Friday, September 27, 2013

ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ--ਮਜੀਠੀਆ

Fri, Sep 27, 2013 at 7:46 PM
ਕੇਂਦਰ ਤੇ ਲਾਇਆ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼
*    ਕੇਂਦਰ ਸਰਕਾਰ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਭੱਜੀ-ਮਜੀਠੀਆ
*    ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿਚ ਕੇਂਦਰ ਸਰਕਾਰ ਨਹੀਂ ਦੇ ਰਹੀ ਸਾਥ-
*    ਰਾਜ ਸਰਕਾਰ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਵੱਲ ਯਤਨਸ਼ੀਲ
*    ਸਹਾਇਕ ਧੰਦਿਆਂ ਨਾਲ ਵਧੇਗੀ ਕਿਸਾਨਾਂ ਦੀ ਆਮਦਨ 
*    ਸੂਬਾ ਸਰਕਾਰ ਮੱਕੀ ਦੀ ਕਾਸ਼ਤ ਨੂੰ ਬੜਾਵਾ ਦੇਣ ਲਈ ਦੇ ਰਹੀ 75 ਫੀਸਦੀ ਸਬਸਿਡੀ
*    80 ਫੀਸਦੀ ਦੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਣਗੇ ਸੋਲਰ ਸਿਸਟਮ
*    ਗੁਰੂ ਨਾਨਕ ਭਵਨ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਆਯੋਜਿਤ-ਹਜ਼ਾਰਾ ਦੀ ਤਦਾਦ ਵਿਚ ਪਹੁੰਚੇ ਕਿਸਾਨ
*    ਵੱਖ ਵੱਖ ਵਿਭਾਗਾਂ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਬਣੀਆਂ ਖਿੱਚ ਦਾ ਕੇਂਦਰ
ਅੰਮ੍ਰਿਤਸਰ: 27 ਸਤੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ ਬਿਊਰੋ): ਕੇਂਦਰ ਸਰਕਾਰ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿਚ ਹਾਜਰ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸੂਬੇ ਦੇ ਕਿਸਾਨਾਂ ਨੂੰ ਮਹਾਂਨਾਇਕ ਦੱਸਦਿਆਂ ਸ. ਮਜੀਠੀਆਂ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਡਾ. ਸਵਾਮੀਨਾਥਨ ਦੀਆਂ ਸਿਫਾਰਿਸਾਂ ਨੂੰ ਮੰਨ ਲਵੇ ਤਾਂ ਦਿਨੋ ਦਿਨ ਘਾਟੇ ਦਾ ਸੌਦਾ ਬਣ ਰਹੀ ਖੇਤੀ ਫਿਰ ਆਪਣੇ ਪੈਰਾਂ ’ਤੇ ਖੜ੍ਹੀ ਹੋ ਕੇ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੀ ਹੈ। ਕੇਂਦਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਦਾ ਜ਼ਿਕਰ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਜੋ ਕਿ ਵੱਡੀ ਗਿਣਤੀ ਵਿਚ ਇਕੱਠਾ ਕੀਤਾ ਟੈਕਸ ਕੇਂਦਰ ਨੂੰ ਦੇਦਾਂ ਹੈ ਪਰ ਬਦਲੇ ਵਿਚ ਉਸਨੂੰ ਕੇਵਲ 1.38 ਫੀਸਦੀ ਹਿੱਸਾ ਹੀ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਹੈ ਜੋ ਕਿ ਨਾਕਾਫੀ ਹੈ।
ਸ. ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ਜਿਸਨੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਅਤੇ ਦੇਸ਼ ਦੇ ਅੰਨ ਭੰਭਾਰ ਵਿਚ ਵੱਡਾ ਹਿੱਸਾ ਪਾਇਆ ਨੂੰ ਹਮੇਸ਼ ਅਣਗੋਲਿਆ ਕੀਤਾ ਗਿਆ। ਉਨਾਂ ਕਿਹਾ ਕਿ ਕੇਂਦਰ ਸਰਕਾਰ ਹੀ ਖੇਤੀ ਲਾਗਤਾਂ , ਡੀਜ਼ਲ, ਪੈਟਰੋਲ,  ਖਾਦਾਂ ਤੇ ਦਵਾਈਆਂ ਦੇ ਭਾਅ ਤੈਅ ਕਰਦੀ ਹੈ ਅਤੇ ਇਸ ਮਾਮਲੇ ਵਿਚ ਸੂਬਿਆਂ ਦੇ ਹਿੱਤਾਂ ਨੂੰ ਬਿਲਕੁੱਲ ਨਜਰ ਅੰਦਾਜ ਕੀਤਾ ਜਾਂਦਾ ਹੈ।  ਸੂਬੇ ਸਿਰ ਕਰੀਬ 30 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਦੇ ਇਵਜ਼ ਵਜੋਂ ਇਹ ਕਰਜ਼ਾ ਇਕੱਠਾ ਹੋਇਆ ਹੈ।
ਖੇਤੀ ਵਿਭਿੰਨਤਾ ਨੂੰ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਬਣਾਉਣ ਦੇ ਬਾਵਜੂਦ ਵੀ ਕੋਈ ਭਰਵਾਂ ਨਹੀਂ ਹੁੰਗਾਰਾ ਨਾ ਮਿਲਣ ਦਾ ਜ਼ਿਕਰ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਤਾਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਮਨੋਰਥ ਨਾਲ ਖੇਤੀ ਵਿਭਿੰਨਤਾ ਨੂੰ ਲਾਗੂ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਕੋਈ ਸਹਿਯੋਗ ਨਹੀਂ ਦੇ ਰਹੀ । ਉਨਾਂ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਦੇ ਨਾਲ ਨਾਲ ਦੂਸਰੇ ਹੋਰ ਸਹਾਇਕ ਧੰਦੇ ਅਪਣਾਉਣ ਲਈ ਕਿਹਾ। ਸ. ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਮੁੱਖ ਫਸਲਾਂ ਤੋਂ ਇਲਾਵਾ ਮੱਕੀ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨ ਲਈ ਮੱਕੀ ਦੇ ਬੀਜ ’ਤੇ 75 ਫੀਸਦੀ ਅਤੇ ਸੋਲਰ ਸਿਸਟਮ ਲਗਾਉਣ ’ਤੇ 80 ਫੀਸਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ।
ਖੇਤੀਬਾੜੀ ਵਿਭਾਗ ਪੰਜਾਬ ਵਲੋ ਲਗਾਏ ਇਸ ਕਿਸਾਨ ਮੇਲੇ ਦੀ ਵਧਾਈ ਦੇਂਦਿਆਂ ਸ. ਮਜੀਠੀਆ ਨੇ ਕਿਹਾ ਅਜਿਹੇ ਮੇਲੇ ਕਿਸਾਨੀ ਲਈ ਬਹੁਤ ਲਾਹੇਵੰਦ ਹੁੰਦੇ ਹਨ ਕਿਉੱਕ ਇਸ ਵਿਚ ਮਾਹਿਰਾਂ ਵਲੋਂ ਖੇਤੀਬਾੜੀ ਸਬੰਧੀ ਬੇਸ਼ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਮੌਕੇ ਵੱਖ ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਸ. ਮਜੀਠੀਆ ਨੇ ਸਵੈ ਸਹਾਇਤਾ ਸਮੂਹ ਵਲੋਂ ਤਿਆਰ ਅਚਾਰ,  ਮੁਰਬੇ ਤੇ ਸ਼ਹਿਦ ਕੀ ਖਰੀਦਦਾਰੀ ਕੀਤੀ।
          ਇਸ ਮੋਕੇ ਡਾ.ਦਿਲਬਾਗ ਸਿੰਘ ਧੰਜੂ, ਮੁੱਖ ਖੇਤੀਬਾੜੀ ਅਫਸਰ, ਅੰੰਮਿ੍ਰਤਸਰ ਨੇ ਆਏ ਹੋਏ ਮੁੱਖ ਮਹਿਮਾਨਾ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਨਾਂ ਕਿਹਾ ਕਿ ਇਸ ਹਾੜੀ ਸੀਜਨ ਦੌਰਾਨ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇਗੀ। ਜਿਲੇ ਵਿੱਚ 30000 ਹੈਕਟੇਅਰ ਦੇ ਰਕਬੇ ਲਈ 500 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇ ਬੀਜ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲੀ ਭਿੰਨਤਾ ਤਹਿਤ ਸਾਨੂੰ ਕੁਝ ਰਕਬਾ ਦਾਲਾਂ ਅਤੇ ਤੇਲ ਬੀਜ ਫਸਲਾਂ ਹੇਠ ਵੀ ਲਿਆਉਣ ਦੀ ਲੋੜ ਹੈ।

          ਇਸ ਕੈਪ ਵਿੱਚ ਡਾ ਭੁਪਿੰਦਰ ਸਿੰਘ ਢਿਲੋਂ ਡਿਪਟੀ ਡਾਇਰੈਕਟਰ ਕੇ ਵੀ ਕੇ, ਡਾ. ਬਾਜ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਡਾ. ਰਵੇਲ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ,ਡਾ. ਨਰਿੰਦਰਪਾਲ ਸਿੰਘ . ਡਾ, ਜਗਮੋਹਨ ਸਿੰਘ. ਡਾ. ਪਰਵਿੰਦਰ ਸਿੰਘ ਤੇ ਡਾ. ਰਜਨੀ ਨੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਸੰਬੋਧਨ ਕੀਤਾ। ਪਿੰਗਲਵਾੜਾ ਦੇ ਮਾਸਟਰ ਰਾਜਬੀਰ ਸਿੰਘ , ਰਾਸ਼ਟਰਪਤੀ ਐਵਾਰਡੀ ਮੇਜਰ ਮਨਮੋਹਨ ਸਿੰਘ ਵਲੋਂ ਵੀ ਕਿਸਾਨਾਂ ਦੀ ਸਮੱਸਿਆਵਾਂ ’ਤੇ ਚਾਨਣਾ ਪਾਇਆ ਗਿਆ।

          ਇਸ ਮੌਕੇ ਲੋਕ ਮੰਚ ਮਜੀਠਾ ਦੇ ਕਲਾਕਾਰਾਂ ਵਲੋਂ ‘ਪਵਣ ਗੁਰੂ ਪਾਣੀ ਪਿਤਾ’ ਵਿਸ਼ੇ ਤੇ ਨਾਟਰ ਖੇਡ ਕੇ ਕਿਸਾਨਾਂ ਨੂੰ ਪਾਣੀ ਦੇ ਮਹੱਤਤਾ ਬਾਰੇ ਜਾਗਰੂਕ ਕੀਤਾ। ਸ. ਮਜੀਠੀਆ ਵਲੋਂ ਨਾਟਕ ਕਲਾਕਾਰਾਂ ਦੀ ਹੌਸਲਾ ਅਫਜਾਈ ’ਤੇ ਉਨਾਂ ਨੂੰ 10 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ  ਦਿੱਤਾ ਗਿਆ।ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਸ. ਮਜੀਠੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ. ਮਜੀਠੀਆ ਵਲੋਂ ਅਗਾਂਹਵਧੂ ਕਿਸਾਨਾਂ ਤੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

No comments: