Saturday, September 21, 2013

ਅਜਮੇਰ ਸਿੱਧੂ ਰਚਿਤ ਤੀਜਾ ਕਹਾਣੀ ਸੰਗ੍ਰਹਿ 'ਖੁਸ਼ਕ ਅੱਖ ਦਾ ਖਾਬ'

22 ਸਤੰਬਰ ਨੂੰ ਹੋਵੇਗਾ ਲੋਕ ਅਰਪਣ ਸਮਾਰੋਹ       Sat, Sep 21, 2013 at 1:04 PM
ਲੁਧਿਆਣਾ:21 ਸਤੰਬਰ 2013:(ਪੰਜਾਬ ਸਕਰੀਨ ਬਿਊਰੋ):ਪ੍ਰਸਿੱਧ ਨੌਜਵਾਨ ਕਹਾਣੀਕਾਰ ਅਜਮੇਰ ਸਿੱਧੂ ਦੇ ਤੀਜੇ ਕਹਾਣੀ ਸੰਗ੍ਰਹਿ 'ਖੁਸ਼ਕ ਅੱਖ ਦਾ ਖਾਬ' ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ 22 ਸਤੰਬਰ ਬਾਅਦ ਦੁਪਹਿਰ 2 ਵਜੇ ਲੋਕ ਅਰਪਣ ਕੀਤਾ ਜਾਵੇਗਾ। ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਰੋਹ ਵਿਚ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਪੁਸਤਕ ਨੂੰ ਲੋਕ ਅਰਪਣ ਕਰਨਗੇ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਅਤੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਦੱਸਿਆ ਕਿ ਇਸ ਪੁਸਤਕ ਬਾਰੇ ਡਾ. ਅਨੂਪ ਸਿੰਘ ਬਟਾਲਾ ਅਤੇ ਹੋਰ ਵਿਦਵਾਨ ਵਿਚਾਰ ਪੇਸ਼ ਕਰਨਗੇ। ਸਮਾਗਮ ਵਿਚ ਸਮੂਹ ਪੰਜਾਬੀ ਲੇਖਕਾਂ ਨੂੰ ਪਹੁੰਚਣ ਦਾ ਸੱਦਾ ਹੈ।
ਅਜਮੇਰ ਸਿਧੂ ਦਾ ਕਥਾ ਸੰਕਲਪ: 
ਕਥਾ ਸਕੰਲਪ: - ਯਥਾਰਥ ਦਾ ਸਿਧਾਂਤਵਾਦੀ ਜਾਂ ਬਾਹਰਮੁੱਖੀ ਵੇਰਵਾ ਦੇਣ ਦੀ ਥਾਂ ਮਨੁੱਖ ਦੇ ਮਨੋ-ਵੇਗ ਅਤੇ ਸਮਾਜਿਕ ਉਥਲ-ਪੁਥਲ ਨੂੰ ਸਹਿਜ ਭਾਵ ਨਾਲ ਫੜਨ ਵਾਲਾ ਹਰ ਸਾਹਿਤ-ਰੂਪ ਕ੍ਰਾਂਤੀਕਾਰੀ ਹੁੰਦਾ ਹੈ। ਕਹਾਣੀ ਵਰਗਾ ਸੰਵੇਦਨਸ਼ੀਲ ਰੂਪਾਕਾਰ ਵੀ ਇਸ ਤੋਂ ਅਭਿੱਜ ਨਹੀਂ। ਕਹਾਣੀ ਦੀ ਸਿਰਜਣਾ ਬੇਸ਼ੱਕ ਵਰਤਮਾਨ ਦੇ ਕਿਸੇ ਕਾਲ-ਖੰਡ ਦੀ ਮੁਹਤਾਜ਼ ਹੈ ਪਰ ਇਸ ਦਾ ਵਿਚਾਰਧਾਰਕ ਸਿਰਾ ਬੀਜ ਤੋਂ ਬ੍ਰਹਿਮੰਡ ਤੱਕ, ਨਿੱਜ ਤੋਂ ਪਰ ਤੱਕ, ਸਮਕਾਲ ਤੋਂ ਭੂਤਕਾਲ ਭਵਿੱਖ ਕਾਲ ਤੱਕ ਪਸਰਿਆ ਹੁੰਦਾ ਹੈ। ਕਥਾਕਾਰੀ, ਆਜ਼ਾਦ ਲੇਖਣੀ ਦੁਆਰਾ ਮਨੁੱਖ ਦੇ ਵਜ਼ੂਦ ਨੂੰ ਸੁਤੰਤਰ ਦੇਖਣ ਦਾ ਸਕੰਲਪ ਹੈ। ਸਿਹਤਮੰਦ ਕਦਰਾਂ ਕੀਮਤਾਂ ਦੀ ਪੈਰਵਾਈ, ਸਮਾਜਿਕ ਭੇਦ-ਭਾਵ ਦੀ ਨਿਖੇਧੀ, ਉਸਾਰੂ ਸੋਚ ਦੇ ਫੈਲਾਅ, ਵਿਚਾਰਧਾਰਾਈ ਨਾਅਰੇਬਾਜ਼ੀ ਅਤੇ ਸ਼ੋਰ ਸ਼ਰਾਬੇ ਤੋਂ ਨਿਰਲੇਪਤਾ ਰੱਖ ਕੇ ਸਮਕਾਲੀ ਸਮਾਜਿਕ, ਰਾਜਸੀ ਅਤੇ ਨਿੱਜਵਾਦੀ ਪਰਿਸਥਿਤੀਆਂ ਦੇ ਕਰੂਰ ਯਥਾਰਥ ਅਤੇ ਇਛਤ ਯਥਾਰਥ ਦੇ ਦਵੰਦ ਨੂੰ ਦਿ੍ਸ਼ਟਮਾਨ ਕਰਨਾ।
ਸਮੁੱਚੀ ਰਚਨਾ ਦਾ ਕੇਂਦਰ ਅਣਗੌਲਿਆ ਮਨੁੱਖ ਤੇ ਅਣਗੌਲੇ ਮਸਲੇ, ਸਮਾਜੀ ਦੁਖਾਂਤ, ਰਿਸ਼ਤਿਆਂ ਦੀ ਭੁਰਦੀ ਵਿਆਕਰਨ, ਇਤਿਹਾਸਕ ਪੀੜਾਂ ਅਤੇ ਆਦਰਸ਼ਾਂ, ਹਕੀਕਤਾਂ ਵਿਚਕਾਰਲੇ ਖੱਪੇ ਚਿਤਰਨੇ। ਹਾਸ਼ੀਆ ਗ੍ਰਸਤ ਮਨੁੱਖ ਤੇ ਮਸਲਿਆਂ ਦੀ ਅਖੌਤੀ ਫੈਸ਼ਨਨੁਮਾ ਬਿਰਤਾਂਤਕ ਪੇਸ਼ਕਾਰੀ ਦੀ ਥਾਂ ਸਹਿਜ ਅਭਿਵਿਅਕਤੀ। ਨਿੱਜੀ ਅਤੇ ਸਮਾਜਿਕ ਅਨੁਭਵ ਦੀ ਕੁਠਾਲੀ ਵਿਚੋਂ ਨਿਕਲੇ ਹੱਡ ਮਾਸ ਦੇ ਪਾਤਰਾਂ, ਘਟਨਾ ਵੇਰਵਿਆਂ ਅਤੇ ਸੁਚੇਤ ਭਾਸ਼ਾਈ ਚੇਤਨਾ ਨਾਲ ਕਹਾਣੀ ਦੇ ਅਸਤਿੱਤਵ ਨੂੰ ਊਰਜਾ ਦੇਣੀ। ਇਕ ਬੀਜ ਮੂਲਕ ਸੂਰਤ ਹਰ ਕਥਾ ਅੰਦਰ ਛੱਡ ਕੇ ਇਸ ਦੇ ਵਿਸਫੋਟਕ ਰੂਪ ਧਾਰਨ ਦਾ ਇਤਜ਼ਾਰ ਕਰਨਾ। 
ਕਹਾਣੀ ਕੋਈ ਭਾਸ਼ਣ ਨਹੀਂ, ਪਾਰਟੀ ਦਾ ਮੈਨੀਫੈਸਟੋ ਨਹੀਂ, ਕੰਧ ਤੇ ਲੱਗਿਆ ਇ ਸ਼ਤਿਹਾਰ ਨਹੀ ਅਤੇ ਕਿਸੇ ਵਿਸ਼ੇਸ਼ ਵਿਚਾਰਧਾਰਾ ਅਤੇ ਚਿੰਤਨ ਦੀ ਗੁਲਾਮ ਨਹੀਂ। ਕਹਾਣੀ ਅਤੇ ਇਸ ਅੰਦਰਲੇ ਆਜ਼ਾਦ ਸੰਦੇਸ਼ ਨੂੰ ਸੁਤੰਤਰ ਪਰ ਰਹੱਸਮਈ ਵਾਤਾਵਰਣ ਵਿੱਚ ਰੱਖਣ ਅਤੇ ਬੀਜਰੂਪਕ ਯੀਮਕ ਇਕਾਈ ਨੂੰ ਗੂੜ੍ਹਾਪਨ ਦੇਣ ਦੇ ਗਲਪੀ ਯਤਨ ਕਰਨੇ। ਕਹਾਣੀ ਦੀ ਸਰਵਕਾਲਕ ਪਹੁੰਚ ਨਾਲ ਮਨੁੱਖ ਅਤੇ ਮਨੁੱਖਵਾਦੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ। (ਅਜਮੇਰ ਸਿਧੂ ਦੇ ਬਲੋਗ ਚੋਂ

No comments: