Thursday, September 12, 2013

ਭਾਰਤੀ ਕਮਿਉਨਿਸਟ ਪਾਰਟੀ ਵਲੋਂ ਜਨ ਸੰਪਰਕ ਮੁਹਿੰਮ ਜਾਰੀ

 ਅੱਜ ਜੱਥਾ ਰਵਾਨਾ ਹੋਇਆ ਜਗਰਾਓਂ ਵੱਲ 
ਲੁਧਿਆਣਾ: 12 ਸਤੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਭਾਰਤੀ ਕਮਿਉਨਿਸਟ ਪਾਰਟੀ ਵਲੋਂ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਜਾਰੀ ਰਖਦੇ ਹੋਏ ਜੱਥੇ ਨੇ ਕਈ ਇਲਾਕਿਆਂ ਦਾ ਦੌਰਾ ਕੀਤਾ। ਕਲ੍ਹ  ਬੁਧਵਾਰ 11 ਸਤੰਬਰ 2013 ਨੂੰ ਲੁਧਿਆਣਾ ਵਿੱਚ ਸਲੇਮ ਟਾਬਰੀ, ਖਜੂਰ ਚੌਕ, ਨੂਰਵਾਲਾ ਰੋਡ, ਰਿਸ਼ੀ ਨਗਰ ਤੋਂ ਰੈਲੀਆਂ ਕਰਕੇ ਹੁੰਦੇ ਹੋਏ ਜੱਥਾ ਹੰਬੜਾਂ, ਭੂੰਦੜੀ, ਸਿਧਵਾਂ ਬੇਟ ਤੇ ਬਹਾਦਰ ਕੇ ਪਿੰਡ ਵਿਚ ਗਿਆ ਤੇ ਲੋਕਾਂ ਵਿੱਚ ਜਨਤਕ ਸਮਾਗਮ ਕੀਤੇ। ਇਸਦੀ ਅਗਵਾਈ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਕਰ ਰਹੇ ਸਨ।
ਇਸ ਮੌਕੇ ਤੇ ਬੋਲਦਿਆਂ ਕਾਮਰੇਡ ਕਰਤਾਰ ਨੇ ਕਿਹਾ ਕਿ ਭਾਰਤ ਦੀ ਅਰਥਿਕਤਾ ਦਾ ਜਿੰਨਾਂ ਜਲੂਸ ਅੱਜ ਦੁਨੀਆ ਭਰ ਵਿੱਚ ਨਿਕਲ ਰਿਹਾ ਹੈ, ਉੱਨਾਂ ਕਦੇ ਵੀ ਨਹੀਂ ਹੋਇਆ ਅਤੇ ਦੇਸ਼ ਅੱਜ ਆਰਥਿਕ ਐਮਰਜੈਂਸੀ ਦੇ ਕਿਨਾਰੇ ਤੇ ਖੜਾ ਹੈ। ਅਖੌਤੀ ਉੱਘੇ ਅਰਥ ਸ਼ਾਸਤਰੀ ਪਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਵਿਸ਼ਵ ਬੈਂਕ ਅਤੇ ਕੋਮਾਂਤ੍ਰੀ ਮਾਲੀ ਫ਼ੰਡ ਦੇ ਇਸ਼ਾਰਿਆਂ ਤਹਿਤ ਅਪਣਾਈਆਂ ਗਈਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਕਾਰਨ ਮੌਜੂਦਾ ਹਾਲਾਤ ਬਣੇ ਹਨ। ਭਾਰਤੀ ਕਮਿਉਨਿਸਟ ਪਾਰਟੀ ਪਿਛਲੇ ਦੋ ਦਹਾਕਿਆਂ ਤੋਂ ਲੋਕਾਂ ਨੂੰ ਇਹਨਾਂ ਨੀਤੀਆਂ ਪ੍ਰਤੀ ਸੁਚੇਤ ਕਰਦੀ ਰਹੀ ਹੈ। ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ ਜਿਸ ਕਰਕੇ ਕੇਂਦਰ ਅਤੇ ਸੂਬੇ ਵਿੱਚ ਕਈ ਮੰਤਰੀਆਂ ਨੂੰ ਅਸਤੀਫ਼ੇ ਦੇਣੇ ਪਏ ਤੇ ਕੁਝ ਨੂੰ ਜੇਲ ਦੀ ਹਵਾ ਵੀ ਖਾਣੀ ਪਈ। ਪੈਟ੍ਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਲੋਕਾਂ ਦੀਆਂ ਜੇਬਾਂ ਤੇ ਭਾਰਾ ਪੈ ਰਿਹਾ ਹੈ। ਖਾਣ ਪੀਣ ਦੀਆਂ ਅਮ ਵਸਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ ਤੇ ਲੋਕਾਂ ਦੀ ਵੱਡੀ ਗਿਣਤੀ ਕੁਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਵਿਕਾਸ ਦਰ ਹੁਣ 4.4 ਤੇ ਆ ਡਿਗੀ ਹੈ। ਬੁਲਾਰਿਆਂ ਨੇ ਚਿੰਤਾ ਜ਼ਹਿਰ ਕੀਤੀ ਕਿ ਔਰਤਾਂ ਤੇ ਅਤਿਆਚਾਰ ਦਿਨ ਪ੍ਰਤੀਦਿਨ ਵੱਧ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਜ਼ਾਯਾਫ਼ਤਾ ਮੈਂਬਰਾਂ ਨੂੰ ਬਰਖ਼ਾਸਤ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਚਾਉ ਕਰਨ ਦੇ ਲਈ ਸਾਰੀਆਂ ਪੂੰਜੀਪਤੀ ਪਾਰਟੀਆਂ ਇੱਕ ਮੁੱਠ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦਤਰ ਹੋ ਗਈ ਹੈ। ਰੇਤ ਮਾਫ਼ੀਆ, ਜ਼ਮੀਨੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਨਸ਼ੀਲੀ ਵਸਤਾਂ ਦੇ ਮਾਫ਼ੀਆ ਦੇ ਬੋਲਬਾਲਾ ਹੈ। ਸੂਬੇ ਵਿੱਚ ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਇਮਾਨਦਾਰ ਅਫ਼ਸਰਾਂ ਨੂੰ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਮਹੂਰੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ ਹੈ, ਵਿਰੋਧੀ ਅਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਹੱਕੀ ਮੰਗਾਂ ਲਈ ਘੋਲ ਕਰਦੇ ਲੋਕਾਂ ਨੂੰ ਕੁੱਟਾਪੇ ਚਾੜ੍ਹੇ ਜਾ ਰਹੇ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਬੇਰੋਜ਼ਗਾਰਾਂ ਲਈ ਕੰਮ ਯਾ ਭੱਤਾ, ਪੇਂਡੂ ਗਰੀਬਾਂ ਲਈ ਘਰ, 60 ਸਾਲ ਦੀ ਉਮਰ ਤੇ ਪਹੁੰਚਣ ਤੇ ਲੋੜਵੰਦ ਬਜ਼ੁਰਗਾਂ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਔਰਤਾਂ ਤੇ ਜ਼ਬਰ ਰੋਕਣ, ਸਿਹਤ ਅਤੇ ਵਿੱਦਿਆ ਨੀਤੀ ਵਿੱਚ ਸੁਧਾਰ, ਘੱਟੋਘਟ ਉਜਰਤ ਦਸ ਹਜ਼ਾਰ ਰੁਪਏ ਮਹੀਨਾ ਕਰਨ, ਖੇਤੀ ਉਪਜਾਂ ਦੇ ਲਾਹੇਵੰਦ ਭਾਅ ਦੇਣ ਤੇ ਪ੍ਰਾਈਵੇਟ ਮੰਡੀਕਰਣ ਰੋਕਣ ਦੀ ਮੰਗ ਕੀਤੀ। ਅੱਜ ਇਹ ਜੱਥਾ ਜਗਰਾਓਂ ਇਲਾਕੇ ਵਿੱਚ ਜਾਏਗਾ।

No comments: