Thursday, October 10, 2013

ਸੜਕ ਹਾਦਸੇ ਵਿੱਚ 20 ਮੌਤਾਂ 40 ਜ਼ਖਮੀ

ਅਜੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ
ਹੁਸ਼ਿਆਰਪੁਰ: 10 ਅਕਤੂਬਰ 2013 (ਪੰਜਾਬ ਸਕਰੀਨ ਬਿਊਰੋ)- ਸੜਕ ਹਾਦਸਿਆਂ ਵਿੱਚ ਅਨਮੋਲ ਜਾਨਾਂ ਜਾਣ ਦਾ ਸਿਲਸਿਲਾ ਜਾਰੀ ਹੈ। ਲਗਾਤਾਰ ਟੋਲ ਟੈਕਸ ਵਧਾਉਣ ਵਾਲੀਆਂ ਸਰਕਾਰਾਂ ਸ਼ਾਇਦ ਏਸ ਪਾਸੇ ਕਦੇ ਵੀ ਗੰਭੀਰ ਨਹੀਂ ਹੋਈਆਂ। ਕਿਸੇ ਥਾਂ ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਕਿਸੇ ਥਾਂ ਸੜਕ ਛੋਟੀ ਜਾਂ ਟੁੱਟੀ ਹੁੰਦੀ ਹੁੰਦੀ ਹੈ। ਹੁਣ ਇੱਕ ਹੋਰ ਦੁਖਦਾਈ ਹਾਦਸਾ ਵਾਪਰਿਆ ਹੈ ਹੁਸ਼ਿਆਰਪੁਰ ਵਿੱਚ। ਮੁਢਲੀਆਂ ਰਿਪੋਰਟਾਂ ਅਨੁਸਾਰ ਇਸ ਸੜਕ ਹਾਦਸੇ ‘ਚ 20 ਮੌਤਾਂ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਘਟੋਘੱਟ 40 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੇ ਟਰੱਕ ਦੀ ਬ੍ਰੇਕ ਅਚਾਨਕ ਹੀ ਫੇਲ ਹੋ ਗਈ ਜਿਸ ਕਾਰਨ ਟਰੱਕ ਖੱਡ ‘ਚ ਜਾ ਡਿੱਗਿਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਬਹੁਤ ਕਈਆਂ ਨੂੰ ਮੁਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਜਦਕਿ ਗੰਭੀਰ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਵੇਵੇ ਦੀ ਉਡੀਕ ਹੈ। ਟਾਟਾ 407 ਵਾਲੇ ਇਸ ਟਰੱਕ ਵਿੱਚ 70 ਤੀਰਥ ਯਾਤਰੀ ਸਵਾਰ ਸਨ। ਇਹ ਹਾਦਸਾ ਹੁਸ਼ਿਆਰਪੁਰ ਤੋਂ ਕਰੀਬ 15-16 ਕਿਲੋਮੀਟਰ ਦੂਰ ਪਿੰਡ ਮੰਗੂਵਾਲ ਵਿੱਚ ਦੇਰ ਰਾਤ ਨੂੰ ਵਾਪਰਿਆ। ਰਾਤ ਦੇ ਹਨੇਰੇ ਕਰਨ ਸਮਸਿਆ ਹੋਰ ਵੀ ਵਧ ਗਈ ਪਰ ਇਸਦੇ ਬਾਵਜੂਦ ਆਲੇ ਦੁਆਲੇ ਦੇ ਲੋਕਾਂ ਅਤੇ ਪੁਲਿਸ ਦੇ ਜਵਾਨਾਂ ਨੇ ਖੱਡ ਵਿੱਚ ਡਿੱਗੇ ਟਰੱਕ ਦੀਆਂ ਸਵਾਰੀਆਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਅਜੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਵੀ ਹੈ। ਕੁਝ ਸਵਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਡ੍ਰਾਈਵਰ ਬਹੁਤ ਹੀ ਲਾਪਰਵਾਹੀ ਨਾਲ ਬਸ ਚਲਾ ਰਿਹਾ ਸੀ। ਸਵਾਰੀਆਂ ਨੇ ਉਸਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਵੀ ਪਰ ਉਸਨੇ ਇਹ ਗੱਲ ਅਣਸੁਣੀ ਕਰ ਦਿੱਤੀ। ਇਸ ਤਰ੍ਹਾਂ  ਦੀ ਲਾਪਰਵਾਹੀ ਨੇ ਕਈ ਵਾਰ ਹਾਦਸੇ ਕਰਾਏ ਅਤੇ ਕਈ ਘਰਾਂ ਦੇ ਚਿਰਾਗ ਬੁਝਾਏ ਪਰ ਸੈਰ ਸਪਾਟੇ ਤੋਂ ਆਮਦਨ ਲੈਣ ਵਾਲੀਆਂ ਸਰਕਾਰਾਂ ਅਤੇ ਸ਼ਰਧਾਲੂਆਂ ਤੋਂ ਚੜ੍ਹਾਵੇ ਦੇ ਰੂਪ ਵਿੱਚ ਪੈਸੇ ਕਮਾਉਣ ਵਾਲੇ ਪ੍ਰਬੰਧਕ ਇਸ ਪਾਸੇ ਲਗਾਤਾਰ ਉਦਾਸੀਨ ਬਣੇ ਹੋਏ ਹਨ। ਜਦੋਂ ਤੱਕ ਖਤਰਿਆਂ ਭਰੇ ਅਜਿਹੇ ਪਹਾੜੀ ਸੜਕ ਮਾਰਗਾਂ ਵਾਲੇ ਰੂਟਾਂ ਤੇ  ਏਹੋ ਜਿਹੇ ਡ੍ਰਾਈਵਰ ਬਸਾਂ ਟਰੱਕ ਅਤੇ ਕਾਰਾਂ ਚਲਾਉਂਦੇ ਰਹਿਣਗੇ ਉਦੋਂ ਤੱਕ ਅਜਿਹੇ ਹਾਦਸੇ ਵੀ ਹੁੰਦੇ ਰਹਿਣਗੇ। ਇਸ ਗੱਲ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਡ੍ਰਾਈਵਰ ਇਸ ਖੇਤਰ ਵਿੱਚ ਕਦੋਂ ਆਇਆ ਅਤੇ ਉਸ ਕੋਲ ਕਿੰਨਾ ਕੁ ਤਜਰਬਾ ਸੀ। ਇਹਨਾਂ ਰੂਟਾਂ ਤੇ ਜਾਣ ਵਾਲੇ ਡ੍ਰਾਇਵਰਾਂ ਲਈ ਉਚੇਚੀ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ।  

No comments: