Thursday, October 24, 2013

ਮੰਨਾ ਡੇ ਹੁਣ ਸਾਡੇ ਦਰਮਿਆਨ ਨਹੀਂ ਰਹੇ

94 ਸਾਲਾਂ ਦੀ ਉਮਰ ਵਿੱਚ ਲਿਆ ਆਖਿਰੀ ਸਾਹ 
ਮੁੰਬਈ: 24 ਅਕਤੂਬਰ 2013: ਮੁੰਬਈ ਤੋਂ ਆਈ ਬਹੁਤ ਹੀ ਦੁੱਖਦਾਈ ਖਬਰ ਦੇ ਮੁਤਾਬਿਕ ਅਨਗਿਣਤ ਯਾਦਗਾਰੀ ਗੀਤ ਦੇਣ ਵਾਲੇ ਮੰਨਾ ਡੇ ਹੁਣ ਸਾਡੇ ਦਰਮਿਆਨ ਨਹੀਂ ਰਹੇ। ਕੁਝ ਸਮਾਂ ਬੀਮਾਰ ਰਹਿਣ ਮਗਰੋਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੰਨਾ ਡੇ ਦਾ ਵੀਰਵਾਰ ਨੂੰ ਤੜਕੇ ਤੜਕੇ ਦਿਹਾਂਤ ਹੋ ਗਿਆ। ਜਿਕਰਯੋਗ ਹੈ ਕਿ 94 ਸਾਲਾ ਮੰਨਾ ਡੇ ਨੂੰ ਸਾਹ ਲੈਣ ‘ਚ ਤਕਲੀਫ ਅਤੇ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਵੀਰਵਾਰ ਤੜਕੇ 3.45 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਉਹਨਾਂ ਨੂੰ ਚਾਹੁਣ ਵਾਲੇ ਬੇਸ਼ੁਮਾਰ ਲੋਕਾਂ ਦੀ ਸ਼ਰਧਾਂਜਲੀ ਲਈ ਸ਼੍ਰੀ ਡੇ ਦੀ ਮ੍ਰਿਤਕ ਦੇਹ ਨੂੰ ਰਵੀਂਦਰ ਕਲਾ ਖੇਤਰ ‘ਚ ਰੱਖਿਆ ਗਿਆ। ਕੁਝ ਦੇਰ ਮਗਰੋਂ ਉਨ੍ਹਾਂ ਦਾ ਅੰਤਿਮ ਸਸਕਾਰ ਹੇਬਲ ‘ਚ ਦੁਪਹਿਰ ਤੋਂ ਬਾਅਦ 12.45 ਵਜੇ ਕਰ ਦਿੱਤਾ ਗਿਆ। ਸ਼੍ਰੀ ਡੇ ਪਿਛਲੇ ਕੁਝ ਸਾਲਾਂ ਤੋਂ ਇਥੇ ਆਪਣੀ ਧੀ ਕੋਲ ਰਹਿ ਰਹੇ ਸਨ ਜਿਥੇ ਉਨ੍ਹਾਂ ਦੀਆਂ ਵੱਖ-ਵੱਖ ਬੀਮਾਰੀਆਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ। ਹਿੰਦੀ (ਬੰਗਲਾ) ਤਮਿਲ ਅਤੇ ਕੰਨੜ ਫਿਲਮਾਂ ‘ਚ ਚਾਰ ਹਜ਼ਾਰ ਤੋਂ ਵੀ ਵੱਧ ਗੀਤਾਂ ਦੀ ਆਪਣੀ ਆਵਾਜ਼ ਦੇਣ ਵਾਲੇ ਡੇ ਨੂੰ ਸਾਲ 1971 ‘ਚ ਪਦਮਸ਼੍ਰੀ ਅਤੇ ਸਾਲ 2005 ‘ਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਸਾਲ 2007 ‘ਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ। ਅਜਿਹੇ ਮਾਣ ਸਨਮਾਨਾਂ ਦੀ ਲਿਸਟ ਬੜੀ ਲੰਮੀ ਹੈ। ਮਜਦੂਰਾਂ ਦੇ ਤਿਓਹਾਰ ਕਿਰਤ ਦਿਵਸ ਅਰਥਾਤ ਸੰਨ 1919 ਦੀ ਪਹਿਲੀ ਮਈ ਵਾਲੇ ਇਤਿਹਾਸਿਕ ਦਿਨ ਕਲਕੱਤਾ ਵਿੱਚ ਜਨਮ ਲੈਣ ਵਾਲੇ ਮੰਨਾ ਡੇ ਦੀ ਸੰਗੀਤ ਸਾਧਨਾ ਬਹੁਤ ਹੀ ਛੋਟੀ ਉਮਰ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਿਨ-ਬ-ਦਿਨ ਇਸ ਵਿੱਚ ਨਿਖਰ ਆਉਂਦਾ ਗਿਆ। ਉਹਨਾਂ ਦੇ ਗਾਏ ਚਾਰ ਹਜ਼ਾਰ ਗੀਤਾਂ ਵਿੱਚੋਂ ਕੁਝ ਚੋਣਵੇਂ ਗੀਤ ਤੁਸੀਂ ਸੁਣ ਸਕਦੇ ਹੋ ਇਥੇ ਕਲਿੱਕ ਕਰਕੇ। 



No comments: