Monday, September 23, 2013

ਮੀਡੀਆ 'ਚ ਛਾਈ ਰਹੀ ਸੜਕ ਹਾਦਸੇ ਵਿੱਚ ਪੱਤਰਕਾਰ ਦੀ ਮੌਤ ਵਾਲੀ ਖਬਰ

ਭਰਾ ਨੇ ਵੀ ਕੀਤੀ ਸੀਬੀਆਈ ਜਾਂਚ ਦੀ ਮੰਗ 
ਰੇਤ ਮਾਫੀਆ ਵੱਲੋਂ ਗੁੰਡਾ ਟੈਕਸ ਉਗਰਾਹੁਣ ਦੀ ਖਬਰ ਤੋਂ ਕੁਝ ਕੁ ਘੰਟਿਆਂ ਮਗਰੋਂ ਹੀ ਖਬਰ ਦੇਣ ਵਾਲੇ ਪੱਤਰ ਕਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਖਬਰ ਨੂੰ ਤਕਰੀਬਨ ਸਾਰੇ ਅਖਬਾਰਾਂ ਨੇ ਹੀ (ਇੱਕ ਦੋ ਨੂੰ ਛੱਡ ਕੇ) ਬੜੀ ਪ੍ਰਮੁਖਤਾ ਨਾਲ ਛਾਪਿਆ ਹੈ। ਹੇਠਾਂ ਅਸੀਂ ਇਹੀ ਖਬਰ ਪ੍ਰਸਿਧ ਅਖਬਾਰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ। ਬਾਕਿਕੁਝ ਹੋਰ ਅਖਬਾਰਾਂ 'ਚ ਛਪੀ ਇਸੇ ਖਬਰ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਐਸਐਸਪੀ ਦੀ ਕਾਰ ਨੂੰ ਹਾਦਸਾ; ਪੱਤਰਕਾਰ ਹਲਾਕ
ਐਨ.ਪੀ. ਧਵਨ
ਪਠਾਨਕੋਟ, 22 ਸਤੰਬਰ
ਰੋਜ਼ਾਨਾ ਜਗਬਾਣੀ 'ਚ ਪ੍ਰਕਾਸ਼ਿਤ ਖਬਰ 
ਅੱਜ ਇਕ ਸੜਕ ਹਾਦਸੇ ਵਿਚ ਪਠਾਨਕੋਟ ਦੇ ਐਸਐਸਪੀ ਡਾ. ਸੁਰਿੰਦਰ ਕਾਲੀਆ ਅਤੇ ਉਨ੍ਹਾਂ ਦਾ ਡਰਾਈਵਰ ਤੇ ਗੰਨਮੈਨ ਜ਼ਖ਼ਮੀ ਹੋ ਗਏ ਜਦਕਿ ਉਨ੍ਹਾਂ ਨਾਲ ਸਫ਼ਰ ਕਰ ਰਹੇ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੇ ਜਲੰਧਰ ਤੋਂ ਪੱਤਰਕਾਰ ਜਸਦੀਪ ਮਲਹੋਤਰਾ ਦੀ ਮੌਕੇ ਉਪਰ ਮੌਤ ਹੋ ਗਈ। ਇਹ ਹਾਦਸਾ 12.45 ਵਜੇ ਦੇ ਕਰੀਬ ਪਠਾਨਕੋਟ-ਮੁਕੇਰੀਆਂ ਸਡ਼ਕ ਉਪਰ ਮੀਲਵਾਂ ਕੋਲ ਇਕ 18 ਟਾਇਰੀ ਟਰਾਲੇ ਨੂੰ ਪਾਰ ਕਰਨ ਸਮੇਂ ਵਾਪਰਿਆ ਅਤੇ ਇਨ੍ਹਾਂ ਦੀ ਇਨੋਵਾ ਸਰਕਾਰੀ ਗੱਡੀ ਸੜਕ ਕਿਨਾਰੇ ਹੇਠਾਂ ਢਾਲ ਵਿਚ ਲੱਗੇ ਸਫੈਦੇ ਦੇ ਦਰੱਖ਼ਤਾਂ ਨਾਲ ਟਕਰਾਉਂਦੀ ਹੋਈ ਪਲਟ ਗਈ।
ਡਾ. ਕਾਲੀਆ ਜਲੰਧਰ ਸਥਿਤ ਆਪਣੇ ਘਰ ਤੋਂ ਪਠਾਨਕੋਟ ਵਿਖੇ 2 ਵਜੇ ਮਾਈਨਿੰਗ ਸਬੰਧੀ ਰੱਖੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ ਅਤੇ ਇਸ ਮੀਟਿੰਗ ਵਿਚ ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ ਸ੍ਰੀ ਈਸ਼ਵਰ ਚੰਦਰ ਨੇ ਵੀ ਸ਼ਾਮਲ ਹੋਣਾ ਸੀ। ਡਾਕਟਰ ਕਾਲੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਪੱਸਲੀ ਦੀ ਇਕ ਹੱਡੀ ਟੁੱਟੀ ਹੈ ਜਦ ਕਿ ਉਨ੍ਹਾਂ ਦੇ ਦਿਮਾਗ ਤੇ ਰੀਡ਼੍ਹ ਦੀ ਹੱਡੀ ’ਤੇ ਵੀ ਸੱਟ ਲੱਗੀ ਹੈ। ਡਾਕਟਰ ਕਾਲੀਆ, ਉਨ੍ਹਾਂ ਦੇ ਗੰਨਮੈਨ ਲਾਲ ਸਿੰਘ ਅਤੇ ਡਰਾਈਵਰ ਬੂਈ ਲਾਲ ਨੂੰ ਪਠਾਨਕੋਟ ਦੇ ਰਾਵੀ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਲਿਜਾਇਆ ਗਿਆ।
ਰੋਜ਼ਾਨਾ ਅਜੀਤ 'ਚ ਛਪੀ ਖਬਰ 
ਹਾਦਸੇ ਦੀ ਸੂਚਨਾ ਮਿਲਦੇ ਸਾਰ ਡਿਪਟੀ ਕਮਿਸ਼ਨਰ ਠਾਕੁਰ ਦਿਨੇਸ਼ ਸਿੰਘ ਬੱਬੂ, ਵਿਧਾਇਕ ਅਸ਼ਵਨੀ ਸ਼ਰਮਾ ਅਤੇ ਭੋਆ ਦੀ ਵਿਧਾਇਕਾ ਸੀਮਾ ਕੁਮਾਰੀ ਹਸਪਤਾਲ ’ਚ ਪੁੱਜ ਗਏ। ਇਨ੍ਹਾਂ ਤੋਂ ਇਲਾਵਾ ਆਈਜੀ ਈਸ਼ਵਰ ਚੰਦਰ, ਐਸਪੀ (ਡੀ) ਜਗਜੀਤ ਸਿੰਘ ਸਰੋਆ, ਐਸਪੀ (ਹੈੱਡਕੁਆਰਟਰ) ਕੇ.ਐਸ. ਹੀਰ, ਡੀਐਸਪੀ (ਡੀ) ਜਗਜੀਤ ਸਿੰਘ ਨਡਾਲਾ, ਡੀਐਸਪੀ (ਹੈੱਡਕੁਆਰਟਰ) ਰਣਜੀਤ ਸਿੰਘ, ਡੀਐਸਪੀ ਵਰਿੰਦਰ ਸਿੰਘ, ਮਨੋਜ ਕੁਮਾਰ ਤੇ ਪੀਐਸ ਵਿਰਕ ਤੋਂ ਇਲਾਵਾ ਪੁਲੀਸ ਦੇ ਹੋਰ ਅਧਿਕਾਰੀ ਮਿੰਟਾਂ ਵਿਚ ਹੀ ਪੁੱਜ ਗਏ।
ਇਹ ਖ਼ਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪਤਾ ਕਰਨ ਵਾਲਿਆਂ ਦਾ ਹਸਪਤਾਲ ’ਚ ਤਾਂਤਾ ਲੱਗ ਗਿਆ। ਸ਼ਾਮ ਨੂੰ ਡੀਆਈਜੀ (ਸਰਹੱਦੀ ਰੇਂਜ) ਸ੍ਰੀ ਲੋਕ ਨਾਥ ਆਂਗਰਾ ਤੇ ਪਵਨ ਟੀਨੂ ਵਿਧਾਇਕ ਆਦਮਪੁਰ, ਡਿਪਟੀ ਕਮਿਸ਼ਨਰ ਸ੍ਰੀ ਸਿਬਨ ਸੀ ਤੇ ਹੋਰ ਅਧਿਕਾਰੀ ਵੀ ਪੁੱਜ ਗਏ। ਜਲੰਧਰ ਤੋਂ ਡਾ. ਕਾਲੀਆ ਦੀ ਪਤਨੀ ਕਿਰਨ ਕਾਲੀਆ ਅਤੇ ਉਨ੍ਹਾਂ ਦਾ ਪੁੱਤਰ ਵੰਸ਼ ਕਾਲੀਆ ਵੀ ਪੁੱਜ ਗਏ। ਪਰਿਵਾਰ ਵਾਲਿਆਂ ਅਤੇ ਉੱਚ ਅਧਿਕਾਰੀਆਂ ਨੇ ਡਾ. ਕਾਲੀਆ ਨੂੰ ਫੌਰਟਿਸ ਹਸਪਤਾਲ ਮੁਹਾਲੀ ਵਿਖੇ ਤਬਦੀਲ ਕਰਨ ਦਾ ਫੈਸਲਾ ਲਿਆ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਰਵਾਨਾ ਕਰ ਦਿੱਤਾ। ਗੰਨਮੈਨ ਲਾਲ ਸਿੰਘ ਦੇ ਮਾਮੂਲੀ ਸੱਟਾਂ ਵੱਜੀਆਂ ਹਨ, ਪਰ ਹਾਲਤ ਖਤਰੇ ਤੋਂ ਬਾਹਰ ਹੈ। ਪੱਤਰਕਾਰ ਜਸਦੀਪ ਮਲਹੋਤਰਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਲਾਸ਼ ਨੂੰ ਨੂਰਪੁਰ (ਹਿਮਾਚਲ ਪ੍ਰਦੇਸ਼) ਦੇ ਹਸਪਤਾਲ ’ਚ ਭੇਜ ਦਿੱਤਾ ਗਿਆ। ਇੰਦੌਰਾ ਥਾਣੇ ਦੀ ਪੁਲੀਸ ਨੇ ਇਸ ਸਬੰਧੀ ਪਰਚਾ ਦਰਜ ਕਰ ਲਿਆ ਹੈ। ਹਾਦਸਾ ਵਾਪਰਦੇ ਸਾਰ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ। ਹਾਦਸੇ ਦੇ ਚਸ਼ਮਦੀਦ ਗੰਨਮੈਨ ਲਾਲ ਸਿੰਘ ਨੇ ਦੱਸਿਆ ਕਿ ਉਹ ਸੀਟ ’ਤੇ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ’ਤੇ ਬੈਠਾ ਸੀ ਜਦੋਂਕਿ ਉਸ ਦੇ ਪਿੱਛੇ ਵਾਲੀ ਸੀਟ ’ਤੇ ਐਸਐਸਪੀ ਡਾ. ਕਾਲੀਆ ਅਤੇ ਪੱਤਰਕਾਰ ਜਸਦੀਪ ਮਲਹੋਤਰਾ ਬੈਠੇ ਸਨ। ਉਸ ਨੇ ਦੱਸਿਆ ਕਿ ਮੀਲਵਾਂ ਕੋਲ ਪੁੱਜਣ ’ਤੇ ਉਨ੍ਹਾਂ ਦੇ ਮੂਹਰੇ ਇਕ ਟਰਾਲਾ ਜਾ ਰਿਹਾ ਸੀ ਜਿਸ ਤੋਂ ਸਾਈਡ ਲੈਣ ਲਈ ਡਰਾਈਵਰ ਨੇ ਵਾਰ-ਵਾਰ ਹੂਟਰ ਮਾਰਿਆ ਅਤੇ ਡਰਾਈਵਰ ਨੇ ਉਸ ਦੇ ਖੱਬੇ ਪਾਸੇ ਤੋਂ ਆਪਣੀ ਇਨੋਵਾ ਗੱਡੀ ਨੂੰ ਅੱਗੇ ਕੱਢਣਾ ਚਾਹਿਆ। ਜਦੋਂ ਉਸ ਨੇ ਅੱਧ ਤੱਕ ਟਰਾਲਾ ਪਾਰ ਕਰ ਲਿਆ ਤਾਂ ਟਰਾਲੇ ਦੇ ਡਰਾਈਵਰ ਨੇ ਖੱਬੇ ਪਾਸੇ ਵੱਲ ਨੂੰ ਕੱਟ ਮਾਰ ਦਿੱਤਾ ਜਿਸ ਤੋਂ ਬਚਾਉਣ ਲਈ ਡਰਾਈਵਰ ਨੇ ਇਨੋਵਾ ਗੱਡੀ ਨੂੰ ਸਡ਼ਕ ਦੇ ਖੱਬੇ ਪਾਸੇ ਵੱਲ ਨੂੰ ਲਾਹਿਆ ਅਤੇ ਗੱਡੀ ਸਫੈਦਿਆਂ ਵਿਚ ਵੱਜਦੀ ਹੋਈ ਹੇਠਾਂ ਜਾ ਡਿੱਗੀ ਅਤੇ ਪਲਟ ਗਈ। ਉਸ ਨੇ ਅੱਗੇ ਦੱਸਿਆ ਕਿ ਉਹ ਮੂਹਰਲੀ ਸੀਟ ’ਤੇ ਬੈਠਾ ਹੋਣ ਕਰਕੇ ਗੱਡੀ ਦੇ ਸਫੈਦੇ ਦੇ ਦਰੱਖ਼ਤਾਂ ਵਿਚ ਵੱਜਣ ਨੂੰ ਭਾਂਪਦੇ ਹੋਏ ਉਹ ਸੀਟ ’ਤੇ ਹੀ ਟੇਢਾ (ਲੰਮਾ ਪੈ ਗਿਆ) ਹੋ ਗਿਆ ਜਿਸ ਕਾਰਨ ਉਸ ਦੇ ਸੱਟਾਂ ਘੱਟ ਲੱਗੀਆਂ।
ਦੈਨਿਕ ਜਾਗਰਣ ਵਿੱਚ ਛਪੀ ਖਬਰ 
ਪੱਤਰਕਾਰ ਜਸਦੀਪ ਮਲਹੋਤਰਾ ਦੇ ਸਾਥੀ ਫੋਟੇਗਰਾਫਰ ਪ੍ਰਦੀਪ ਪੰਡਿਤ ਨੇ ਦੱਸਿਆ ਕਿ ਉਹ ਦੋਵੇਂ ਕੱਲ੍ਹ ਵੀ ਪਠਾਨਕੋਟ ਆਏ ਸਨ ਅਤੇ ਉਨ੍ਹਾਂ ਮਾਈਨਿੰਗ ’ਤੇ ਗੁੰਡਾ ਟੈਕਸ ਬਾਰੇ ਅੱਜ ਇਕ ਖ਼ਬਰ ਛਾਪੀ ਸੀ ਅਤੇ ਅੱਜ ਫਿਰ ਉਹ ਪਠਾਨਕੋਟ ਨੂੰ ਆ ਰਹੇ ਸਨ ਤਾਂ ਭੋਗਪੁਰ ਪੁੱਜਣ ’ਤੇ ਉਸ ਦੇ ਸਾਥੀ ਪੱਤਰਕਾਰ ਜਸਦੀਪ ਮਲਹੋਤਰਾ ਨੇ ਐਸਐਸਪੀ ਡਾ. ਕਾਲੀਆ ਦਾ ਪੱਖ ਲੈਣ ਲਈ ਉਨ੍ਹਾਂ ਨਾਲ ਫੋਨ  ’ਤੇ ਸੰਪਰਕ ਕੀਤਾ। ਡਾ. ਕਾਲੀਆ ਨੇ ਪੁੱਛਿਆ, ‘‘ਤੁਸੀਂ ਕਿੱਥੇ ਹੋ ਤਾਂ ਉਸ ਨੇ ਕਿਹਾ, ਕਿ ‘ਅਸੀਂ ਭੋਗਪੁਰ ਵਿਖੇ ਪੁੱਜੇ ਹਾਂ।’ ਡਾ. ਕਾਲੀਆ ਨੇ ਉਸ ਨੂੰ ਕਿਹਾ ਕਿ ‘ਮੈਂ ਵੀ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਹਾਂ ਅਤੇ ਇਥੇ (ਭੋਗਪੁਰ) ਹੀ ਰੁਕ ਜਾ, ਮੇਰੇ ਨਾਲ ਹੀ ਚਲਾ ਜਾਵੀਂ ਤੇ ਨਾਲ ਹੀ ਮੇਰਾ ਪੱਖ ਲੈ ਲਵੀਂ।’ ਡਾ. ਕਾਲੀਆ ਥੋਡ਼੍ਹੀ ਦੇਰ ਬਾਅਦ ਹੀ ਭੋਗਪੁਰ ਪੁੱਜ ਗਏ ਅਤੇ ਜਸਦੀਪ ਮਲਹੋਤਰਾ ਭੋਗਪੁਰ ਤੋਂ ਉਨ੍ਹਾਂ ਨਾਲ ਇਨੋਵਾ ਗੱਡੀ ’ਚ ਬੈਠ ਗਿਆ ਅਤੇ ਉਹ ਪਠਾਨਕੋਟ ਵੱਲ ਨੂੰ ਚੱਲ ਪਏ। ਜਦੋਂ ਕਿ ਉਹ ਉਨ੍ਹਾਂ ਦੇ ਪਿੱਛੇ ਆਪਣੀ ਗੱਡੀ ’ਚ ਚੱਲ ਰਿਹਾ ਸੀ।
ਜਦੋਂ ਹਾਦਸਾ ਵਾਪਰਿਆ ਤਾਂ ਡਾ. ਕਾਲੀਆ ਅਤੇ ਬਾਕੀ ਜ਼ਖ਼ਮੀਆਂ ਨੂੰ ਮੁਸ਼ਕਲ ਨਾਲ ਹਾਦਸਾਗ੍ਰਸਤ ਗੱਡੀ ’ਚੋਂ ਬਾਹਰ ਕੱਢਿਆ ਗਿਆ ਅਤੇ ਸਾਰੇ ਜ਼ਖ਼ਮੀ ਤੜਫਦੇ ਰਹੇ। ਹਾਈਵੇਅ ਤੋਂ ਬਹੁਤ ਗੱਡੀਆਂ ਲੰਘ ਰਹੀਆਂ ਸਨ, ਪਰ ਕੋਈ ਵੀ ਰੁਕ ਨਹੀਂ ਰਿਹਾ ਸੀ। ਇਥੋਂ ਤੱਕ ਕਿ ਹਾਈਵੇਅ ਉਪਰ ਲਗਾਈ ਹੋਈ ਪੁਲੀਸ ਦੀ ਐਂਬੂਲੈਂਸ ਵੀ ਕੋਈ ਨਾ ਦਿਖਾਈ ਦਿੱਤੀ। ਕਾਫੀ ਦੇਰ ਬਾਅਦ ਪਠਾਨਕੋਟ ਦਾ ਇਕ ਵਾਸੀ ਬਿਕਰਮ ਸਿੰਘ ਚੌਹਾਨ ਜੋ ਕਿ ਮੁਕੇਰੀਆਂ ਤੋਂ ਆਪਣੀ ਕਾਰ ਰਾਹੀਂ ਪਠਾਨਕੋਟ ਆ ਰਿਹਾ ਸੀ, ਨੇ ਉਤਰ ਕੇ ਐਸਐਸਪੀ ਨੂੰ ਜ਼ਖ਼ਮੀ ਹਾਲਤ ’ਚ ਸਡ਼ਕ ’ਤੇ ਲੇਟੇ ਹੋਏ ਦੇਖਿਆ ਤਾਂ ਉਹ ਇਨ੍ਹਾਂ ਤਿੰਨਾਂ ਜ਼ਖ਼ਮੀਆਂ ਨੂੰ ਆਪਣੀ ਗੱਡੀ ਵਿਚ ਪਾ ਕੇ ਪਠਾਨਕੋਟ ਲੈ ਕੇ ਆਇਆ। ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਪੁੱਜਦੇ ਸਾਰ ਐਸਐਸਪੀ ਡਾ. ਕਾਲੀਆ ਨੂੰ ਕ੍ਰਿਸ਼ਨਾ ਹਸਪਤਾਲ ਵਿਚ 10 ਮਿੰਟ ਰੋਕ ਕੇ ਡਰਿੱਪ ਲਗਵਾਈ ਗਈ ਤੇ ਹੋਰ ਟੀਕੇ ਲਗਵਾਏ ਅਤੇ ਤੁਰੰਤ ਰਾਵੀ ਮਲਟੀਸਪੈਸ਼ਲਿਟੀ ਹਸਪਤਾਲ ਲੈ ਗਏ। ਉਥੇ ਮਾਹਿਰ ਡਾਕਟਰਾਂ ਨੇ ਤੁਰੰਤ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾ. ਕਾਲੀਆ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਸਿਬਨ ਸੀ. ਅਤੇ ਡੀਆਈਜੀ ਲੋਕਨਾਥ ਆਂਗਰਾ ਨੇ ਹੈਲੀਕਾਪਟਰ ਰਾਹੀਂ ਮੁਹਾਲੀ ਸ਼ਿਫਟ ਕਰਨ ਲਈ ਹਵਾਈ ਸੈਨਾ ਨਾਲ ਸੰਪਰਕ ਕੀਤਾ, ਪਰ ਹੈਲੀਕਾਪਟਰ ਦਾ ਪ੍ਰਬੰਧ ਹੋਣ ’ਚ ਸਮਾਂ ਲੱਗਣ ਅਤੇ ਏਅਰ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ’ਤੇ ਐਂਬੂਲੈਂਸ ਰਾਹੀਂ ਸਡ਼ਕੀ ਮਾਰਗ ਦੁਆਰਾ ਹੀ ਮੁਹਾਲੀ ਨੂੰ ਰਵਾਨਾ ਕਰ ਦਿੱਤਾ।
ਦੂਸਰੇ ਪਾਸੇ ਇੰਦੌਰਾ ਦੇ ਐਸਐਚਓ ਬਲਬੀਰ ਠਾਕੁਰ ਨੇ ਦੱਸਿਆ ਕਿ ਟਰਾਲੇ ਦੇ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਜਸਦੀਪ ਮਲਹੋਤਰਾ ਦਾ ਨੂਰਪੁਰ ਦੇ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਜਸਦੀਪ ਮਲਹੋਤਰਾ ਆਪਣੇ ਪਿੱਛੇ ਵਿਧਵਾ ਪਤਨੀ ਅਤੇ 10 ਸਾਲ ਦਾ ਬੇਟਾ ਤੇ 8 ਸਾਲ ਦੀ ਬੇਟੀ ਛੱਡ ਗਏ ਹਨ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਤੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਜਸਦੀਪ ਸਿੰਘ ਮਲਹੋਤਰਾ ਦੇ ਬੇਵਕਤੀ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛਡ਼ੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸੇ ਦੌਰਾਨ ਕੇਂਦਰੀ ਮੰਤਰੀ ਮਨੀਸ਼ ਤਿਵਾਡ਼ੀ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਵੀ ਵੱਖ-ਵੱਖ ਬਿਆਨਾਂ ਰਾਹੀਂ ਸ੍ਰੀ ਮਲਹੋਤਰਾ ਦੇ ਦੁਖਦਾਈ ਵਿਛੋਡ਼ੇ ’ਤੇ ਦੁੱਖ ਸਾਂਝਾ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਡ਼ਕ ਹਾਦਸੇ ਵਿੱਚ ਮਰੇ ਪੱਤਰਕਾਰ ਜਸਦੀਪ ਸਿੰਘ ਮਲਹੋਤਰਾ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਮੰਗ ਕਰਕੇ ਇਸ ਘਟਨਾ ਨੂੰ ਨਵਾਂ ਮੋਡ਼ ਦੇ ਦਿੱਤਾ ਹੈ। ਉਨ੍ਹਾਂ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਇਸ ਸ਼ੱਕੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਜਾਣ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪਠਾਨਕੋਟ ਨੇੜੇ ਸੜਕ ਹਾਦਸੇ ‘ਚ ‘ਹਿੰਦੋਸਤਾਨ ਟਾਈਮਜ਼’ ਦੇ  ਮਾਰੇ ਗਏ ਪੱਤਰਕਾਰ ਜਸਦੀਪ ਮਲਹੋਤਰਾ (41) ਦੇ ਮਾਡਲ ਹਾਊਸ ਵਿਚਲੇ ਘਰ ‘ਚ ਮਾਤਮ ਛਾਇਆ ਰਿਹਾ। ਪਿੱਛੇ ਪਰਿਵਾਰ ’ਚ ਉਸ ਦੀ ਪਤਨੀ ਵਰਿੰਦਰ ਕੌਰ, ਪੁੱਤਰ ਹਰਨੂਰ ਸਿੰਘ ਤੇ ਧੀ ਜੈਸਿਕਾ (6) ਰਹਿ ਗਏ ਹਨ। ਉਸ ਦੀ ਮਾਤਾ ਦੀ ਪਿਛਲੇ ਸਾਲ ਹੀ ਮੌਤ ਹੋ ਗਈ ਸੀ। ਉਸ ਦਾ ਵੱਡਾ ਭਰਾ ਖਜ਼ਾਨਾ ਦਫ਼ਤਰ ’ਚ ਕੰਮ ਕਰਦਾ ਹੈ। ਰੈਫਰੀਜਰੇਟਰਾਂ ਦਾ ਕੰਮ ਕਰਦਿਆਂ ਹੀ ਉਸ ਨੇ ‘ਦਿ ਟ੍ਰਿਬਿਊਨ’ ਤੋਂ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ ਤੇ ਲੰਬਾ ਸਮਾਂ ‘ਦਿ ਟ੍ਰਿਬਿਊਨ’ ’ਚ ਕੰਮ ਕਰਨ ਤੋਂ ਬਾਅਦ ਉਹ ‘ਹਿੰਦੋਸਤਾਨ ਟਾਈਮਜ਼’ ਵਿਚ ਤਰੱਕੀ ਕਰਕੇ ਪ੍ਰਿੰਸੀਪਲ ਪੱਤਰਕਾਰ ਬਣ ਗਏ ਸਨ। ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਵਾਲਿਆਂ ਦਾ ਅੱਜ ਤਾਂਤਾ ਲੱਗਾ ਰਿਹਾ।

ਨਹੀਂ ਰਹੇ ਐਚ ਟੀ ਦੇ ਜਾਂਬਾਜ਼ ਪੱਤਰਕਾਰ ਜਸਦੀਪ ਮਲਹੋਤਰਾ 

No comments: