Wednesday, September 25, 2013

ਨਹੀਂ ਰਹੇ ਪਾਕਿਸਤਾਨ ਦੇ ਸਾਬਕਾ ਐਮ ਐਲ ਏ ਨਾਮ ਸਿੰਘ

 Wed, Sep 25, 2013 at 4:52 PM
ਜਥੇ:ਅਵਤਾਰ ਸਿੰਘ ਨੇ ਕੀਤਾ ਅਕਾਲ ਚਲਾਣੇ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ 
ਅੰਮ੍ਰਿਤਸਰ:: 25 ਸਤੰਬਰ 2013: (ਕਿੰਗ //ਪੰਜਾਬ ਸਕਰੀਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸਾਬਕਾ ਐਮ ਐਲ ਏ  ਸ.ਨਾਮ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਨਾਮ ਸਿੰਘ ਬੇ-ਹੱਦ ਨੇਕ ਦਿਲ ਸਾਊ ਸੁਭਾਅ ਦੇ ਮਾਲਕ ਸਨ। ਉਨਾਂ ਨੂੰ ਵਿਰਸੇ ਵਿੱਚੋਂ ਮਿਲੀ ਗੁੜਤੀ ਅਨੁਸਾਰ ਸਾਰਾ ਪਰਿਵਾਰ ਹੀ ਗੁਰੂ-ਘਰ ਦਾ ਅਨਿਨ ਸ਼ਰਧਾਲੂ ਹੈ। ਉਨਾਂ ਨੇ 1997 ਤੋਂ 1999 ਤੀਕ ਐਮ ਐਲ ਏ ਰਹਿ ਕੇ ਨਨਕਾਣਾ ਸਾਹਿਬ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਤੋਂ ਛੋਟੇ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਸਤਾਨ ਸਿੰਘ ਦੇ ਵੱਡੇ ਭਰਾ ਸਨ।
ਉਨਾਂ ਕਿਹਾ ਕਿ ਸ.ਨਾਮ ਸਿੰਘ ਨੇ ਗੁਰੂ ਭੈਅ ਵਿੱਚ ਰਹਿ ਕੇ ਪਾਕਿਸਤਾਨ ਅਤੇ ਉਥੇ ਵੱਸਦੇ ਸਿੱਖ ਭਾਈਚਾਰੇ ਦੀ ਸੇਵਾ ਕੀਤੀ ਹੈ। ਉਨਾਂ ਕਿਹਾ ਕਿ ਸ.ਨਾਮ ਸਿੰਘ ਦੇ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰ ਤੇ ਸਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਅਰਦਾਸ ਹੈ ਸਤਿਗੁਰੂ ਜੀ ਕਿ੍ਰਪਾ ਕਰਨ ਸ.ਨਾਮ ਸਿੰਘ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਪਿਛੇ ਪਰਿਵਾਰ ਤੇ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

No comments: