ਮਹਾਨਤਾ ਬਾਰੇ ਕਾਫੀ ਸਹਾਈ ਹੋਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ ਉਥੇ ਪਹੁੰਚ ਕੇ ਜਾਇਜਾ ਲੈ ਰਿਹਾ ਹੈ।
ਉਨ•ਾਂ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ੀ ਸਰਕਾਰਾਂ ਨਾਲ ਕੂਟਨੀਤਿਕ ਪੱਧਰ ਤੇ ਗੱਲਬਾਤ ਕਰਕੇ ਸਿੱਖਾਂ ਉੱਪਰ ਹੋ ਰਹੇ ਨਸਲੀ ਹਮਲੇ ਤੇ ਕਕਾਰਾਂ ਸਬੰਧੀ ਹੋ ਰਹੀ ਪਰੇਸ਼ਾਨੀ ਦੂਰ ਕਰੇ। ਉਹਨਾਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਉਬਾਮਾ ਨਾਲ ਗੱਲਬਾਤ ਕਰਕੇ ਅੰਮ੍ਰਿਤਧਾਰੀ ਸਿੱਖ ਨੂੰ ਬਸ ਤੇ ਚੜ੍ਹਨ ਤੋਂ ਰੋਕਣ ਵਾਲੇ ਬੱਸ ਡਰਾਈਵਰ ਤੇ ਸਬੰਧਤ ਪੁਲੀਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ।

No comments: