Friday, October 11, 2013

* ਰਾਹੁਲ ਗਾਂਧੀ ਲੋਕਤੰਤਰੀ ਕਦਰਾਂ ਕੀਮਤਾਂ ਸਿੱਖੇ-ਸੁਖਬੀਰ ਬਾਦਲ

Thu, Oct 10, 2013 at 10:31 PM
ਅਕਾਲੀ-ਭਾਜਪਾ ਸਰਕਾਰ ਨੇ ਹੀ ਫੜੀ ਸਰਹੱਦੀ ਕਿਸਾਨਾਂ ਦੀ ਬਾਂਹ
* 3327 ਕਿਸਾਨਾਂ ਨੂੰ 99 ਲੱਖ 80 ਹਜ਼ਾਰ ਦੇ ਚੈਕ ਵੰਡੇ
* ਕੰਡਿਆਲੀ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਹਰ ਸਾਲ ਮੁਆਵਜ਼ਾ ਦੇਣ ਦਾ ਐਲਾਨ
* 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ  ਨੂੰ ਟਿਊਬਵੈਲ ਕੁਨੈਕਸ਼ਨ ਦੇਣ ਲਈ ਨਵੀਂ ਨੀਤੀ ਦਸੰਬਰ 'ਚ
* ਯੂਥ ਕਾਂਗਰਸ ਦੀ ਅਧਿਕਾਰ ਯਾਤਰਾ ਅਸਲ ਵਿਚ ਅੰਤਿਮ ਯਾਤਰਾ-ਮਜੀਠੀਆ
   
ਅੰਮ੍ਰਿਤਸਰ:10 ਅਕਤੂਬਰ 2013:(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਪੰਜਾਬ ਸਰਕਾਰ ਨੇ ਸਰਹੱਦੀ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਦਾ 99 ਲੱਖ ਰੁਪੈ ਦਾ ਮੁਆਵਜ਼ਾ ਵੰਡਕੇ ਪਿਛਲੇ 10 ਸਾਲਾਂ ਤੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਹੱਕਾਂ ਤੋਂ ਵਿਰਵੇ ਕੀਤੇ ਕਿਸਾਨਾਂ ਦੀ ਬਾਂਹ ਫੜੀ ਹੈ।
ਅੱਜ ਇੱਥੇ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਜ਼ਮੀਨ ਵਾਹੁੰਦੇ 3327 ਕਿਸਾਨਾਂ ਨੂੰ 99 ਲੱਖ ਰੁਪੈ ਦੇ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ 553 ਕਿ.ਮੀ. ਲੰਬੀ ਸਰਹੱਦ ਹੈ ਤੇ ਪੰਜਾਬ ਨੇ ਸਰਹੱਦੀ ਰਾਜ ਹੋਣ  ਦੀ ਵੱਡੀ ਕੀਮਤ ਤਾਰੀ ਹੈ, ਕਿਉਂ ਜੋ 1965 ਤੇ 1971 ਦੀਆਂ ਜੰਗਾਂ ਵੇਲੇ ਪੰਜਾਬੀਆਂ ਨੇ ਹੀ ਦੁਸ਼ਮਣ ਦੇ ਹਮਲੇ ਦਾ ਸਿੱਧਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਰਲੇ ਪਾਸੇ 20,103 ਏਕੜ ਜ਼ਮੀਨ ਹੈ, ਜਿੱਥੇ ਖੇਤੀ ਕਰਨੀ ਬਹੁਤ ਔਖਾ ਹੈ, ਕਿਉਂਕਿ ਅਕਸਰ ਹੀ ਅੱਤਵਾਦੀਆਂ ਦੀ ਘੁਸਪੈਠ ਜਾਂ ਬੀ.ਐਸ.ਐਫ. ਦੀ ਕਾਰਵਾਈ ਵੇਲੇ ਫਸਲਾਂ ਦਾ ਉਜਾੜਾ ਆਮ ਗੱਲ ਹੈ।

ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਇਸੇ ਸਮੱਸਿਆ ਦੇ ਹੱਲ ਲਈ 1997 ਦੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ ਕੋਲੋਂ ਸਰਹੱਦੀ ਕਿਸਾਨਾਂ ਲਈ 2500 ਰੁਪੈ ਪ੍ਰਤੀ ਏਕੜ ਮੁਆਵਜ਼ਾ ਦਿਵਾਉਣਾ ਸ਼ੁਰੂ ਕੀਤਾ ਸੀ, ਪਰ ਯੂ.ਪੀ.ਏ. ਸਰਕਾਰ ਨੇ 2004 ਵਿਚ ਸੱਤਾ ਸੰਭਾਲਦਿਆਂ ਹੀ ਇਸਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਮੁਆਵਜ਼ਾ ਬਹੁਤ ਨਿਗੂਣਾ ਹੈ ਤੇ ਪੰਜਾਬ ਸਰਕਾਰ ਵਲੋਂ ਸਰਹੱਦੀ ਕਿਸਾਨਾਂ ਲਈ 20,000 ਰੁਪੈ ਪ੍ਰਤੀ ਏਕੜ ਦੀ ਮੰਗ ਕੇਂਦਰ ਸਰਕਾਰ ਕੋਲ ਲਗਾਤਾਰ ਉਠਾਈ ਜਾਂਦੀ ਰਹੀ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਆਪਣੇ ਸੀਮਤ ਸਾਧਨਾਂ ਤੋਂ 3000 ਰੁਪੈ ਪ੍ਰਤੀ ਏਕੜ ਮੁਆਵਜ਼ੇ ਦੀ 6 ਸਰਹੱਦੀ ਜਿਲਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ ਤੇ ਫਾਜਿਲਕਾ ਲਈ 6 ਕਰੋੜ ਰੁਪੈ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਹੁਣ ਕੰਡਿਆਲੀ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਹਰ ਸਾਲ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਣ ਦਾ ਫੈਸਲਾ ਅਗਲੀ ਕੈਬਨਿਟ ਮੀਟਿੰਗ ਦੌਰਾਨ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 5 ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਣ ਲਈ ਨਵੀਂ ਨੀਤੀ ਦਸੰਬਰ ਤੱਕ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਸਾਰੇ ਕਿਸਾਨਾਂ ਨੂੰ ਜਨਵਰੀ ਦੇ ਅੰਤ ਤੱਕ ਕੁਨੈਕਸ਼ਨ ਦੇ ਦਿੱਤੇ ਜਾਣਗੇ।

ਸੰਗਰੂਰ ਵਿਖੇ ਪੀ.ਜੀ.ਆਈ. ਦੇ ਸੈਟੇਲਾਇਟ ਕੇਂਦਰ ਦਾ ਨੀਂਹ ਪੱਥਰ ਰੱਖਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸੱਦਾ ਨਾ ਦੇਣ 'ਤੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੇ ਸਬੰਧ ਇਕ ਪ੍ਰੋਟੋਕੋਲ ਤਹਿਤ ਨਿਰਧਾਰਿਤ ਹੁੰਦੇ ਹਨ, ਪਰ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੀ ਸ਼ਹਿ 'ਤੇ ਕੇਂਦਰ ਸਰਕਾਰ ਨੇ ਇਸ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਗਲਤ ਰੀਤ ਪਾਈ ਹੈ। ਉਨ੍ਹਾਂ ਰਾਹੁਲ ਨੂੰ ਸਲਾਹ ਦਿੱਤੀ ਕਿ ਉਹ ਥੋੜੀਆਂ-ਬਹੁਤ ਲੋਕਤੰਤਰੀ ਕਦਰਾਂ ਕੀਮਤਾਂ ਜ਼ਰੂਰ ਸਿੱਖ ਲੈਣ, ਜੋ ਕਿ ਭਵਿੱਖ ਵਿਚ ਉਨ੍ਹਾਂ ਦੇ ਕੰਮ ਆਉਣਗੀਆਂ।

ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਆਪਣੇ ਪਰਿਵਾਰ ਦੀ ਪੰਜਾਬ ਵਿਰੋਧੀ ਸੋਚ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ 84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਨੇ ਹਰ ਸੰਭਵ ਕੋਸ਼ਿਸ਼ ਕਰਕੇ ਬਚਾਇਆ ਹੈ ਉੱਥੇ ਪੰਜਾਬ ਨੂੰ ਹਮੇਸ਼ਾ ਹੀ ਹੱਕਾਂ ਤੋਂ ਵਿਰਵਾ ਕੀਤਾ ਹੈ।

ਇਸ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਹਰ ਜਿਲ੍ਹੇ ਵਿਚ ਘੁੱਦਾ (ਬਠਿੰਡਾ) ਦੀ ਤਰਜ਼ 'ਤੇ ਸਪੋਰਟਸ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸ.ਸੀ. ਤੇ ਘੱਟ ਗਿਣਤੀਆਂ ਦੇ ਬੱਚਿਆਂ ਦੀ ਕਾਲਜ ਪੱਧਰ ਦੀ ਪੜ੍ਹਾਈ ਲਈ ਆਸ਼ੀਰਵਾਦ ਸਕੀਮ ਲਾਗੂ ਕਰ ਦਿੱਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਦੀ ਸਾਰੀ ਫੀਸ ਮਾਫ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੁਣ ਤੱਕ 2.50 ਲੱਖ ਵਿਦਿਆਰਥੀਆਂ ਨੇ ਲਾਭ ਲਿਆ ਹੈ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੀ ਅਧਿਕਾਰ ਯਾਤਰਾ ਅਸਲ ਵਿਚ ਅੰਤਿਮ ਯਾਤਰਾ ਹੈ ਕਿਉਂ ਜੋ ਪੰਜਾਬ ਵਿਚੋਂ ਕਾਂਗਰਸ ਦੇ ਸਫਾਏ ਪਿੱਛੋਂ ਹੁਣ ਕੇਂਦਰ ਵਿਚੋਂ ਯੂ.ਪੀ.ਏ. ਦੇ ਜਾਣ ਦਾ ਵੇਲਾ ਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ 'ਤੇ ਵਰਦਿਆਂ ਸ. ਮਜੀਠੀਆ ਨੇ ਕਿਹਾ ਕਿ ਉਹ ਜਦੋਂ ਪੰਜਾਬ ਹੁੰਦੇ ਹਨ ਤਾਂ ਸਰਹੱਦੀ ਖੇਤਰ ਲਈ ਵਿਸ਼ੇਸ਼ ਪੈਕੇਜ਼ ਦੇਣ ਦੀ ਮੰਗ ਦਾ ਢੌਂਗ ਰਚਦੇ ਹਨ, ਪਰ ਸ਼ੰਭੂ ਬਾਰਡਰ ਟੱਪਦਿਆਂ ਹੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਗੇ ਉਨ੍ਹਾਂ ਦੇ ਬੁੱਲ੍ਹ ਸੀਤੇ ਜਾਂਦੇ ਹਨ। ਉਨÎ੍ਹਾਂ ਕਿਹਾ ਕਿ ਜੇਕਰ ਸ. ਬਾਜਵਾ ਸੱਚਮੁੱਚ ਹੀ ਪੰਜਾਬ ਦੇ ਕਿਸਾਨਾਂ ਦੇ ਹਮਦਰਦ ਹਨ ਤਾਂ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਪੰਜਾਬ ਦੇ ਸਾਰੇ  ਲੋਕ ਸਭਾ ਹਲਕਿਆਂ ਲਈ ਵੀ ਅਮੇਠੀ ਤੇ ਰਾਏ ਬਰੇਲੀ ਹਲਕਿਆਂ ਦੇ ਬਰਾਬਰ ਦਾ ਸਲੂਕ ਹੋਣਾ ਯਕੀਨੀ ਬਣਵਾਉਣ। ਪੰਜਾਬ ਦੇ 8  ਕਾਂਗਰਸੀ ਸੰਸਦ ਮੈਂਬਰਾਂ ਨੂੰ ਮਿੱਟੀ ਦੇ ਬਾਵੇ ਦੱਸਦਿਆਂ ਸ. ਮਜੀਠੀਆ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਪ੍ਰਤੀਨਿਧੀਆਂ ਨੂੰ ਹੀ ਚੁਣਨ ਜੋ ਸੰਸਦ ਵਿਚ ਜਾ ਕੇ ਉਨ੍ਹਾਂ ਦੀ ਆਵਾਜ ਬਣਨ।

ਉਨ੍ਹਾਂ ਕਿਹਾ ਕਿ ਕਿੰਨੀ ਮੰਦਭਾਗੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਕ ਸਿੱਖ  ਹਨ ਜੋ ਕਿ ਅੰਮ੍ਰਿਤਸਰ ਨਾਲ ਸਬੰਧਿਤ ਹਨ, ਪਰ ਉਹ ਪੰਜਾਬ ਦੇ ਭਲੇ ਲਈ ਕੁਝ ਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੀ ਡੋਰ ਗਾਂਧੀ ਪਰਿਵਾਰ ਦੇ ਹੱਥ ਹੈ। ਉਨ੍ਹਾਂ ਮੰਗ ਕੀਤੀ ਕਿ ਸਰਹੱਦ ਦੇ ਨਾਲ 11 ਫੁੱਟੀ ਸੜਕ , ਕੰਡਿਆਲੀ ਤਾਰ ਤੇ ਬੀ.ਐਸ.ਐਫ. ਦੀਆਂ ਚੌਂਕੀਆਂ ਹੇਠ ਆਈ ਜ਼ਮੀਨ ਦਾ ਮੁਆਵਜ਼ਾ ਦੇਣ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰਲੇ ਕਿਸਾਨਾਂ ਦੇ ਹਰ ਪਰਿਵਾਰ ਦੇ ਇਕ-ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ।  

ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਸਰਹੱਦੀ ਖੇਤਰ ਦੇ ਵਿਕਾਸ ਤੇ ਲੋਕ ਭਲਾਈ ਤੋਂ ਇਲਾਵਾ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਦਲੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ, ਹਰਮੀਤ ਸਿੰਘ ਸੰਧੂ, ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ, ਵਿਧਾਇਕ ਮਨਜੀਤ ਸਿੰਘ ਮੰਨਾ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ ,ਸਾਬਕਾ ਸੰਸਦ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਡੀ.ਸੀ ਰਵੀ ਭਗਤ ਮੁੱਖ ਤੌਰ 'ਤੇ ਹਾਜ਼ਰ ਸਨ। 

No comments: