Wednesday, September 25, 2013

ਸਜ਼ਾਯਾਫਤਾ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਦਾ ਮਾਮਲਾ ਗਰਮਾਇਆ

 Wed, Sep 25, 2013 at 5:21 PM
ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਲੰਮੇ ਹਥੀਂ ਲਿਆ 
*ਸਜ਼ਾਯਾਫਤਾ ਸਾਂਸਦਾਂ ਤੇ ਵਿਧਾਇਕਾਂ ਨੂੰ ਬਚਾਉਣ ਲਈ ਆਰਡੀਨੈਂਸ ਦੀ ਨਿਖੇਧੀ 
*ਕਾਂਗਰਸ ਵਲੋਂ ਆਪਣੇ ਦਾਗੀ ਨੇਤਾਵਾਂ ਤੇ ਸਹਿਯੋਗੀਆਂ ਨੂੰ ਬਚਾਉਣ ਦਾ ਯਤਨ
*ਵਿਦੇਸ਼ਾਂ ਵਿਚ ਭਾਰਤੀਆਂ ਦੀ ਰੱਖਿਆ ਕਰਨ ਵਿਚ ਕੇਂਦਰ ਬਿਲਕੁਲ ਨਾਕਾਮ
* ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤੇਗਾ ਗਠਜੋੜ
*ਕੇਂਦਰ ਦੀ ਰਿਪੋਰਟ ਅਨੁਸਾਰ ਪੰਜਾਬ ਸਭ ਤੋਂ ਸ਼ਾਂਤ ਸੂਬਾ-ਮਜੀਠੀਆ
*ਅੰਮ੍ਰਿਤਸਰ ਵਿਚ 177 ਕਰੋੜ ਰਪੈ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ
*ਮਜੀਠਾ ਹਲਕੇ ਵਿਚ ਦੋ ਸਟੇਡੀਅਮ ਬਣਾਉਣ ਦਾ ਐਲਾਨ
ਅੰਮ੍ਰਿਤਸਰ: 25 ਸਤੰਬਰ 2013  (ਗਜਿੰਦਰ ਸਿੰਘ ਕਿੰਗ //ਪੰਜਾਬ ਸਕਰੀਨ): ਉਂਝ ਤਾਂ ਸਿਆਸਤ ਵਿੱਚ ਮੁਜਰਿਮਾਂ ਦਾ ਦਬਦਬਾ ਹੁਣ ਇੱਕ ਆਮ ਜਿਹੀ ਗੱਲ ਹੋ ਗਈ ਹੈ ਇਸ ਲਈ ਕੋਈ ਸਿਆਸੀ ਲੀਡਰ ਕਿਸੇ ਦੂਜੇ ਦੇ ਖਿਲਾਫ਼ ਕੁਝ ਬੋਲਦਾ ਵੀ ਨਹੀਂ।ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਲੰਮੇ ਹਥੀਂ ਲੈ ਕੇ ਇੱਕ ਵਾਰ ਫਿਰ ਅਕਾਲੀ ਦਲ ਦਾ ਸਿਰ ਮਨ ਨਾਲ ਉੱਚਾ ਕੀਤਾ ਹੈ ਅਤੇ ਹੈ ਕਿ ਇਹ ਉਹੀ ਅਕਾਲੀ ਦਲ ਹੈ ਜਿਸਨੇ ਹੰਗਾਮੀ ਹਾਲਤ ਦੌਰਾਨ ਵੀ ਈਨ ਨਹੀਂ ਸੀ ਮੰਨੀ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਆਪਣੀ ਪਾਰਟੀ ਤੇ ਸਹਿਯੋਗੀ ਦਲਾਂ ਦੇ ਦਾਗੀ ਤੇ ਸਜ਼ਾਯਾਫਤਾਂ ਨੇਤਾਵਾਂ ਨੂੰ ਬਚਾਉਣ ਲਈ ਲੋਕ ਪ੍ਰਤੀਨਿਧਤਾ ਕਾਨੂੰਨ ਵਿਚ ਸੋਧ ਕਰਕੇ ਨਵਾਂ ਆਰਡੀਨੈਂਸ ਲਿਆਂਦੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਘਪਲਿਆਂ ਵਿਚ ਘਿਰੀ ਕੇਂਦਰ ਸਰਕਾਰ ਵਲੋਂ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾ ਕੇ ਆਪਣੀ ਪਾਰਟੀ ਤੇ ਸਹਿਯੋਗੀਆਂ ਦੇ ਸਜਾਯਾਫਤਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੋਂ ਬਚਾਉਣਾ ਚਾਹੁੰਦੀ ਹੈ।

ਅੱਜ ਇੱਥੇ ਅੰਮਿ੍ਰਤਸਰ ਜਿਲ੍ਹੇ ਵਿਚ ਕੁੱਲ 177 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ  ਰੱਖਣ ਮੌਕੇ ਮਜੀਠਾ ਹਲਕੇ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਵਿਖੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਾਗੀ ਨੇਤਾਵਾਂ ਨੂੰ ਬਚਾਉਣ ਲਈ ਲਿਆਂਦੇ ਗਏ ਇਹ ਆਰਡੀਨੈਂਸ ਲਿਆਂਦਾ ਗਿਆ ਹੈ ਜਿਸਦਾ ਸਿੱਧਾ ਲਾਭ ਕਾਂਗਰਸੀ ਨੇਤਾਵਾਂ ਅਤੇ ਲਾਲੂ ਪ੍ਰਸ਼ਾਦ ਯਾਦਵ ਆਦਿ ਵਰਗੇ ਆਗੂਆਂ ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਜਿਹੇ ਯਤਨ ਉਸਨੂੰ ਬਚਾ ਨਹੀਂ ਸਕਣਗੇ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ, ਕਿਉਂਕਿ ਇਸ ਵੇਲੇ ਰਾਸ਼ਟਰੀ ਜਮਹੂਰੀ ਗਠਜੋੜ ਦੇ ਹੱਕ ਵਿਚ ਲੋਕ ਲਹਿਰ ਚੱਲ ਰਹੀ ਹੈ।

ਅਮਰੀਕਾ ਵਿਖੇ ਸਿੱਖ ਪ੍ਰੋਫੈਸਰ ’ਤੇ ਹੋਏ ਹਮਲੇ  ਨੂੰ ਮੰਦਭਾਗਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਕ ਸਿੱਖ ਹੈ ਅਤੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਵੀ ਸਿੱਖ ਪਰਿਵਾਰ ਤੋਂ ਹੈ, ਪਰ ਫਿਰ ਵੀ ਕੇਂਦਰ ਸਰਕਾਰ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਗੰਭੀਰ ਨਹੀਂ ਹੈ।

ਪੰਜਾਬ ਕਾਂਗਰਸ ਨੂੰ ਏਜੰਡਾ ਰਹਿਤ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਗੱਪੀ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਮਹਾਂਗੱਪੀ ਹੈ, ਕਿਉਂ ਜੋ ਉਹ ਪੰਜਾਬ ਦੇ ਖਜ਼ਾਨੇ ਬਾਰੇ ਕੂੜ ਪ੍ਰਚਾਰ ਕਰਕੇ ਸੂਬੇ ਨਾਲ ਦੁਸ਼ਮਣੀ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਰਾਜ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ ਕਿਉਂ ਜੋ ਪੰਜਾਬ ਵਾਸੀ ਵਿਕਾਸ ਨੂੰ ਵੋਟ ਪਾਉਂਦੇ ਹਨ।

ਉਨ੍ਹਾਂ ਕਿਹਾ ਕਿ ਵੈਸੇ ਵੀ ਦੇਸ਼ ਦੇ ਜਿਸ ਸੂਬੇ ਵਿਚ ਵੀ ਕਾਂਗਰਸ  ਲਗਾਤਾਰ ਦੋ ਵਾਰ ਸੱਤਾ ਤੋਂ ਬਾਹਰ ਰਹੀ ਹੈ ਉੰਥੇ ਦੁਬਾਰਾ ਉਸਦੇ ਕਦੇ ਪੈਰ ਨਹੀਂ ਲੱਗੇ, ਜਿਸਦੀ ਉਦਾਹਰਨ ਉਤਰਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਬੰਗਾਲ, ਗੁਜਰਾਤ, ਮੱਧ ਪ੍ਰਦੇਸ਼ ਹਨ। ਉਨ੍ਹਾਂ ਕਿਹਾ ਕਿ ਇਸ ਲੜੀ  ਤਹਿਤ ਪੰਜਾਬ ਅੰਦਰ ਕਾਂਗਰਸ ਦੀ ਵਾਰੀ ਹੈ, ਜਿਸਦਾ ਲੋਕ ਸਭਾ ਚੋਣਾਂ ਦੌਰਾਨ ਸੂਫੜਾ ਸਾਫ ਹੋ ਜਾਵੇਗਾ।

ਇਸ ਮੌਕੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਮੌੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨਵੀਂ ਦਿੱਲੀ ਵਿਖੇ ਪਿਛਲੇ ਦਿਨੀਂ ਹੀ  ਕੌਮੀ ਏਕਤਾ ਕੌਂਸਲ ਦੀ ਮੀਟਿੰਗ ’ਚ ਹਿੱਸਾ ਲਿਆ ਹੈ, ਜਿੱਥੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇਸ਼ ਦੇ 20 ਸੂਬਿਆਂ ਵਿਚੋਂ ਅਮਨ ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰਕ ਏਕਤਾ ਪੱਖੋਂ ਪੰਜਾਬ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾ ਕੁਝ ਵੀ  ਬੋਲਣ ਤੋਂ ਪਹਿਲਾਂ ਆਪਣੀ ਹੀ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਰਿਪੋਰਟਾਂ ਜ਼ਰੂਰ ਪੜ੍ਹ ਲਿਆ ਕਰਨ। ਸ. ਮਜੀਠੀਆ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹਲਕੇ ਵਿਚ ਕੀਤੇ ਜਾ ਰਹੇ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਉਪ ਮੁੱਖ ਮੰਤਰੀ ਕੋਲ ਕੁੱਝ ਜ਼ਰੂਰੀ ਮੰਗਾਂ ਵੀ ਰੱਖੀਆਂ।

ਭਾਜਪਾ ਵਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਨ ਦੇ ਮਾਮਲੇ ਬਾਰੇ ਸ. ਬਾਦਲ ਨੇ ਕਿਹਾ ਕਿ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਜਿਸ ਵੀ ਉਮੀਦਵਾਰ ਨੂੰ ਅੰਮਿ੍ਰਤਸਰ ਤੋਂ ਉਮੀਦਵਾਰ ਐਲਾਨੇਗੀ ਅਕਾਲੀ ਦਲ ਉਸਦਾ ਡਟਵਾਂ ਸਮਰਥਨ ਕਰੇਗਾ।

ਇਸ ਮੌਕੇ ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਅਗਲੇ 2 ਮਹੀਨਿਆਂ ਦੌਰਾਨ  5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 2 ਲੱਖ ਕੁਨੈਕਸ਼ਨ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ ਜਿਸ ਸਬੰਧੀ ਪ੍ਰਕਿ੍ਰਆ ਹਾੜੀ ਦੀ ਸੀਜ਼ਨ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ 10 ਅਕਤੂਬਰ ਤੋਂ ਸਰਹੱਦ ਪਾਰ ਦੀਆਂ ਜ਼ਮੀਨਾਂ ਦਾ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਮੁਆਵਜ਼ਾ ਕਿਸਾਨਾਂ ਨੂੰ ਦੇ ਦਿੱਤਾ ਜਾਵੇਗਾ।

    ਸ. ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਮੰਗ ਨੂੰ ਪੂਰੀ ਕਰਦੇ ਮੱਤੇਵਾਲ ਵਿਖੇ 66 ਕੇ. ਵੀ. ਦਾ ਬਿਜਲੀ ਗਰਿਡ ਬਨਾਉਣ, ਮੱਤੇਵਾਲ ਅਤੇ ਮਜੀਠਾ ਵਿਖੇ ਸਟੇਡੀਅਮ ਬਨਾਉਣ ਦਾ ਐਲਾਨ ਕੀਤਾ। ਅੱਜ ਇਸ ਰੈਲੀ ਮੌਕੇ ਬਲਾਕ ਸੰਮਤੀ ਤਰਸਿੱਕਾ ਦੇ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ ਅਤੇ ਸਰਪੰਚ ਸਤਨਾਮ ਸਿੰਘ ਕਾਜੀਕੋਟ ਨੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

        ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਪਿੰਡ ਫਤਾਹਪੁਰ ਵਿਖੇ 153.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੇਂਦਰੀ ਸੁਧਾਰ ਘਰ ਦਾ ਨੀਂਹ ਪੱਥਰ ਰੱਖਿਆ। 2200 ਕੈਦੀਆਂ ਦੀ ਸਮਰੱਥਾ ਵਾਲੀ ਇਹ ਜੇਲ੍ਹ 67 ਏਕੜ ਰਕਬੇ ਵਿਚ ਬਣਾਈ ਜਾਣੀ ਹੈ, ਜਿਸ ਵਿਚ ਕੈਦੀਆਂ ਦੀ ਹਰ ਸਹੂਲਤ ਲਈ ਖੇਡ ਦੇ ਮੈਦਾਨ, ਨਸ਼ਾ ਛਡਾੳੂ ਕੇਂਦਰ, ਹਸਪਤਾਲ, ਅਥਲੈਟਿਕ ਟਰੈਕ, ਮਲਟੀਪਰਪਜ਼ ਹਾਲ, ਟਰੇਨਿੰਗ ਸੈਂਟਰ, ਡਿਸਪੈਂਸਰੀ, ਧਾਰਮਿਕ ਸਥਾਨ, ਬਾਲਵਾੜੀ ਆਦਿ ਦਾ ਪ੍ਰਬੰਧ ਕੀਤਾ ਜਾਣਾ ਹੈ। ਸ. ਬਾਦਲ ਨੇ ਅੱਜ ਜ਼ਿਲ੍ਹਾ ਅੰਮਿ੍ਰਤਸਰ ਵਿਚ 177 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਜਿੰਨ੍ਹਾ ਵਿਚ ਹਲਕਾ ਮਜੀਠਾ ਵਿਖੇ ਰਾਮ ਦਿਵਾਲੀ ਮੁਸਲਮਾਨਾਂ ਤੋਂ ਝਾਮਕੇ ਤੱਕ ਸੜਕ, ਮਜੀਠਾ ਤੋਂ ਕੱਥੂਨੰਗਲ ਵਾਇਆ ਜਲਾਲਪੁਰ ਸ਼ਾਮ ਨਗਰ ਸੜਕ, ਅੰਮਿ੍ਰਤਸਰ ਫਤਿਹਗੜ੍ਹ ਚੂੜੀਆਂ ਰੋਡ ਤੋਂ ਦਾਦੂਪੁਰਾ ਸੜਕਾਂ ਸ਼ਾਮਿਲ ਹਨ। ਇਸੇ ਤਰਾਂ ਹਲਕਾ ਅਜਨਾਲਾ ਵਿਚ ਅਬੂ ਸਾਇਦ ਤੋਂ ਚਮਿਆਰੀ, ਨਾਨੋਕੇ ਤੋਂ ਸੁਧਾਰ, ਮਾਕੋਵਾਲ ਤੋਂ ਸੁਧਾਰ, ਕੁਰਾਲੀਆਂ ਤੋਂ ਥੋਬਾ, ਦਰਿਆ ਮੁਸਾ ਤੋਂ ਥੋਬਾ ਸੜਕਾਂ ਸ਼ਾਮਿਲ ਹਨ। ਇਸੇ ਤਰਾਂ ਰਾਜਾਸਾਸੀ ਹਲਕੇ ਵਿਚ ਲੋਪੋਕੇ  ਤੋਂ ਅਜਨਾਲਾ ਅਤੇ ਮੋਤਲਾ ਤੋਂ ਜੈ ਰਾਮ ਕੋਟ ਸੜਕਾਂ ਦੇ ਨੀਂਹ ਪੱਥਰ ਵੀ ਸ. ਬਾਦਲ ਨੇ ਰੱਖੇ।
   

No comments: