Saturday, September 21, 2013

ਖਾਲਸਾਈ ਖੇਡ ਉਤਸਵ ਦੀਆਂ ਤਿਆਰੀਆਂ ਮੁਕੰਮਲ

Sat, Sep 21, 2013 at 2:48 PM
ਐਸਜੀਪੀਸੀ ਵੱਲੋਂ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ-ਦਲਮੇਘ ਸਿੰਘ
                                         ਫਾਈਲ ਫੋਟੋ-12-2-13
ਅੰਮ੍ਰਿਤਸਰ: 21 ਸਤੰਬਰ 2013: ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਜਿਥੇ ਸਫਲਤਾ ਪੂਰਵਕ ਗੁਰਦੁਆਰਿਆਂ ਦੇ ਪ੍ਰਬੰਧ ਚਲਾਏ ਜਾ ਰਹੇ ਹਨ ਉਥੇ ਆਪਣੇ ਵਿੱਦਿਅਕ ਅਦਾਰਿਆਂ ਵਿੱਚ ਮਿਆਰੀ ਵਿੱਦਿਆ ਦੇ ਨਾਲ-ਨਾਲ ਖੇਡਾਂ ਰਾਹੀਂ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਰੱਖਣ ਤੇ ਉਹਨਾਂ ਵਿੱਚ ਸਿੱਖੀ ਦੀ ਭਾਵਨਾ ਪ੍ਰਗਟ ਕਰਨ ਲਈ ਖਾਲਸਾਈ ਖੇਡ ਉਤਸਵ ਕਰਵਾਇਆ ਜਾ ਰਿਹਾ ਹੈ। 
ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜਾਰੀ ਪ੍ਰੈਸ ਰਲੀਜ 'ਚ ਸ.ਦਲਮੇਘ ਸਿੰਘ ਸਕੱਤਰ ਅਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸਕੂਲਾਂ ਵਿੱਚ ਖਾਲਸਾਈ ਖੇਡ ਉਤਸਵ ਮਨਾਉਂਦੇ ਹੋਏ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਵੱਖ-ਵੱਖ ਮਿਤੀਆਂ ਨੂੰ ਵੱਖ-ਵੱਖ ਸਥਾਨਾਂਪੁਰ ਹੋਣਗੇ। ਉਹਨਾਂ ਕਿਹਾ ਕਿ ਇਸ ਖੇਡ ਉਤਸਵ ਵਿੱਚ ਹਾਕੀ (ਲੜਕੇ ਤੇ ਲੜਕੀਆਂ), ਮਾਸ਼ਲ ਆਰਟ ਗੱਤਕਾ, ਫੁਟਬਾਲ, ਵਾਲੀਬਾਲ (ਲੜਕੇ), ਬੈਟਮਿੰਟਨ (ਲੜਕੇ ਤੇ ਲੜਕੀਆਂ), ਐਥਲੈਟਿਕਸ, 100 ਮੀਟਰ ਦੌੜ, 400 ਮੀਟਰ ਦੌੜ, 1500 ਮੀਟਰ ਦੌੜ, 3000 ਮੀਟਰ ਦੌੜ, ਰਿਲੇਅ ਦੌੜ 4”100 ਮੀਟਰ ਦੌੜ ਮੁੱਖ ਖੇਡਾਂ ਹੋਣਗੀਆਂ। ਉਹਨਾਂ ਕਿਹਾ ਕਿ ਹਰ ਜੋਨ ਵਿੱਚ ਖੇਡ ਉਤਸਵ ਸਵੇਰੇ 9:30 ਵਜੇ ਮਾਰਚ ਪਾਸਟ ਨਾਲ ਸ਼ੁਰੂ ਹੋਵੇਗਾ।
ਉਹਨਾਂ ਕਿਹਾ ਕਿ ਜੋਨ ਨੰਬਰ ਇੱਕ ਦਾ ਮੁਕਾਬਲਾ 24 ਅਤੇ 25 ਸਤੰਬਰ 2013 ਨੂੰ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਇਸ ਮੁਕਾਬਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਆਲਪੁਰਾ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਰੱਤੋਕੇ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਤਰਨਤਾਰਨ, ਬਾਬਾ ਬੁੱਢਾ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ, ਬੀਬੀ ਰਜਨੀ ਪਬਲਿਕ ਸਕੂਲ ਪੱਟੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਸਕੂਲ ਛੇਹਰਟਾ ਸਾਹਿਬ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕਾ ਬਾਗ ਦੀਆਂ ਟੀਮਾਂ ਭਾਗ ਲੈਣਗੀਆਂ।
ਦੂਸਰੇ ਜੋਨ ਦਾ ਖੇਡ ਉਤਸਵ ਮੁਕਾਬਲਾ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਵਿਖੇ ਮਿਤੀ 3, 4 ਅਕਤੂਬਰ 2013 ਨੂੰ ਹੋਵੇਗਾ। ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਗੋਲਡਨ ਟੈਂਪਲ ਕਾਲੋਨੀ ਅੰਮ੍ਰਿਤਸਰ, ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਗੁਰੂ ਨਾਨਕ ਦੇਵ ਅਕੈਡਮੀ ਬਟਾਲਾ, ਗੁਰੂ ਨਾਨਕ ਦੇਵ ਅਕੈਡਮੀ ਹੋਠੀਆਂ, ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਠ ਸਾਹਿਬ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਰਮਦਾਸ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਤੇ ਮਾਤਾ ਗੰਗਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਤੀਸਰੇ ਜੋਨ ਦਾ ਮੁਕਾਬਲਾ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ 5, 6 ਅਕਤੂਬਰ 2013 ਨੂੰ ਹੋਵੇਗਾ। ਇਸ ਮੁਕਾਬਲੇ ਵਿੱਚ ਕਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਹੁਸ਼ਿਆਰਪੁਰ, ਬਾਬਾ ਮੱਖਣ ਸ਼ਾਹ ਲੁਬਾਣਾ ਪਬਲਿਕ ਸਕੂਲ ਮੁਕੇਰੀਆਂ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸਕੂਲ ਗੜ੍ਹਸ਼ੰਕਰ, ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ, ਪਰਿਵਾਰ ਵਿਛੋੜਾ ਪਬਲਿਕ ਸਕੂਲ, ਸਰਸਾ ਨੰਗਲ ਰੋਪੜ, ਖ਼ਾਲਸਾ ਪਬਲਿਕ ਸਕੂਲ ਗੁਰੂ ਬੀੜ ਜੰਡ ਸਾਹਿਬ ਰੋਪੜ, ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ, ਦਸਮੇਸ਼ ਪਬਲਿਕ ਸਕੂਲ ਗੁਰ ਪਲਾਹ (ਹਿਮਾਚਲ ਪ੍ਰਦੇਸ਼), ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੰਨਾ, ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਖੰਨਾ, ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਲੁਧਿਆਣਾ, ਦਸਮੇਸ਼ ਪਬਲਿਕ ਸਕੂਲ ਮਾਣੂਕੇ ਲੁਧਿਆਣਾ ਤੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਪਾਲ ਮੋਚਨ ਜਿਲਾ ਯੁਮਨਾ ਨਗਰ (ਹਰਿਆਣਾ) ਦੀਆਂ ਟੀਮਾਂ ਭਾਗ ਲੈਣਗੀਆਂ।
ਉਹਨਾਂ ਕਿਹਾ ਕਿ ਹਰ ਖੇਡ ਦੀਆਂ ਪਹਿਲੀਆਂ ਦੋ ਪੁਜ਼ੀਸਨਾਂ ਤੇ ਆਉਣ ਵਾਲੀਆਂ ਟੀਮਾਂ ਖਾਲਸਾਈ ਖੇਡ ਉਤਸਵ (ਸਕੂਲਜ਼) 2013 ਦੇ ਫਾਈਨਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਇਹ ਫਾਈਨਲ ਮੁਕਾਬਲੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਵਿਖੇ ਮਿਤੀ 13 ਅਕਤੂਬਰ 2013 ਨੂੰ ਸਵੇਰੇ 10:00 ਵਜੇ ਸ਼ੁਰੂ ਹੋਣਗੇ ਅਤੇ ਇਹਨਾਂ ਦੀ ਸਮਾਪਤੀ 15 ਅਕਤੂਬਰ 2013 ਨੂੰ ਦੁਪਹਿਰ 12:00 ਵਜੇ ਹੋਵੇਗੀ। ਇਸ ਤਰ੍ਹਾਂ ਇਹ ਫਾਈਨਲ ਮੁਕਾਬਲੇ 13, 14 ਤੇ 15 ਅਕਤੂਬਰ ਤੱਕ ਲਗਾਤਾਰ ਤਿੰਨ ਦਿਨ ਚੱਲਣਗੇ। ਇਹਨਾਂ ਮੁਕਾਬਲਿਆਂ ਵਿੱਚ ਜਿਹੜਾ ਸਕੂਲ ਸਾਰੀਆਂ ਖੇਡਾਂ ਵਿੱਚ ਪਹਿਲੇ ਸਥਾਨ ਤੇ ਰਹੇਗਾ ਉਸ ਨੂੰ ਰਨਰਅੱਪ ਟਰਾਫੀ ਅਤੇ 21000/-ਰੁਪਏ, ਦੂਸਰੇ ਸਥਾਨ ਤੇ ਰਹਿਣ ਵਾਲੇ ਸਕੂਲ ਨੂੰ 11000/-ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਸਕੂਲ ਨੂੰ 5100/- ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਖਾਲਸਾਈ ਖੇਡ ਉਤਸਵ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਕੂਲਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਦਾ ਵਿਸ਼ੇਸ਼ ਰੁਤਬਾ ਹੈ। ਇਹਨਾਂ ਸੰਸਥਾਵਾਂ ਵਿੱਚ ਹਰ ਸਾਲ ਕਰਵਾਏ ਜਾਣ ਵਾਲੇ ਖੇਡ ਉਤਸਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿੱਤਪੁਣੇ ਦੇ ਭਿਆਨਕ ਦਰਿਆ ਵਿੱਚ ਡੁੱਬਣ ਤੋਂ ਬਚਾਉਣ ਦੇ ਨਾਲ-ਨਾਲ ਜਿਥੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਦੇ ਹਨ ਉਥੇ ਵਿਦਿਆਰਥੀਆਂ ਵਿੱਚ ਸਿੱਖੀ ਦੀ ਭਾਵਨਾ ਵੀ ਪ੍ਰਗਟ ਹੁੰਦੀ ਹੈ। ਇਸ ਨਾਲ ਆਪਸੀ ਸਦ-ਭਾਵਨਾ ਤੇ ਮੇਲ-ਮਿਲਾਪ ਵੱਧਦਾ ਹੈ ਅਤੇ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ।

No comments: