Thursday, October 03, 2013

ਸੰਗਤ ਦਾ ਦਰਿਆ ’ਚ ਰੁੜ ਜਾਣਾ ਅਫ਼ਸੋਸਨਾਕ- ਜਥੇ:ਅਵਤਾਰ ਸਿੰਘ

Thu, Oct 3, 2013 at 5:01 PM
ਮੁੰਡਾ ਪਿੰਡ (ਤਰਨਤਾਰਨ) ਦੀ ਸੰਗਤ ਨਾਲ ਵਾਪਰਿਆ ਹਾਦਸਾ  
ਮਿਰਤਕਾਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦਾ ਐਲਾਨ 
ਅੰਮ੍ਰਿਤਸਰ:: 03 ਅਕਤੂਬਰ:(ਪੰਜਾਬ ਸਕਰੀਨ ਬਿਊਰੋ):  ਬਿਆਸ ਦਰਿਆ ਦੇ ਕੰਡੇ ਵੱਸੇ ਤਰਨਤਾਰਨ ਜ਼ਿਲੇ ਦੇ ਮੁੰਡਾ ਪਿੰਡ ਤੋਂ ਦਰਿਆ ਪਾਰ ਕਰਕੇ ਭਾਈ ਲਾਲੂ ਜੀ ਡੱਲਾ (ਜਲੰਧਰ) ਵਿਖੇ ਸਲਾਨਾ ਜੋੜ-ਮੇਲੇ ਸਮੇਂ ਮੱਥਾ ਟੇਕਣ ਜਾ ਰਹੇ 16 ਸ਼ਰਧਾਲੂਆਂ ਵਿੱਚੋਂ ਅਚਾਨਕ ਬੇੜੀ ਡੁੱਬਣ ਕਰਕੇ 9 ਸ਼ਰਧਾਲੂਆਂ ਦੇ ਦਰਿਆ ’ਚ ਰੁੜ ਜਾਣ ਦੀ ਵਾਪਰੀ ਦਰਦਨਾਕ ਘਟਨਾ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ  ਸ਼ਰਧਾ ਵੱਸ ਗੁਰੂ ਘਰ ਜਾ ਰਹੇ ਸ਼ਰਧਾਲੂਆਂ ਨਾਲ ਅਚਾਨਕ ਇਸ ਤਰਾਂ ਦੀ ਘਟਨਾ ਵਾਪਰਨੀ ਬੇ-ਹੱਦ ਦੁਖਦਾਈ ਤੇ ਅਸਹਿ ਹੈ। ਉਨਾਂ ਕਿਹਾ ਕਿ ਇਸ ਦੁਖਦਾਈ ਸਮੇਂ ਪ੍ਰਸਾਸ਼ਨ ਤੇ ਲੋਕਾਂ ਦੀ ਹਰੇਕ ਪ੍ਰਕਾਰ ਦੀ ਸਹਾਇਤਾ ਲਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਮੈਨੇਜਰ ਨੂੰ ਹਦਾਇਤ ਕੀਤੀ ਗਈ ਹੈ ਜੋ ਗੁਰਦੁਆਰਾ ਸਾਹਿਬ ਵੱਲੋਂ ਦੋ ਐਂਬੂਲੈਂਸ ਗੱਡੀਆਂ ਸਮੇਤ ਤੁਰੰਤ ਘਟਨਾ ਸਥਾਨ ਤੇ ਪਹੁੰਚ ਚੁੱਕਾ ਹੈ। ਜਿਹੜੇ 9 ਸ਼ਰਧਾਲੂ ਰੁੜ ਕੇ ਲਾਪਤਾ ਹੋਏ ਹਨ। ਉਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹੋਏ ਪ੍ਰੀਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਉਨਾਂ ਕਿਹਾ ਕਿ ਜਿਨਾਂ ਸ਼ਰਧਾਲੂਆਂ ਦਾ ਇਸ ਦੁਖਦਾਈ ਘਟਨਾ ਵਿੱਚ ਸਰੀਰਕ ਤੌਰ ਤੇ ਨੁਕਸਾਨ ਹੋਇਆ ਹੈ ਉਨਾਂ ਦੇ ਵਾਰਸਾ ਤੇ ਦੁੱਖਾਂ ਦਾ ਪਹਾੜ ਟੁਟਾ ਹੈ। ਉਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ।

No comments: