Sunday, October 06, 2013

ਝੂਠੇ ਵਾਅਦੇ ਕਰਕੇ ਲੋਕਾਂ ਨੂੰ ਧੋਖਾ ਦਿੱਤਾ ਅਕਾਲੀ-ਭਾਜਪਾ ਨੇ: ਦੀਵਾਨ, ਪੱਪੀ

Sun, Oct 6, 2013 at 3:40 PM
ਭਾਰੀ ਟੈਕਸਾਂ ਦੇ ਬੋਝ ਹੇਠਾਂ ਦਬਾ ਦਿੱਤਾ ਗਿਆ ਆਮ ਆਦਮੀ ਨੂੰ
ਲੁਧਿਆਣਾ, 6 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਅਸ਼ੋਕ ਪਰਾਸ਼ਰ ਪੱਪੀ ਨੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ 'ਤੇ ਝੂਠੇ ਵਾਅਦਿਆਂ ਦੇ ਜਰੀਏ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਜਿਸਨੇ ਸੱਤਾ ਹਾਸਿਲ ਕਰਨ ਤੋਂ ਬਾਅਦ ਲੋਕਾਂ ਦੇ ਹਿੱਤ 'ਚ ਕੰਮ ਕਰਨ ਦੇ ਉਲਟ ਪਹਿਲਾਂ ਤੋਂ ਲੋਕਾਂ ਨੂੰ ਮਿਲ ਰਹੀਆਂ ਸੁਵਿਧਾਵਾਂ 'ਤੇ ਵੀ ਤਾਲਾ ਲਗਾ ਦਿੱਤਾ ਤੇ ਹੈ।
ਸਾਊਥ ਬਲਾਕ 1 ਦੇ ਪ੍ਰਧਾਨ ਰਾਕੇਸ਼ ਸ਼ਰਮਾ ਵੱਲੋਂ ਵਾਰਡ ਨੰ. 16, ਸ਼ੇਰਪੁਰ ਖੁਰਦ ਵਿਖੇ ਆਯੋਜਿਤ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀਵਾਨ ਤੇ ਪੱਪੀ ਨੇ ਕਿਹਾ ਕਿ 2012 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਨ ਦੇ ਡਿਪੂਆਂ 'ਚ ਮਿੱਟੀ ਦਾ ਤੇਲ ਮਿਲਿਆ ਕਰਦਾ ਸੀ, ਅਕਾਲੀ ਭਾਜਪਾ ਗਠਜੋੜ ਮੁੜ ਤੋਂ ਸੱਤਾ 'ਚ ਆਉਂਦਿਆਂ ਹੀ ਕੇਂਦਰ ਨੂੰ ਇਸ ਸੁਵਿਧਾ ਨੂੰ ਬੰਦ ਕਰਨ ਵਾਸਤੇ ਲਿੱਖ ਦਿੱਤਾ ਤੇ ਕਿਹਾ ਕਿ ਇਥੇ ਸਾਰਿਆਂ ਦੇ ਕੋਲ ਗੈਸ ਕੁਨੈਕਸ਼ਨ ਹਨ। ਜਦਕਿ ਸਰਕਾਰ ਦੇ ਇਸ ਫੈਸਲੇ ਨੇ ਦੂਜੇ ਸੂਬਿਆਂ ਤੋਂ ਇਥੇ ਆ ਕੇ ਵੱਸਣ ਵਾਲੇ ਪ੍ਰਵਾਸੀਆਂ ਨੂੰ ਖੁਲ੍ਹੇ ਬਜ਼ਾਰ ਤੋਂ ਕਰੀਬ 54 ਰੁਪਏ ਪ੍ਰਤੀ ਲੀਟਰ ਮਿੱਟੀ ਦਾ ਤੇਲ ਖ੍ਰੀਦਣ 'ਤੇ ਮਜ਼ਬੂਰ ਕਰ ਦਿੱਤਾ ਹੈ। ਪੰਜਾਬ 'ਚ ਪਟਰੋਲ ਤੇ ਡੀਜ਼ਲ 'ਤੇ ਗੁਆਂਢੀ ਸੂਬਿਆਂ ਤੋਂ 8 ਪ੍ਰਤੀਸ਼ਤ ਵੱਧ ਵੈਟ ਵਸੂਲਿਆ ਜਾਂਦਾ ਹੈ। ਜਿਸ ਨਾਲ ਅਕਾਲੀ ਭਾਜਪਾ ਸਰਕਾਰ ਦਾ ਗਰੀਬ ਵਿਰੋਧੀ ਚੇਹਰਾ ਸਾਹਮਣੇ ਆ ਚੁੱਕਾ ਹੈ।
ਵਿਕਾਸ ਕਾਰਜਾਂ ਨੂੰ ਲੈ ਕੇ ਗਠਜੋੜ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਉਹਨਾਂ ਨੇ ਕਿਹਾ ਕਿ ਜਿਸ ਸਰਕਾਰ ਦੇ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ ਤੇ ਰੋਜ਼ਾਨਾ ਦਾ ਖਰਚਾ ਵੀ ਕੇਂਦਰ ਤੋਂ ਆਉਣ ਵਾਲੀਆਂ ਗ੍ਰਾਂਟਾਂ ਤੇ ਉਧਾਰੀ ਦੇ ਪੈਸਿਆਂ ਰਾਹੀਂ ਚੱਲਦਾ ਹੈ, ਉਸ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਗੱਲ ਕਰਨਾ ਬੇਮਾਨੀ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ 'ਚ ਮੈਟ੍ਰੋ ਚਲਾਉਣ ਸਬੰਧੀ ਕੀਤਾ ਦਾਅਵਾ, ਹੁਣ ਹਵਾ ਹੋ ਚੁੱਕਾ ਹੈ। ਇਸੇ ਤਰ੍ਹਾਂ ਪ੍ਰਾਪਰਟੀ ਟੈਕਸ ਤੇ ਗੈਰ ਮਾਨਤਾ ਪ੍ਰਾਪਤ ਕਲੋਨੀਆਂ ਦੇ ਨਿਵਾਸੀਆਂ ਤੋਂ ਵਸੂਲੇ ਜਾ ਰਹੇ ਭਾਰੀ ਰੇਟਾਂ ਨੇ ਲੋਕਾਂ ਦੀ ਜੇਬ੍ਹ ਤੇ ਭਾਰੀ ਬੋਝ ਪਾ ਦਿੱਤਾ ਹੈ, ਮਗਰ ਸ਼ਹਿਰੀਆਂ ਦੀ ਹਮਦਰਦ ਹੋਣ ਦਾ ਦਾਵਾ ਕਰਨ ਵਾਲੀ ਭਾਜਪਾ ਇਸਦੇ ਖਿਲਾਫ ਬੋਲਣ ਲਈ ਤਿਆਰ ਨਹੀਂ ਹੈ।
ਇਸ ਮੌਕੇ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਯੂ.ਪੀ.ਏ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਤੇ ਇਹਨਾਂ ਪ੍ਰਾਪਤੀਆਂ ਬਾਰੇ ਲੋਕਾਂ 'ਚ ਪ੍ਰਚਾਰ ਕਰਨ ਨੂੰ ਕਿਹਾ। ਬਲਾਕ ਪ੍ਰਧਾਨ ਸ਼ਰਮਾ ਨੇ ਭਰੋਸਾ ਦਿੱਤਾ ਕਿ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਕਿਹਾ ਕਿ ਲੋਕ ਯੂ.ਪੀ.ਏ ਸਰਕਾਰ ਦੀ ਲੋਕ ਹਿਤੈਸ਼ੀ ਨੀਤੀਆਂ ਤੋਂ ਬਹੁਤ ਖੁਸ਼ ਹਨ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਵਾਰਡ ਪ੍ਰਧਾਨ ਮੁਹੰਮਦ ਅਸਗਰ ਗੋਰਾ, ਕੇਦਾਰ ਨਾਥ, ਤਾਰਿਕ, ਸਰਬਜੀਤ ਸਰਹਾਲੀ, ਰੋਹਿਤ ਪਾਹਵਾ, ਗੁਰਸਿਮਰਨ ਸਿੰਘ ਮੰਡ, ਮੁਹੰਮਦ ਸਗੀਰ ਕਾਲੀਆ, ਪਰਮਜੀਤ ਗੁੱਜਰ, ਰਾਜੇਸ਼ ਦੱਤਾ, ਐਮ.ਐਸ ਰੰਧਾਵਾ, ਗੁਰਪ੍ਰੀਤ ਸਿੰਘ, ਅਖਤਰ, ਸੁਰਜੀਤ ਸਿੰਘ, ਜਸਵਿੰਦਰ ਮਾਨ, ਬਚਿੱਤਰ ਸਿੰਘ, ਰਵੀ ਭੂਸ਼ਣ, ਬਾਬੂ ਰਾਮ, ਮੁਹੰਮਦ ਅੱਬਾਸ, ਰਾਮ ਆਸਰਾ, ਹਰੀ ਸਿੰਘ ਵੀ ਮੌਜ਼ੂਦ ਰਹੇ।
ਫੋਟੋ: ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਅਸ਼ੋਕ ਪਰਾਸ਼ਰ ਪੱਪੀ ਅਤੇ ਮੌਜ਼ੂਦਗੀ ਦਾ ਦ੍ਰਿਸ਼।

No comments: