Thursday, September 12, 2013

ਰੋਜ਼ੀ ਰੋਟੀ ਲਈ ਪਰਦੇਸ ਗਏ ਇੱਕ ਹੋਰ ਪੰਜਾਬੀ ਨੌਜਵਾਨ ਦਾ ਕਤਲ

ਪਿੰਡ ਡੱਲਾ ਦੇ ਪਰਮਜੀਤ ਸਿੰਘ ਨੂੰ ਮਨੀਲਾ 'ਚ ਮਾਰੀਆਂ ਗੋਲੀਆਂ 
ਮੌਤ ਦੀ ਖ਼ਬਰ ਕਾਰਨ ਪੂਰੇ ਇਲਾਕੇ ਵਿੱਚ ਛਾਇਆ ਮਾਤਮ 
ਜਗਰਾਉਂ:(ਲੁਧਿਆਣਾ):11 ਸਤੰਬਰ 2013: (ਪੰਜਾਬ ਸਕਰੀਨ):ਰੋਜ਼ੀ ਰੋਟੀ ਅਤੇ ਸਿਰ ਤੇ ਚੜ੍ਹੇ ਕਰਜ਼ੇ ਨੌਜਵਾਨਾਂ ਨੂੰ ਬਾਰ ਬਾਰ ਵਿਦੇਸ਼ੀ ਧਰਤੀ ਤੇ ਜਾਨ ਲਈ ਮਜਬੂਰ ਕਰ ਦੇਂਦੇ ਹਨ। ਇਹਨਾਂ ਚੋਂ ਕਈ ਅਜਿਹੇ ਹਨ ਜਿਹਨਾਂ ਨੂੰ  ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀ ਜਾਨ ਤੋਂ ਹੀ ਹਥ੍ਥ ਧੋਣਾ ਪਿਆ।ਹੁਣ ਪੰਜਾਬ ਦੇ ਇੱਕ ਹੋਰ ਪੁੱਤਰ ਦੀ ਜਾਨ ਲਈ ਗਈ ਹੈ ਮਨੀਲਾ ਵਿੱਚ। ਜਗਰਾਓਂ ਦੇ ਇਲਾਕੇ 'ਚ ਪੈਂਦੇ ਪ੍ਰਸਿਧ ਪਿੰਡ ਡੱਲਾ ਦੇ ਇਕ ਨੌਜਵਾਨ ਪਰਮਜੀਤ ਸਿੰਘ ਉਰਫ ਪੰਮਾਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੰਮਾ ਨੂੰ ਕਤਲ ਕੀਤੇ ਜਾਣ ਦੀ ਸੂਚਨਾ ਦੇਰ ਸ਼ਾਮ ਨੂੰ ਉਸਦੇ ਮਨੀਲਾ ਰਹਿੰਦੇ ਇੱਕ ਭਰਾ ਨੇ ਹੀ ਦਿੱਤੀ। ਕਾਬਿਲ-ਏ-ਜ਼ਿਕਰ ਹੈ ਕਿ ਪਰਮਜੀਤ ਸਿੰਘ ਉਰਫ ਪੰਮਾ ਤਕਰੀਬਨ ਸਾਢੇ ਕੁ ਤਿੰਨ ਸਾਲ ਪਹਿਲਾਂ ਮਨੀਲਾ ਗਿਆ ਸੀ, ਜਿਸ ਦਾ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਿੰਡ ਡੱਲਾ ਵਿੱਚ ਇਸ ਹਿਰਦੇਵੇਧਕ ਘਟਨਾ ਦੀ ਖ਼ਬਰ ਪੁੱਜਦਿਆਂ ਹੀ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਅਤੇ ਲੋਕਾਂ ਨੇ ਵੱਡੀ ਗਿਣਤੀ 'ਚ ਪਰਮਜੀਤ ਸਿੰਘ ਦੇ ਘਰ ਪੁੱਜ ਕੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਪਰਮਜੀਤ ਸਿੰਘ ਆਪਣੇ ਛੋਟੇ ਭਰਾ ਸਰਬਜੀਤ ਸਿੰਘ ਕੋਲ ਮਨੀਲਾ ਗਿਆ ਹੋਇਆ ਸੀ। ਉਸਦਾ ਛੋਟਾ ਭਰਾ ਸਰਬਜੀਤ ਪਹਿਲਾਂ ਹੀ ਉਥੇ ਰਹਿ ਰਿਹਾ ਸੀ। ਪਰਮਜੀਤ ਸਿੰਘ ਇਸ ਤੋਂ ਪਹਿਲਾਂ ਇਥੇ ਆਪਣੇ ਦੋ ਹੋਰ ਭਰਾਵਾਂ ਨਾਲ ਖੇਤੀਬਾੜੀ  ਦਾ ਧੰਦਾ ਕਰਦਾ ਸੀ ਅਤੇ ਤਿੰਨ ਸਾਲ ਪਹਿਲਾਂ ਖੇਤੀਬਾੜੀ ਦਾ ਧੰਦਾ, ਇਸ ਧੰਦੇ ਦੇ ਨਾਲ ਹੀ ਆਪਣੀ ਜਾਨ ਤੋਂ ਵਧਕੇ ਪਿਆਰੀ ਪਤਨੀ ਤੇ ਦੋ ਬੱਚਿਆਂ ਦੇ ਮੋਹ ਨੂੰ ਛੱਡ ਕੇ ਮਨੀਲਾ ਚਲਾ ਗਿਆ ਸੀ ਤਾਂਕਿ ਚਾਰ ਪੈਸਿਆਂ ਦਾ ਜੁਗਾੜ ਬਣ ਸਕੇ। ਉਸਨੂੰ ਕੁਝ ਹੱਦ ਤੱਕ ਸਫਲਤਾ ਵੀ ਮਿਲੀ ਤੇ ਪਰਮਜੀਤ ਸਿੰਘ ਪੰਮਾ ਹੁਣ ਵਿਦੇਸ਼ 'ਚ ਸਥਾਪਤ ਹੋਣ ਤੋਂ ਬਾਅਦ ਇੱਕ ਵਾਰ ਆਪਣੇ ਪਿਆਰੇ ਵਤਨ ਇੰਡੀਆ ਆਉਣ ਦੀ ਤਿਆਰੀ ਵੀ ਕਰ ਰਿਹਾ ਸੀ। ਬਸ ਗੱਲ ਉਹੀ ਹੋਈ-
ਪਾਸ ਮੰਜ਼ਿਲ ਕੇ ਮੌਤ ਆ ਗਈ;  
ਜਬ ਸਿਰਫ ਦੋ ਕਦਮ ਰਹਿ ਗਏ! 
ਇਧਰ ਪਰਮਜੀਤ ਪੰਮਾ ਭਾਰਤ ਆਉਣ ਦੀ ਤਿਆਰੀ ਵਿੱਚ ਸੀ ਓਧਰੋਂ ਕਿਸੇ ਗੈਂਗ ਨੇ ਉਸਨੂੰ ਕਤਲ ਕਰ ਕੇ ਉਸ ਦਾ ਦੇਸ਼ ਪਰਤਨ ਦਾ ਸੁਪਨਾ ਵੀ ਪੂਰਾ ਨਹੀਂ ਹੋਣ ਦਿੱਤਾ। ਪਰਮਜੀਤ ਸਿੰਘ ਦੀ ਮੌਤ ਦੀ ਖ਼ਬਰ ਉਸ ਦੇ ਭਰਾ ਸਰਬਜੀਤ ਸਿੰਘ ਨੇ ਬੜੇ ਹੀ ਭਰੇ ਮਨ ਨਾਲ ਦਿੱਤੀ। ਪਰਮਜੀਤ ਸਿੰਘ ਆਪਣੇ ਪਿਛੇ ਵਿਆਹੁਤਾ ਪਤਨੀ ਮਨਜਿੰਦਰ ਕੌਰ, ਪੁੱਤਰ ਕਿਰਨਦੀਪ ਸਿੰਘ ਤੇ ਪੁੱਤਰੀ ਲਵਪ੍ਰੀਤ ਕੌਰ ਛੱਡ ਗਿਆ। ਮ੍ਰਿਤਕ ਪਰਮਜੀਤ ਸਿੰਘ ਦੀ ਮਾਤਾ ਮਹਿੰਦਰ ਕੌਰ ਪਿਛਲੇ 10 ਸਾਲਾਂ ਤੋਂ ਪਿੰਡ ਦੀ ਪੰਚ ਚੁਣੀ ਆਉਂਦੀ ਹੈ ਅਤੇ ਇਹ ਪਰਿਵਾਰ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ। ਇਲਾਕੇ ਵਿੱਚ ਹਰਮਨ ਪਿਆਰੇ ਇਸ ਪਰਿਵਾਰ ਨਾਲ ਵਾਪਰੇ ਇਸ ਕਹਿਰ ਨੇ ਇਹ ਸੁਆਲ ਇੱਕ ਵਾਰ ਖੜਾ ਕਰ ਦਿੱਤਾ ਹੈ ਕਿ ਆਖਿਰ ਸਾਡੇ ਨੌਜਵਾਨਾਂ ਨੂੰ ਕਦੋਂ ਤੱਕ ਰੋਜ਼ੀ ਰੋਟੀ ਅਤੇ ਆਰਥਿਕ ਤੰਗੀਆਂ ਕਾਰਨ ਆਪਣਾ ਦੇਸ਼ ਛ੍ਦ੍ੜਨ ਤੇ ਮਜਬੂਰ ਹੋਣਾ ਪਵੇਗਾ?

No comments: