Saturday, October 12, 2013

ਪੰਜਾਬ 'ਚ ਕੈਂਸਰ ਦੀ ਰੋਕਥਾਮ ਲਈ ਕੀਤੀ ਅਰਦਾਸ

Sat, Oct 12, 2013 at 3:48 PM
ਗੁਰੂ ਰਾਮਦਾਸ ਜੀ ਮਿਹਰ ਕਰਨ ਕਿ ਪੰਜਾਬ 'ਚ ਕੈਂਸਰ ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫ਼ਲਤਾ ਮਿਲੇ
ਡਾਕਟਰ ਆਰ.ਏ. ਬਦਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ-12 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਗੁਰੂ ਰਾਮਦਾਸ ਜੀ ਮਿਹਰ ਕਰਨ ਕਿ ਪੰਜਾਬ ਵਿੱਚੋੰ ਕੈਂਸਰ ਰੋਗ ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫ਼ਲਤਾ ਮਿਲੇ। ਇਹ ਵਿਚਾਰ ਅੱਜ ਇਥੇ ਟਾਟਾ ਮੈਮੋਰੀਅਲ ਸੈਂਟਰ (ਹਸਪਤਾਲ) ਮੁੰਬਈ ਦੇ ਡਾਇਰੈਕਟਰ ਆਰ.ਕੇ.ਬਦਵੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਉਪਰੰਤ ਕਹੇ। ਉਹਨਾਂ ਦੇ ਨਾਲ ਸ੍ਰੀ ਵਿਮਲ ਸੇਤੀਆ ਐਸ.ਡੀ.ਐਮ. ਵਨ ਅਤੇ ਡਾਕਟਰ ਜੈ.ਸਿੰਘ ਡਿਪਟੀ ਡਾਇਰੈਕਟਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਬਦਵੇ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਏਕਤਾ, ਅਖੰਡਤਾ ਤੇ ਸਾਂਝੀ ਵਾਲਤਾ ਦਾ ਕੇਂਦਰ ਹੈ। ਉਹਨਾਂ ਕਿਹਾ ਕਿ ਏਥੇ ਆ ਕੇ ਹਰ ਇਨਸਾਨ ਦਾ ਹਿਰਦਾ ਰੱਬੀ ਬਾਣੀ ਸੁਣ ਕੇ ਸ਼ਾਂਤ ਹੁੰਦਾ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ। ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਮੁੱਲਾਂਪੁਰ ਵਿੱਚ ਜੋ ਕੈਂਸਰ ਹਸਪਤਾਲ ਖੁਲ੍ਹ ਰਿਹਾ ਹੈ ਉਸਦਾ ਕੰਮ ਬਹੁਤ ਜਲਦ ਮੁਕੰਮਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ 'ਚ ਕੈਂਸਰ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੈਂਸਰ ਨੂੰ ਠੱਲ ਪਾਉਣ ਲਈ ਯਤਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਰਾਜ ਦੇ ਕਿਹੜੇ ਹਿੱਸੇ ਵਿੱਚ ਕਿਸ ਤਰ੍ਹਾਂ ਦੀ ਕੈਂਸਰ ਦੀ ਬਹੁਤਾਤ ਹੈ। ਉਹਨਾਂ ਅੱਗੇ ਕਿਹਾ ਕਿ ਜਿਸ ਮਕਸਦ ਨੂੰ ਮੁੱਖ ਰੱਖ ਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਸ਼ੀਰਵਾਦ ਲੈਣ ਆਏ ਹਾਂ ਸਤਿਗੁਰੂ ਕਰੇ ਕਿ ਉਸ ਮਕਸਦ ਵਿੱਚ ਵੱਡੀ ਪੱਧਰ ਤੇ ਸਫ਼ਲਤਾ ਮਿਲੇ। ਮੇਰੇ ਦੇਸ਼ ਦਾ ਹਰ ਇਨਸਾਨ ਤੰਦਰੁਸਤ ਰਹੇ ਤੇ ਜੋ ਇਸ ਭਿਆਨਕ ਰੋਗ ਤੋਂ ਪੀੜਤ ਹਨ ਉਹਨਾਂ ਨੂੰ ਜਲਦੀ ਅਰੋਗ ਜੀਵਨ ਮਿਲੇ। 
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ.ਦਿਲਜੀਤ ਸਿੰਘ 'ਬੇਦੀ', ਸੂਚਨਾ ਅਧਿਕਾਰੀ ਸ.ਜਸਵਿੰਦਰ ਸਿੰਘ, ਸ.ਹਰਪ੍ਰੀਤ ਸਿੰਘ, ਸ.ਅੰਮ੍ਰਿਤਪਾਲ ਸਿੰਘ ਅਤੇ ਸ.ਸਰਬਜੀਤ ਸਿੰਘ ਵੱਲੋਂ ਡਾਕਟਰ.ਆਰ.ਏ ਬਦਵੇ ਤੇ ਉਹਨਾਂ  ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ.ਵਿਮਲ ਸੇਤੀਆ ਤੇ ਡਾਕਟਰ ਜੈ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਦਾ ਸੈੱਟ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।


No comments: