Tuesday, September 10, 2013

ਲਾਲ ਝੰਡੇ ਵਾਲਿਆਂ ਨੇ ਫਿਰ ਵਜਾਇਆ ਲੋਕ ਜੰਗ ਦਾ ਬਿਗਲ

Tue, Sep 10, 2013 at 3:53 PM
ਸਰਕਾਰਾਂ ਦੇ ਲੋਕ ਦੋਖੀ ਰਵਈਏ ਵਿਰੁਧ ਸੀਪੀਆਈ ਦੀ ਜਨਸੰਪਰਕ ਮੁਹਿੰਮ ਸ਼ੁਰੂ 
ਲੁਧਿਆਣਾ 10 ਸਿਤੰਬਰ 2013: ( ਰੈਕਟਰ ਕਥੂਰੀਆ//ਪੰਜਾਬ ਸਕਰੀਨ): ਕੋਮਾਂਤ੍ਰੀ ਪੂੰਜੀਪਤੀਆਂ ਦੇ ਪ੍ਰਭਾਵ ਹੇਠ ਕੇਂਦਰ ਅਤੇ ਰਾਜ ਸਰਕਾਰ ਦੀਆਂ ਉਦਾਰੀਕਰਨ, ਨਿਜੀਕਰਨ ਵਿਸ਼ਵੀਕਰਨ ਅਤੇ ਨਿਗਮੀਕਰਨ ਦੀਆਂ ਆਰਥਿਕ ਨੀਤੀਆਂ ਦੇ ਕਾਰਨ ਦਿਨ ਬਦਿਨ ਵੱਧ ਰਿਹਾ ਭ੍ਰਿਸ਼ਟਾਚਾਰ, ਬੇਲਗਾਮ ਮਹਿੰਗਾਈ, ਬੇਰੋਕ ਵੱਧ ਰਹੀ ਬੇਰੋਜ਼ਗਾਰੀ ਦੇ ਖ਼ਿਲਾਫ਼ ਅਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਤੇ ਦਰਮਿਆਨੇ ਉਦਯੋਗਪਤੀਆਂ ਤੇ ਦੁਕਾਨਦਾਰਾਂ ਤੇ ਆਮ ਮਿਹਨਤਕਸ਼ ਲੋਕਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਕੌਮੀ ਮੁਹਿੰਮ ਦੇ ਤਹਿਤ ਪਾਰਟੀ ਦੀ ਲੁਧਿਆਣਾ ਜ਼ਿਲ੍ਹਾ ਇਕਾਈ ਵਲੋਂ ਅੱਜ ਇੱਥੇ ਜਗਰਾਓਂ ਪੁਲ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਤੋਂ ਜਨ ਸੰਪਰਕ ਮੁਹਿੰਮ ਅਰੰਭ ਕੀਤੀ। ਇੱਥੋਂ ਸ਼ੁਰੂ ਕਰਕੇ 10 ਤੋ 20 ਸਿਤੰਬਰ ਤੱਕ ਸਾਰੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਜੱਥਾ ਮਾਰਚ ਕਰ ਕੇ ਜਨ ਚੇਤਨਾ ਪੈਦਾ ਕੀਤੀ ਜਾਏਗੀ। ਇੱਥੇ ਰੈਲੀ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਇਹ ਜਲੂਸ ਨਗਰ ਦੇ ਕੇਂਦਰ ਘੰਟਾਘਰ ਚੌਕ ਤੱਕ ਕੱਢਿਆ ਗਿਆ। ਇਸ ਮੌਕੇ ਤੇ ਮੁਜ਼ਫ਼ਰਨਗਰ ਦੇ ਵਿੱਚ ਵਾਪਰੇ ਫ਼ਿਰਕੂ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਇਹਨਾਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਅਤੇ ਫ਼ਿਰਕਾ ਪਰਸਤ ਪਾਰਟੀਆਂ ਵਲੋਂ ਇਹਨਾਂ ਦੰਗਿਆਂ ਦੀ ਆੜ ਵਿੱਚ ਰਾਜਨੀਤਿਕ ਲਾਹਾ ਲੈਣ ਦੀ ਭਰਪੂਰ ਨਿਖੇਧੀ ਕੀਤੀ। ਉਹਨਾ ਦੋਸ਼ੀਆਂ ਨੂੰ ਫ਼ੌਰੀ ਤੌਰ ਤੇ ਫ਼ੜ ਕੇ ਸਲਾਖ਼ਾਂ ਪਿੱਛੇ ਦੇਣ ਦੀ ਮੰਗ ਕੀਤੀ ਤਾਂ ਕਿ ਅਮਨ ਪਸੰਦ ਆਮ ਸ਼ਹਿਰੀਆਂ ਦੀ ਸੁੱਰਖਿਆ ਯਕੀਨੀ ਬਣਾਈ ਜਾਏ। ਇਸ ਸੰਦਰਭ ਵਿੱਚ ਬੁਲਾਰਿਆ ਨੇ ਲੋਕਾਂ ਨੂੰ ਨਰਿੰਦਰ ਮੋਦੀ ਵਰਗੇ ਫ਼ਿਰਕੂ ਬੰਦੇ ਨੂੰ ਅੱਗੇ ਲਾ ਕੇ, ਅਤੇ ਫ਼ਿਰਕੂ ਭਾਵਨਾਵਾਂ ਭੜਕਾ ਕੇ ਭਾਜਪਾ ਦੀਆਂ ਸੱਤਾ ਹਥਿਆਉਣ ਦੀਆਂ ਕੁਚਾਲਾਂ ਤੋਂ ਸਾਵਧਾਨ ਰਹਿਣ ਲਈ ਕਿਹਾ।
ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੀ ਅਰਥਿਕਤਾ ਦਾ ਜਿੰਨਾਂ ਜਲੂਸ ਅੱਜ ਦੁਨੀਆਂ ਭਰ ਵਿੱਚ ਨਿਕਲ ਰਿਹਾ ਹੈ, ਉੱਨਾਂ ਕਦੇ ਵੀ ਨਹੀਂ ਹੋਇਆ ਅਤੇ ਦੇਸ਼ ਅੱਜ ਆਰਥਿਕ ਐਮਰਜੈਂਸੀ ਦੀਆਂ ਬਰੂਹਾਂ  ਤੇ ਖੜਾ ਹੈ। ਅਖੌਤੀ ਉੱਘੇ ਅਰਥ ਸ਼ਾਸਤਰੀ ਪਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਵਿਸ਼ਵ ਬੈਂਕ ਅਤੇ ਕੋਮਾਂਤ੍ਰੀ ਮਾਲੀ ਫ਼ੰਡ ਦੇ ਇਸ਼ਾਰਿਆਂ ਤਹਿਤ ਅਪਣਾਈਆਂ ਗਈਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਕਾਰਨ ਮੌਜੂਦਾ ਹਾਲਾਤ ਬਣੇ ਹਨ। ਭਾਰਤੀ ਕਮਿਉਨਿਸਟ ਪਾਰਟੀ ਪਿਛਲੇ 2  ਦਹਾਕਿਆਂ ਤੋਂ ਲੋਕਾਂ ਨੂੰ ਇਹਨਾਂ ਨੀਤੀਆਂ ਪ੍ਰਤੀ ਸੁਚੇਤ ਕਰਦੀ ਰਹੀ ਹੈ। ਭਿ੍ਰਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ ਜਿਸ ਕਰਕੇ ਕੇਂਦਰ ਅਤੇ ਸੂਬੇ ਵਿੱਚ ਕਈ ਮੰਤਰੀਆਂ ਨੂੰ ਅਸਤੀਫ਼ੇ ਦੇਣੇ ਪਏ ਤੇ ਕੁਝ ਨੂੰ ਜੇਲ ਦੀ ਹਵਾ ਵੀ ਖਾਣੀ ਪਈ। ਪੈਟ੍ਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਲੋਕਾਂ ਦੀਆਂ ਜੇਬਾਂ ਤੇ ਭਾਰਾ ਪੈ ਰਿਹਾ ਹੈ। ਖਾਣ ਪੀਣ ਦੀਆਂ ਅਮ ਵਸਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਰਹੀਆਂ ਹਨ ਤੇ ਲੋਕਾਂ ਦੀ ਵੱਡੀ ਗਿਣਤੀ ਕੁਪੋਸ਼ਣ ਦਾ ਸ਼ਿਕਾਰ  ਹੋ ਰਹੀ ਹੈ। ਵਿਕਾਸ ਦਰ ਹੁਣ 4.4 ਤੇ ਆ ਡਿਗੀ ਹੈ। ਬੁਲਾਰਿਆਂ ਨੇ ਚਿੰਤਾ ਜ਼ਹਿਰ ਕੀਤੀ ਕਿ ਔਰਤਾਂ ਤੇ ਅਤਿਆਚਾਰ ਦਿਨ ਪ੍ਰਤੀਦਿਨ ਵੱਧ ਰਹੇ ਹਨ। ਦੁੱਖ ਦੀ ਗੱਲ ਹੈ ਕਿ ਸਜ਼ਾਯਾਫ਼ਤਾ ਮੈਂਬਰਾਂ ਨੂੰ ਬਰਖ਼ਾਸਤ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਚਾਉ ਕਰਨ ਦੇ ਲਈ ਸਾਰੀਆਂ ਪੂੰਜੀਪਤੀ ਪਾਰਟੀਆਂ ਇੱਕ ਮੁੱਠ ਹਨ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦਤਰ ਹੋ ਗਈ ਹੈ। ਰੇਤ ਮਾਫ਼ੀਆ, ਜ਼ਮੀਨੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਨਸ਼ੀਲੀ ਵਸਤਾਂ ਦੇ ਮਾਫ਼ੀਆ ਦੇ ਬੋਲਬਾਲਾ ਹੈ। ਸੂਬੇ ਵਿੱਚ ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਇਮਾਨਦਾਰ ਅਫ਼ਸਰਾਂ ਨੂੰ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਮਹੂਰੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ ਹੈ, ਵਿਰੋਧੀ ਅਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਹੱਕੀ ਮੰਗਾਂ ਲਈ ਘੋਲ ਕਰਦੇ ਲੋਕਾਂ ਨੂੰ ਕੁੱਟਾਪੇ ਚਾੜ੍ਹੇ ਜਾ ਰਹੇ ਹਨ। ਉਹਨਾ ਨੇ ਮੰਗ ਕੀਤੀ ਕਿ ਬੇਰੋਜ਼ਗਾਰਾਂ ਲਈ ਕੰਮ ਯਾ ਭੱਤਾ, ਪੇਂਡੂ ਗਰੀਬਾਂ ਲਈ ਘਰ, 60 ਸਾਲ ਦੀ ਉਮਰ ਤੇ ਪਹੁੰਚਣ ਤੇ ਲੋੜਵੰਦ ਬਜ਼ੁਰਗਾਂ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਔਰਤਾਂ ਤੇ ਜ਼ਬਰ ਰੋਕਣ, ਸਿਹਤ ਅਤੇ ਵਿੱਦਿਆ ਨੀਤੀ ਵਿੱਚ ਸੁਧਾਰ, ਘੱਟੋਘਟ ਉਜਰਤ ਦਸ ਹਜ਼ਾਰ ਰੁਪਏ ਮਹੀਨਾ ਕਰਨ, ਖੇਤੀ ਉਪਜਾਂ ਦੇ ਲਾਹੇਵੰਦ ਭਾਅ ਦੇਣ ਤੇ ਪ੍ਰਾਈਵੇਟ ਮੰਡੀਕਰਣ ਰੋਕਣ ਦੀ ਮੰਗ ਕੀਤੀ।
ਪਾਰਟੀ ਦੇ ਸਹਾਇਕ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਸਲੇਮ ਟਾਬਰੀ ਵਿਖੇ ਇੱਕ ਜਲਸਾ ਕੀਤਾ ਜਾਏਗਾ। ਥਲ ਸਵੇਰੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਨੂੰ ਹਾਰ ਪਾਣ ਤੋਂ ਬਾਦ ਰਿਸ਼ੀ ਨਗਰ ਵਿਖੇ ਜਲਸਾ ਕੀਤਾ ਜਾਏਗਾ।          ਡਾ ਅਰੁਣ ਮਿੱਤਰਾ, ਸਹਾਇਕ ਸਕੱਤਰ ਨੇ ਇੱਕ ਮਤੇ ਦੁਆਰਾ ਸੀਰੀਆ ਉੱਪਰ ਹਮਲੇ ਦੀਆਂ ਅਮਰੀਕੀ ਵਿਉਂਤਾਂ ਦੀ ਜ਼ੋਰਦਾਰ ਨਿਖੇਦੀ ਕੀਤੀ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਹੋਰ ਬੁਲਾਰੇ ਸਨ ਕਾਮਰੇਡ ਓ ਪੀ ਮਹਿਤਾ, ਕਾਮਰੇਡ ਰਮੇਸ਼ ਰਤਨ,  ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਪਰਦੀਪ ਸਿੰਘ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਕੁਲਦੀਪ ਸਿੰਘ ਬਿੰਦਰ, ਕਾਮਰੇਡ ਮਨਜੀਤ ਸਿੰਘ ਬੂਟਾ ਆਦਿ।

No comments: