Thursday, September 12, 2013

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਨਮਾਨ ਦਾ ਐਲਾਨ

Thu, Sep 12, 2013 at 4:52 PM
ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਕੀਤਾ ਜਾਵੇਗਾ ਫ਼ੈਲੋਸ਼ਿਪ ਨਾਲ ਸਨਮਾਨਿਤ
ਲੁਧਿਆਣਾ:12 ਸਤੰਬਰ 2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ): ਸੰਨ 1954 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ 22 ਸਤੰਬਰ, 2013 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦਾ ਸਰਵ ਉੱਚ ਸਨਮਾਨ ਫ਼ੈਲੋਸ਼ਿਪ ਦੇ ਰੂਪ ਵਿਚ ਉੱਘੇ ਸਿੱਖਿਆ-ਸ਼ਾਸਤਰੀ, ਲੇਖਕ ਅਤੇ ਪੰਜਾਬੀ ਸਾਹਿਤ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਪ੍ਰਦਾਨ ਕੀਤਾ ਜਾਵੇਗਾ। ਪ੍ਰਿੰ. ਬਜਾਜ ਅਕਾਡਮੀ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹਨ। ਪਿਛਲੇ 25 ਸਾਲਾਂ ਤੋਂ ਇਸ ਰੈਫ਼ਰੈਂਸ ਲਾਇਬ੍ਰੇਰੀ ਦੀ ਸੇਵਾ ਸੰਭਾਲ ਵਿਚ ਲੱਗੇ ਹੋਏ ਹਨ। ਪੰਜਾਬ ਦੇ ਲਗਪਗ 40 ਪਿੰਡਾਂ ਦੇ ਵਿਚ ਪੁਸਤਕ ਸਭਿਆਚਾਰ ਲਹਿਰ ਉਸਾਰਨ ਲਈ ਆਪ ਜੀ ਦਾ ਵਡਮੁੱਲਾ ਯੋਗਦਾਨ ਹੈ। ਪ੍ਰਿੰ. ਬਜਾਜ ਬਾਰੇ ਪ੍ਰੋ. ਰਵਿੰਦਰ ਭੱਠਲ ਖੋਜ-ਪੱਤਰ ਪੜ੍ਹਨਗੇ। 
ਇਸ ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਡਾ. ਸ. ਸ. ਜੌਹਲ ਕਰਨਗੇ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਪ੍ਰੋ. ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ ਇਸ ਵਾਰ ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦੀ ਪੁਸਤਕ 'ਉਨੀਂਦਰੇ ਚਿਰਾਗ਼' ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਪੁਸਤਕ ਬਾਰੇ ਸ. ਸੁਵਰਨ ਸਿਘ ਵਿਰਕ ਖੋਜ-ਪੱਤਰ ਪੇਸ਼ ਕਰਨਗੇ ਜਦਕਿ ਪ੍ਰੋ. ਕੁਲਵੰਤ ਜਗਰਾਓਂ ਦੀ ਸਿਰਜਣਾ ਤੇ ਸਰੋਕਾਰਾਂ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਪਿਛਲੇ ਦਿਨੀਂ ਜਨਾਬ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਲਿਖੀ ਇਤਿਹਾਸਕ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਐੱਸ. ਪੀ. ਸਿੰਘ ਤੇ ਉੱਘੇ ਪੰਜਾਬੀ ਕਵੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਲੋਕ ਅਰਪਣ ਕਰਨਗੇ। ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਸੰਭਾਲਣ ਲਈ ਇਹ ਵੱਡਮੁਲਾ ਯਤਨ ਕੁਸ਼ਤਾ ਜੀ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਆਰੰਭਿਆ ਸੀ ਅਤੇ ਇਸ ਨੂੰ 1960 ਵਿਚ ਪਹਿਲੀ ਵਾਰ ਸ਼ਾਹਮੁਖੀ ਅੱਖਰਾਂ ਵਿਚ ਛਪੀ ਇਸ ਪੁਸਤਕ ਨੂੰ ਗੁਰਮੁਖੀ ਅੱਖਰਾਂ ਵਿਚ ਪੇਸ਼ ਕਰਨ ਦੀ ਜ਼ਿੰਮੇਂਵਾਰੀ ਸ. ਰਘਬੀਰ ਸਿੰਘ ਭਰਤ ਮਾਛੀਵਾੜਾ ਨੇ ਨਿਭਾਈ ਹੈ। ਇਸ ਮਹਾਨ ਸੇਵਾ ਲਈ ਸ. ਰਘਬੀਰ ਸਿੰਘ ਭਰਤ ਨੂੰ ਅਕਾਡਮੀ ਵਲੋਂ ਇਸੇ ਸਮਾਗਮ ਵਿਚ ਸਾਹਿਤ ਸੇਵਾ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਸ. ਰਘਬੀਰ ਸਿੰਘ ਭਰਤ ਬਾਰੇ ਪ੍ਰੋ. ਬ੍ਰਹਮਜਗਦੀਸ਼ ਸਿੰਘ ਜਾਣਕਾਰੀ ਦੇਣਗੇ।

No comments: