Monday, September 02, 2013

ਕਿਸਾਨਾਂ ਨੇ ਦਿੱਤਾ ਲੁਧਿਆਣਾ ਵਿੱਚ ਵਿਸ਼ਾਲ ਧਰਨਾ

ਸਰਕਾਰ ਤੇ ਸਾਰੇ ਕੁਦਰਤੀ ਸਾਧਨ ਵੱਡੀਆਂ ਕੰਪਨੀਆਂ ਨੂੰ ਲੁਟਾਉਣ ਦਾ ਦੋਸ਼ 
ਲੁਧਿਆਣਾ 2 ਸਿਤੰਬਰ 2013: ( ਰੈਕਟਰ ਕਥੂਰੀਆ//ਪੰਜਾਬ ਸਕਰੀਨ): ਗਰੀਬ ਕਿਸਾਨਾਂ ਸਿਰ ਕਰਜ਼ੇ ਦੇ ਖ਼ਾਤਮੇ, ਖੇਤੀ ਦੀਆਂ ਜਿਣਸਾਂ ਦੇ ਲਾਹੇਵੰਦ ਭਾਅਵਾਂ ਤੇ ਸਰਕਾਰੀ ਖ਼ਰੀਦ ਅਤੇ ਹਰ ਬਜ਼ੁਰਗ ਮਰਦ, ਇਸਤਰੀ, ਕਿਸਾਨ, ਖੇਤ ਮਜ਼ਦੂਰ ਅਤੇ ਦਸਤਕਾਰ ਦੇ ਲਈ 3,000/- ਰੁਪਏ ਮਾਸਿਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਰਬ ਹਿੰਦ ਕਿਸਾਨ ਸਭਾ ਜ਼ਿਲਾ ਲੁਧਿਆਣਾ ਇਕਾਈ ਵਲੋਂ ਅੱਜ 2 ਸਿਤੰਬਰ 2013 ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾ੍ਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਸਭਾ ਦੇ ਮੀਤ ਪਰਧਾਨ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਨਿਜੀਕਰਨ, ਉਦਾਰੀਕਰਨ ਤੇ ਨਿਗਮੀਕਰਨ ਦੀ ਨੀਤੀ ਤਹਿਤ ਸਰਕਾਰ ਨੇ ਪੇਂਡੂ ਵਿਕਾਸ, ਖੇਤੀ ਤੇ ਸਿੰਚਾਈ ਵਿੱਚ ਸਰਕਾਰੀ ਨਿਵੇਸ਼ ਖਤਮ ਕਰ ਦਿੱਤੇ ਹਨ। ਖੇਤੀ ਦੀ ਬਹਾਲੀ ਲਈ ਸਰਕਾਰ ਖੇਤੀ ਕਮੀਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਹੀਂ ਕਰ ਰਹੀ। ਸਾਰੇ ਸਰਕਾਰੀ ਅਤੇ ਕੁਦਰਤੀ ਸਾਧਨ ਵੱਡੀਆਂ ਕੰਪਨੀਆ ਅਤੇ ਨਿਗਮਾਂ ਨੂੰ ਲੁਟਾ ਰਹੀ ਹੈ। ਛੋਟੀ ਘਰੇਲੂ ਤੇ ਦਰਮਿਆਨੀ ਸਨਅੱਤ ਦੇ ਕਾਰੋਬਾਰ ਵੱਡੀ ਗਿਣਤੀ ਵਿੱਚ ਬੰਦ ਹਨ ਜਿਸ ਕਰਕੇ ਲੱਖਾਂ ਲੋਕ ਖਾਸਕਰ ਪੇਂਡੂ ਨੌਜਵਾਨ ਬੇਰੋਜ਼ਗਾਰ ਹਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪਰਧਾਨ ਕਾਮਰੇਡ ਸੁਰਿੰਦਰ ਜਲਾਲਦੀਵਾਲ ਨੇ ਕਿਹਾ ਕਿ ਖੇਤੀ ਵਿੱਚ ਵਰਤੋਂ ਹੋਣ ਵਾਲੇ ਡੀਜ਼ਲ, ਖਾਦਾਂ, ਦਵਾਈਆਂ ਅਤੇ ਰਸਾਇਣਾਂ ਆਦਿ ਦੇ ਭਾਅ ਚੜ੍ਹਾਏ ਜਾ ਰਹੇ ਹਨ। ਸਰਕਾਰ ਖੇਤੀ ੳਪਜਾਂ ਦੇ ਪੂਰੇ ਭਾਅ ਨਹੀਂ ਦੇ ਰਹੀ ਅਤੇ ਸਰਕਾਰੀ ਖ਼ਰੀਦ ਸਿਸਟਮ ਤੋੜ ਰਹੀ ਹੈ।
ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਅਮਨਦੀਪ ਸਿੰਘ ਨੇ ਕਿਹਾ ਕਿ ਪੇਂਡੂ ਜੀਵਨ ਪੱਧਰ ਡਿੱਗ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਅੰਨਦਾਤਾ ਲਈ ਸਤਕਾਰਯੋਗ ਬਿਰਧ ਜੀਵਨ ਲਈ ਕੋਈ ਸਮਾਜਿਕ ਸੁੱਰਖਿਆ ਨਹੀਂ।
ਹੋਰ ਬੁਲਾਰਿਆਂ ਨੇ ਬੋਲਦੇ ਹੋਏ ਇਸ ਗੱਲ ਦੀ ਨਿਖੇਧੀ ਕੀਤੀ ਕਿ ਕੇਂਦਰ ਤੇ ਸੂਬਾਈ ਦੋਨੋ ਸਰਕਾਰਾਂ ਕਿਸਾਨ ਵਿਰੋਧੀ ਨੀਤੀਆਂ ਅਪਣਾਅ ਰਹੀਆਂ ਹਨ ਜਿਸ ਕਾਰਨ ਕਿਸਾਨ ਵੱਡੀ ਗਿਣਤੀ ਵਿੱਚ ਆਤਮ ਹੱਤਿਆ ਕਰ ਰਹੇ ਹਨ। ਨਾਲ ਹੀ ਕਿਸਾਨਾ ਤੇ ਬਿਨਾ ਪੂਰੇ ਅਧਿਐਨ ਦੇ ਜੀ ਐਮ ਉਪਜ ਥੋਪਣ ਦਾ ਵਿਰੋਧ ਕੀਤਾ। ਹੋਰ ਬੁਲਾਰੇ ਸਨ  ਕਾਮਰੇਡ ਜੰਗ ਸਿੰਘ ਸਿਰਥਲਾ, ਪਰਮਜੀਤ ਸਿੰਘ, ਪਿਆਰਾ ਸਿੰਘ ਮਾਨ, ਭਰਪੂਰ ਸਿੰਘ, ਗੁਰਨਾਮ ਸਿੰਘ ਸਰਪੰਚ, ਖੁਸ਼ਹਾਲ ਸਿੰਘ ਅਤੇ ਰਾਮ ਚੰਦ। 

No comments: