Thursday, October 10, 2013

ਨਸ਼ਿਆਂ ਦੀ ਸਮਗਲਿੰਗ ਜਾਰੀ

ਬੀਐਸਐਫ ਵੱਲੋਂ ਇੱਕ ਹੋਰ ਸਫਲਤਾ-26 ਕਿਲੋ ਹੈਰੋਇਨ ਫੜੀ 
ਅੰਮ੍ਰਿਤਸਰ: 10 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਅੱਜ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਰੋਕਣ ਦੇ ਮਾਮਲੇ ਵਿੱਚ ਇੱਕ ਹੋਰ ਸਫਲਤਾ ਆਪਣੇ ਨਾਮ ਦਰਜ ਕਰਦਿਆਂ ਬੀ.ਐਸ.ਐਫ. ਨੇ ਬੀ.ਓ.ਪੀ. ਰਾਜਾਤਾਲ ਨੇੜਿਓਂ ਪਾਕਿਸਤਾਨ ਤੋਂ ਆਈ 26 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਐਕਸ਼ਨ ਦੇ ਦੌਰਾਨ ਦੋ ਮੋਬਾਈਲ ਫੋਨ, ਸਿਮ ਕਾਰਡ ਅਤੇ ਪਾਕਿਸਤਾਨੀ ਸਿਗਰੇਟਾਂ ਵੀ ਮਿਲੀਆਂ ਹਨ।
ਇਸ ਬਾਰੇ ਜਾਣਕਾਰੀ ਦੇਂਦਿਆਂ ਬੀ.ਐਸ.ਐਫ. ਦੇ ਖਾਸਾ ਹੈਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ.ਆਈ.ਜੀ. ਸ੍ਰੀ ਐਮ. ਫਾਰੂਕੀ ਨੇ ਦੱਸਿਆ ਕਿ 9-10 ਅਕਤੂਬਰ ਦੇ ਦਰਮਿਆਨੀ ਰਾਤ ਨੂੰ ਬੀ.ਓ.ਪੀ. ਰਾਜਾਤਾਲ ਵਿਖੇ ਤਾਇਨਾਤ ਬੀ.ਐਸ. ਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਹਲਚਲ ਦੇਖੀ। ਦੋਵੇਂ ਪਾਸੇ ਸਮਗਲਰਾਂ ਦੀ ਹਲਚਲ ਦੇਖ ਕੇ ਜਵਾਨਾਂ ਨੇ ਇਨ੍ਹਾਂ ਨੂੰ ਵੰਗਾਰਿਆ ਪਰ ਉਹ ਇਸਦੇ ਬਾਵਜੂਦ ਲਗਾਤਾਰ ਅੱਗੇ ਵੱਧ ਰਹੇ ਸਨ। ਸਿੱਟੇ ਵਜੋਂ ਬੀ.ਐਸ.ਐਫ. ਦੇ ਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਮਗਰੋਂ ਇਹ ਸਮਗਲਰ ਪਾਕਿਸਤਾਨ ਵਾਲੇ ਪਾਸੇ ਵਾਪਸ ਭੱਜ ਗਏ। ਜਦੋਂ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ ਤਾਂ ਇਥੋਂ ਪਲਾਸਟਿਕ ਦੀ ਇਕ 13 ਫੁੱਟ ਲੰਬੀ ਪਾਈਪ ਬਰਾਮਦ ਹੋਈ, ਜਿਸ ਵਿਚ 23 ਕਿਲੋ ਹੈਰੋਇਨ ਦੇ 23 ਪੈਕੇਟ ਸਨ। ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਅਤੇ ਪਾਕਿਸਤਾਨੀ ਸਿਮ ਕਾਰਡ ਵੀ ਇਸੇ ਥਾਂ ਤੋਂ ਮਿਲਿਆ। ਸਵੇਰ ਸਮੇਂ ਜਦੋਂ ਮੀਡ ਇਸ ਘਟਨਾ ਵਾਲੀ ਥਾਂ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਥੋਂ ਤਿੰਨ ਪੈਕੇਟ ਹੈਰੋਇਨ ਦੇ ਹੋਰ ਅਤੇ ਇਕ ਭਾਰਤੀ ਨੋਕੀਆ ਮੋਬਾਈਲ ਅਤੇ ਭਾਰਤੀ ਸਿਮ ਕਾਰਡ ਵੀ ਬਰਾਮਦ ਹੋਇਆ। ਕੰਡਿਆਲੀ ਤਾਰ ਕੋਲੋਂ ਹੀ ਪਾਕਿਸਤਾਨੀ ਸਿਗਰੇਟਾਂ ਦੀ ਇਕ ਡੱਬੀ ਵੀ ਬਰਾਮਦ ਹੋਈ ਹੈ, ਜੋ ਸ਼ਾਇਦ ਉਸ ਵੇਲੇ ਪਾਕਿਸਤਾਨੀ ਸਮਗਲਰਾਂ ਵਲੋਂ ਵਰਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਬੀਤੀ ਰਾਤ 130 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਮੁੱਲ ਦੀ 26 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪ੍ਰਾਪਤ ਹੋਏ ਮੋਬਾਈਲ ਫੋਨ ਵਿਚ ਜਿਹੜਾ ਪਾਕਿਸਤਾਨੀ ਸਿਮ ਕਾਰਡ ਸੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਿਮ ਕਾਰਡ ਦੀ ਜਾਂਚ ਪੜਤਾਲ ਦੌਰਾਨ ਇਹਨਾਂ ਸਮਗਲਰਾਂ ਦੇ ਹੋਰਨਾਂ ਸੰਪਰਕ ਸੂਤਰਾਂ ਦਾ ਵੀ ਪਤਾ ਲੱਗਣ ਦੀ ਸੰਭਾਵਨਾ ਹੈ। 

No comments: