Sunday, September 29, 2013

ਨਵੇਂ ਵੋਟਰਾਂ ਵਿੱਚ ਉਤਸ਼ਾਹ:ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਦਾ ਨਰੀਖਣ

Sun, Sep 29, 2013 at 4:00 PM
ਡਵੀਜ਼ਨਲ ਕਮਿਸ਼ਨਰ ਪਟਿਆਲਾ ਮੰਡਲ-ਕਮ-ਰੋਲ ਆਬਜ਼ਰਵਰ ਸ. ਅਜੀਤ ਸਿੰਘ ਪੰਨੂ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ 
24 ਹਜ਼ਾਰ, 400 ਨਵੇ ਵੋਟਰਾਂ ਨੇ ਭਰੇ ਵੋਟਾਂ ਬਨਾਉਣ ਲਈ ਫਾਰਮ
 ਡਵੀਜ਼ਨਲ ਕਮਿਸ਼ਨਰ ਪਟਿਆਲਾ ਮੰਡਲ-ਕਮ-ਰੋਲ ਆਬਜ਼ਰਵਰ ਸ. ਅਜੀਤ ਸਿੰਘ ਪੰਨੂ, ਬੱਚਤ ਭਵਨ ਲੁਧਿਆਣਾ ਵਿਖੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਨਰੀਖਣ ਕਰਨ ਸਬੰਧੀ ਰਾਜਨੀਤਿਕ ਪਾਰਟੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਲੁਧਿਆਣਾ, 29 ਸਤੰਬਰ 2013 (ਵਿਸ਼ਾਲ//ਪੰਜਾਬ ਸਕਰੀਨ): ਡਵੀਜ਼ਨਲ ਕਮਿਸ਼ਨਰ ਪਟਿਆਲਾ ਮੰਡਲ-ਕਮ-ਰੋਲ ਆਬਜ਼ਰਵਰ ਸ. ਅਜੀਤ ਸਿੰਘ ਪੰਨੂ ਨੇ ਅੱਜ ਇੱਥੇ ਬੱਚਤ ਭਵਨ ਵਿਖੇ 1 ਜਨਵਰੀ 2014 ਦੀ ਯੋਗਤਾ ਨੂੰ ਮੁੱਖ ਰੱਖਦਿਆ ਵੋਟਰ ਸੂਚੀਆਂ ਦੀ ਚੱਲ ਰਹੀ ਸਰਸਰੀ ਸੁਧਾਈ ਦਾ ਨਰੀਖਣ ਕਰਨ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ, ਜਿਲਾ ਚੋਣ ਅਫਸਰ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ, ਸੈਕਟਰ ਅਫਸਰ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ. ਪੰਨੂ ਨੇ ਲੁਧਿਆਣਾ ਜਿਲੇ ਵਿੱਚ ਚੱਲ ਰਹੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਤੇ ਤਸੱਲੀ ਦਾ ਪ੍ਰਗਟਾਵਾਂ ਕੀਤਾ ਅਤੇ ਇਸ ਕੰਮ ਲਈ ਜਿਲੇ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ 18 ਤੇ 19 ਸਾਲ ਦੇ ਨੌਜਵਾਨ ਵਰਗ ਦੀਆ ਵੱਧ ਤੋਂ ਵੱਧ ਵੋਟਾਂ ਬਨਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਨ। ਉਹਨਾਂ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਦੀਆ ਸ਼ਿਕਾਇਤਾਂ ਵੀ ਸੁਣੀਆ। ਕੁਝ ਰਾਜਨੀਤਿਕ ਨੁਮਾਇੰਦਿਆ ਨੇ ਵੋਟਰ ਸੂਚੀਆਂ ਤੇ ਵਾਰਡਾਂ ਦੇ ਨਾਮ ਗਲਤ ਅੰਕਤ ਹੋਣ ਬਾਰੇ ਧਿਆਨ ਵਿੱਚ ਲਿਆਦਾ ਜਿਸ ਸਬੰਧੀ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਨੂੰ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਲਈ ਕਿਹਾ। 

 ਸ. ਪੰਨੂ ਨੇ ਜਿਲੇ ਦੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਦੀ ਜਾਵੇ ਤਾਂ ਜੋ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਤੋਂ ਵਾਂਝਾ ਨਾ ਰਹੇ। ਇਸ ਉਪਰੰਤ ਰੋਲ ਆਬਜ਼ਰਵਰ ਨੇ ਵੱਖ-ਵੱਖ ਬੂਥਾਂ ਤੇ ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਤੋਂ ਲਏ ਜਾ ਰਹੇ ਦਾਅਵੇ ਅਤੇ ਇਤਰਾਜ਼ ਅਤੇ ਨਵੀਂ ਵੋਟ ਬਨਾਉਣ ਵਾਲੇ ਵੋਟਰਾਂ ਦੇ ਫਾਰਮ ਲੈਣ ਦੇ ਕੰਮ ਦਾ ਵੀ ਜ਼ਾਇਜ਼ਾ ਲਿਆ। 
 ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ 5 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਜਿਲੇ ਦੇ 24 ਹਜ਼ਾਰ, 400 ਨਵੇ ਵੋਟਰਾਂ ਨੇ ਵੋਟਾਂ ਬਨਾਉਣ ਲਈ ਫਾਰਮ ਭਰੇ ਹਨ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਿਲੇ ਵਿੱਚ ਸਥਾਪਤ ਕੀਤੇ ਗਏ 2623 ਪੋਲਿੰਗ ਬੂਥਾਂ ਤੇ ਬੂਥ ਲੈਵਲ ਅਫਸਰ ਤਾਇਨਾਤ ਕੀਤੇ ਗਏ ਹਨ। ਉਹਨਾਂ ਇਹਨਾਂ ਅਫਸਰਾਂ ਨੁੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਵਿਅਕਤੀ ਦੀ ਵੋਟ ਕੱਟਣ ਤੋਂ ਪਹਿਲਾ ਉਸ ਨੂੰ ਨੋਟਿਸ ਜ਼ਾਰੀ ਕਰਕੇ ਪੂਰੀ ਕਾਨੂੰਨੀ ਪ੍ਰਕ੍ਰਿਆ ਤੋਂ ਬਾਅਦ ਹੀ ਕੱਟੀ ਜਾਵੇ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਨਵੀਂ ਵੋਟ ਬਨਾਉਣ ਲਈ ਪਹਿਚਾਣ ਵੱਜੋਂ ਜੇਕਰ ਕਿਸੇ ਵਿਅਕਤੀ ਕੋਲ ਅਧਾਰ ਕਾਰਡ ਨਹੀ ਹੈ ਅਤੇ ਉਸ ਨੇ ਅਧਾਰ ਕਾਰਡ ਬਨਾਉਣ ਲਈ ਅਰਜ਼ੀ ਦਿੱਤੀ ਹੋਈ ਹੈ ਤਾਂ ਉਸ ਦਾ ਈ.ਆਈ.ਡੀ ਨੰਬਰ ਨੂੰ ਹੀ ਸਬੂਤ ਵੱਜੋ ਲਿਆ ਜਾਵੇ। ਉਹਨਾਂ ਰੋਲ ਆਬਜ਼ਰਬਰ ਨੂੰ ਭਰੋਸਾ ਦਿਵਾਇਆ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ ਕਿਸੇ ਵੀ ਤਰ•ਾਂ ਦੀ ਢਿੱਲ-ਮਿੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਹਨਾਂ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 4 ਅਕਤੂਬਰ ਤੱਕ ਅਪਣੇ ਨੇੜੇ ਦੇ ਬੂਥ ਤੇ ਜਾ ਕੇ ਆਪਣੀ ਵੋਟ ਬਨਾਉਣ ਲਈ ਫਾਰਮ ਭਰ ਕੇ ਦੇਣ। ਉਹਨਾਂ ਸਕੂਲਾਂ ਅਤੇ ਕਾਲਜ਼ਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ 18 ਤੇ 19 ਸਾਲ ਦੇ ਨੌਜਵਾਨਾਂ ਨੂੰ ਵੋਟ ਬਨਾਉਣ ਵਾਸਤੇ ਉਹਨਾਂ ਨੂੰ ਵਿਸ਼ੇਤੌਰ ਤੇ ਪ੍ਰੇਰਿਤ ਕਰਨ। 
 ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ. ਜਗਦੇਵ ਸਿੰਘ ਗੋਹਲਵੜੀਆ, ਸੀ.ਪੀ.ਆਈ.ਐਮ ਦੇ ਸ. ਅਮਰਜੀਤ ਸਿੰਘ ਮੱਠੀ, ਸ੍ਰੀ ਦੇਵ ਰਾਜ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਸੰਦੀਪ ਕਪੂਰ ਐਡਵੋਕੇਟ, ਸੀ.ਪੀ.ਆਈ ਦੇ ਸ੍ਰੀ ਰਮੇਸ਼ ਰਤਨ, ਐਨ.ਸੀ.ਪੀ ਦੇ ਸ੍ਰੀ ਪਿਊਸ਼ ਚੱਡਾ, ਇੰਡੀਅਨ ਨੈਸ਼ਨਲ ਕਾਗਰਸ ਦੇ ਸ੍ਰੀ ਅਨਿਲ ਕਸ਼ਯਪ ਅਤੇ ਬੀ.ਐਸ.ਪੀ ਦੇ ਸ੍ਰੀ ਰਾਮ ਨਰਾਇਣ ਤੋਂ ਇਲਾਵਾ ਹੋਰ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਦੇਵ ਸਿੰਘ, ਜਿਲਾ ਮਾਲ ਅਫਸਰ ਸ੍ਰੀ ਮੁਕੇਸ਼ ਕੁਮਾਰ,  ਤਹਿਸੀਲਦਾਰ ਸ੍ਰੀ ਪ੍ਰਦੀਪ ਬੈਸ, ਤਹਿਸੀਲਦਾਰ (ਚੋਣਾ) ਸ੍ਰੀ ਕਪੂਰ ਸਿੰਘ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਏ।  
    -------------------

No comments: