Sunday, October 27, 2013

ਸ਼ੇਰਪੁਰ ਲੁਧਿਆਣਾ ਵਿੱਚ ਮਜਦੂਰਾਂ ਨੂੰ ਵੰਡੇ ਗਏ ਲਾਭਕਾਰੀ ਕਾਰਡ

 Sun, Oct 27, 2013 at 3:22 PM
ਇਹ ਲੋਕਾਂ ਦਾ ਪੈਸਾ ਹੈ ਪਰ ਇਸ ਬਾਰੇ ਦੱਸਿਆ ਹੀ ਨਹੀਂ ਜਾਂਦਾ-ਡਾ. ਮਿੱਤਰਾ 
ਲੁਧਿਆਣਾ 27 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਭਾਰਤੀ ਕਮਿਉਨਿਸਟ ਪਾਰਟੀ ਦੇ ਬਜ਼ੁਰਗ ਸਿਰਕੱਢ ਆਗੂ ਕਾ ਇਸਮਾਈਲ ਖ਼ਾਨ ਦੀ ਪਹਿਲ ਅਤੇ ਅਗਵਾਈ ਹੇਠ ਉਸਾਰੀ ਮਜ਼ਦੂਰਾਂ ਤੇ ਹੋਰਨਾਂ ਦੇ ਲਈ ਬਣਵਾਏ ਗਏ ਲਾਭਕਾਰੀ ਕਾਰਡ ਵੰਡਣ ਦੇ ਲਈ ਅੱਜ ਇੱਥੇ ਸ਼ੇਰਪੁਰ ਕਲਾਂ ਦੇ ਗੁਰੂਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਵਿਖੇ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਕਾਮਰੇਡ ਇਸਮਾਈਲ ਨੇ ਦੱਸਿਆ ਕਿ ਕਿਸ ਤਰਾਂ ਉਹਨਾਂ ਨੇ ਘਰੋ ਘਰੀ ਜਾ ਕੇ ਇਹ ਕਾਰਡ ਬਣਵਾਏ ਹਨ। ਇਹਨਾਂ ਕਾਰਡਾਂ ਦੇ ਰਾਹੀਂ ਮਜ਼ਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਲਈ, ਬੱਚਿਆਂ ਦੀ ਪੜ੍ਹਾਈ ਤੇ ਵਿਆਹ ਸ਼ਾਦੀਆਂ ਦੇ ਲਈ ਅਨੇਕਾਂ ਲਾਭ ਹੋਣਗੇ। ਭਾਰਤੀ ਕਮਿਉਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਜਿਵੇਂ ਲੋਕਾਂ ਨੇ ਅਜ਼ਾਦੀ ਲਈ ਸੰਘਰਸ਼ ਕੀਤਾ ਸੀ, ਉਸੇ ਤਰਾਂ ਅੱਜ ਵੀ ਆਪਣੇ ਹੱਕਾਂ ਦੀ ਪਰਾਪਤੀ ਲਈ ਸੰਘਰਸ਼ ਕਰਨੇ ਪੈਣਗੇ। ਪਾਰਟੀ ਦੇ ਸਹਾਇਕ ਸਕੱਤਰ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਲੋਕਾਂ ਵਿੱਚ ਹੀ ਵੰਡਿਆ ਜਾਣਾ ਚਾਹੀਦਾ ਹੈ ਪਰ ਸਰਕਾਰਾਂ ਤੇ ਅਫ਼ਸਰਸ਼ਾਹੀ ਇਹਨਾਂ ਦੇ ਬਾਰੇ ਲੋਕਾਂ ਨੂੰ ਦੱਸਦੀਆਂ ਹੀ ਨਹੀਂ। ਉਹਨਾਂ ਨੇ ਇਸ ਗਰੀਬ ਬਸਤੀ ਵਿੱਚ ਡੈਂਗੂ ਫ਼ੈਲਣ ਦੇ ਖ਼ਤਰੇ ਤੋਂ ਸਾਵਧਾਨ ਕਰਦਿਆਂ ਇੱਥੇ ਮੱਛਰਮਾਰ ਧੂਏਂ ਦੇ ਸਪਰੇ ਕਰਨ ਦੀ ਮੰਗ ਕੀਤੀ ਤੇ ਲੋਕਾਂ ਨੂੰ ਵੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਇਸ ਸਮਾਗਮ ਵਿੱਚ ਇਲਾਕਾ ਦੇ ਕੌਂਸਲਰ ਸ਼੍ਰੀ ਪ੍ਰੇਮ ਸਾਗਰ ਨੇ ਕਾਮਰੇਡ ਇਸਮਾਈਲ ਦੀ ਸ਼ਲਾਘਾ ਕਰਦਿਆਂ ਇਸ ਕਿਸਮ ਦੇ ਉਪਰਾਲੇ ਦੇ ਲਈ ਸਦਾ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਘਟਗਿਣਤੀਆਂ ਦੇ ਲਈ ਸੂਬਾਈ ਕਮਿਸ਼ਨ ਦੇ ਮੈਂਬਰ ਜਨਾਬ ਅਬਦੁਲ ਸ਼ਕੂਰ ਮਾਂਗਟ ਨੇ ਵੀ ਲੋਕਾਂ ਦੇ ਲਾਭ ਲਈ ਸਕੀਮਾਂ ਨੂੰ ਉਹਨਾਂ ਤੱਕ ਪੁਚਾਉਣ ਦੇ ਲਈ ਇੱਕਮੁਠ ਹੋਣ ਦਾ ਸੱਦਾ ਦਿੱਤਾ। ਖੇਤ ਮਜ਼ਦੂਰ ਸਭਾ ਦੇ ਸੂਬਾਈ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਕੀਮ ਬਾਰੇ ਵੇਰਵੇ ਨਾਲ ਜਾਣਕਾਰੀ ਦਿੱਤੀ। ਭਾਰਤੀ ਕਮਿਉਨਿਸਟ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਵੀ ਲੋਕਾਂ ਨੂੰ ਇਸ ਕਿਸਮ ਦੀਆਂ ਮੰਗਾਂ ਦੇ ਲਈ ਵਾਰ ਵਾਰ ਸੰਘਰਸ਼ ਕਰਣ ਦੇ ਲਈ ਪ੍ਰੇਰਿਆ। 

No comments: