Thursday, October 10, 2013

ਰੈਗੁਲੇਰਾਈਜ਼ੇਸ਼ਨ ਫ਼ੀਸ ਅਤੇ ਪ੍ਰਾਪਰਟੀ ਟੈਕਸ ਦੇ ਵਿਰੁੱਧ ਲੋਕ ਰੋਹ ਗਰਮਾਇਆ

Thu, Oct 10, 2013 at 3:34 PM
ਸੀਪੀਆਈ, ਸੀਪੀਐਮ ਤੇ ਪੀਪੀਪੀ ਦੇ ਸਾਂਝੇ ਮੋਰਚੇ ਵਲੋਂ ਵਿਸ਼ਾਲ ਧਰਨਾ
ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ ਸੰਘਰਸ਼
*ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ 
*ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ 
*ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ
*ਮਹਿੰਗੇ ਭਾਅਵਾਂ ਕਰਕੇ ਪਲਾਟ ਮਕਾਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ
*ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਜੋਰ
ਲੁਧਿਆਣਾ 10 ਅਕਤੂਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਅੱਜ ਸੀ ਪੀ ਆਈ, ਸੀ ਪੀ ਆਈ (ਐਮ) ਤੇ ਪੀ ਪੀ ਪੀ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਕਲੋਨੀਆਂ ਤੇ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਨਾਮ ਤੇ ਆਮ ਲੋਕਾਂ ਤੇ ਭਾਰੀ ਆਰਥਿਕ ਬੋਝ ਪਾਓਣ ਦੇ ਵਿਰੋਧ ਵਿੱਚ  ਮਿੰਨੀ ਸਕੱਤਰੇਤ ਵਿਖੇ ਇੱਕ ਵਿਸ਼ਾਲ ਧਰਨਾ ਆਯੋਜਿਤ ਕੀਤਾ। 

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ  ਕਿ ਸਰਕਾਰਾਂ ਨੇ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ ਜਿਸਦੇ ਕਾਰਨ ਇਸ ਕਿਸਮ ਦੀਆਂ ਅਣਅਧਿਕਾਰਿਤ ਕਲੋਨੀਆਂ ਵਿਕਸਿਤ ਹੋਈਆਂ ਤੇ ਲੋਕਾਂ ਨੂੰ ਮਹਿੰਗੇ ਭਾਅਵਾਂ ਤੇ ਜਗਾਂ ਖਰੀਦਣੀਆਂ ਪਈਆਂ। ਹੁਣ ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ ਜਿਸਦਾ ਫ਼ੈਸਲੇ ਮੁਤਾਬਿਕ ਡੱਟ ਕੇ ਵਿਰੋਧ ਕੀਤਾ ਜਾਏਗਾ। ਇਥੋਂ ਤੱਕ ਕਿ ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ ਅਤੇ ਇਸ ਤਰ੍ਹਾਂ ਮਹਿੰਗੇ ਭਾਅਵਾਂ ਕਰਕੇ ਪਲਾਟਾਂ ਮਕਾਨਾਂ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਆਰਥਿਕ ਤੌਰ ਤੇ ਗਰੀਬ ਲੋਕਾਂ ਲਈ ਕੁੱਝ ਨਹੀਂ ਕੀਤਾ ਸਗੋਂ ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਲੱਗੇ ਹਏ ਹਨ। ਰੋਡਵੇਜ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਮੁੱਖ ਮੰਤਰੀ ਅਤੇ ਉਸਦੇ ਪਰਵਾਰਿਕ ਮੈਬਰਾਂ ਦੀਆਂ ਬੱਸਾਂ ਦਾ ਕਾਫ਼ਲਾ ਦਿਨ ਬ ਦਿਨ ਵਧ ਰਿਹਾ ਹੈ ਜਦੋਂ ਕਿ ਰੋਡਵੇਜ਼ ਨੂੰ ਘਾਟੇ ਵੱਲ ਧੱਕਿਆ ਜਾ ਰਿਹਾ ਹੈ। ਰੈਗੁਲੇਰਾਈਜ਼ੇਸ਼ਨ ਦੇ ਨਾਮ ਦੇ ਥੱਲੇ ਨਵੇਂ ਮਕਾਨਾਂ ਤੇ ਬਿਜਲੀ ਦੇ ਮੀਟਰ ਨਹੀਂ ਲਗਾਏ ਜਾ ਰਹੇ। ਤੇ ਹੁਣ 1995 ਤੋਂ ਪਹਿਲਾਂ ਦੀਆਂ ਕਲੋਨੀਆਂ ਬਾਰੇ ਬਿਆਨ ਦੇ ਕੇ ਸਰਕਾਰ ਦੀ ਧੋਖਾਧੜੀ ਦੀ ਨੀਤੀ ਸ੍ਹਾਮਣੇ ਆ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼  ਜਾਰੀ ਰਹੇਗਾ।

ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਕਾ: ਕਰਤਾਰ ਸਿੰਘ ਬੁਆਣੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਕਾ: ਸੁਖਵਿੰਦਰ ਸੇਖੋਂ - ਸੂਬਾ ਕਮੇਟੀ ਮੈਂਬਰ ਸੀ ਪੀ ਆਈ ਐਮ, ਕਾ ਅਮਰਜੀਤ ਮੱਟੂ-ਜ਼ਿਲ੍ਹਾ ਸਕੱਤਰ ਸੀ ਪੀ ਆਈ ਐਮ, ਡਾ: ਅਰੁਣ ਮਿੱਤਰਾ, ਸ਼੍ਰੀ ਰਾਜੇਸ਼ ਗਾਂਧੀ ਅਤੇ ਸ: ਜਸਕੀਰਤ ਸਿੰਘ ਸਰਗੋਧਾ - ਪੀ ਪੀ ਪੀ ਵਲੋਂ, ਕਾ ਡੀ ਪੀ ਮੌੜ, ਕਾ: ਓ ਪੀ ਮਹਿਤਾ, ਕਾ: ਜਤਿੰਦਰ, ਕਾ: ਜਗਦੀਸ਼, ਕਾ: ਰਮੇਸ਼ ਰਤਨ, ਕਾ: ਵਿਜੈ ਕੁਮਾਰ, ਕਾ: ਮਨਜੀਤ ਸਿੰਘ ਬੂਟਾ,
ਕਾ: ਗੁਰਨਾਮ ਗਿੱਲ,  ਕਾ: ਗੁਰਨਾਮ ਸਿੱਧੂ, ਕਾ: ਰਘਬੀਰ ਸਿੰਘ, ਕਾ ਦੇਵ ਰਾਜ, ਕਾ ਸੁਰਿੰਦਰ, ਕਾ ਰਾਮ ਸਿੰਘ, ਕਾ ਰਣਧੀਰ ਸਿੰਘ

No comments: