Sunday, September 29, 2013

ਮਨਪ੍ਰੀਤ ਦੇ ਤਿਨ ਕਾਵਿ ਹਲੂਣੇ

ਬਹੁਤ ਮਕਾਰ ਹੈ ਅਖਬਾਰਾਂ ਦੀ ਭਾਸ਼ਾ
ਸੁਰਖ ਰੇਖਾ ਲੰਮੇ ਸਮੇਂ ਤੋਂ ਨਿਰੰਤਰ ਨਿਕਲ ਰਿਹਾ ਹੈ। ਜਦੋਂ ਹਥਾਂ ਨਾਲ ਇੱਕ ਇੱਕ ਅੱਖਰ ਜੋੜ ਕੇ ਕੰਪੋਜਿੰਗ ਹੁੰਦੀ ਸੀ--ਉਸ ਵੇਲੇ ਤੋਂ। ਜਦੋਂ ਇੱਕ ਹਥ ਬੰਦੂਕ ਅਤੇ ਇੱਕ ਹਥ ਕਲਮ ਰੱਖਦਿਆਂ ਕਫਨ ਬੰਨ ਕੇ ਪੱਤਰਕਾਰੀ ਕਰਨੀ ਪੈਂਦੀ ਸੀ--ਉਹਨਾਂ ਵੇਲਿਆਂ ਤੋਂ। ਅੱਸੀਵਿਆਂ ਦੌਰਾਨ ਲਹੂਲੁਹਾਨ ਹੋਏ ਪੰਜਾਬ ਦੀਆਂ ਹਕੀਕਤਾਂ ਨੂੰ ਸੰਭਾਲਣ ਵਰਗੇ ਬਹੁਤੇ ਸਾਰੇ ਕਈ ਕੰਮ ਕਰਦਿਆਂ ਇਸ ਟੀਮ ਨੇ ਇਸ ਪਰਚੇ ਨੂੰ ਹਰ ਹੀਲੇ ਜਾਰੀ ਰੱਖਿਆ। ਪਰਚੇ ਦੇ ਸੰਪਾਦਕ ਨਾਜਰ ਸਿੰਘ ਬੋਪਾਰਾਏ ਦੇ ਪਿਤਾ ਨਿਧਾਨ ਸਿੰਘ ਘੁਢਾਣੀ ਕਲਾਂ ਦੀ ਸ਼ਹਾਦਤ ਵਰਗੇ ਬੇਹੱਦ ਔਖੇ ਸਮੇਂ ਅਤੇ ਕਈ ਹੋਰ ਮਜਬੂਰੀਆਂ ਦੇ ਬਾਵਜੂਦ ਇਸ ਪਰਚੇ ਨੇ ਨਾ ਤਾਂ ਆਪਣੀ ਪ੍ਰਤਿਬਧਤਾ ਛੱਡੀ ਅਤੇ ਨਾ ਹੀ ਸੁਰ ਅਤੇ ਅੰਦਾਜ਼ ਵਿੱਚ ਕੋਈ ਤਬਦੀਲੀ ਆਉਣ ਦਿੱਤੀ। ਕਈ ਵਾਰ ਕਈ ਮਾਮਲਿਆਂ ਤੇ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਇਸ ਪਰਚੇ ਨੇ ਸਥਾਨਕ ਪਧਰ ਤੋਂ ਲੈ ਕੇ ਕੌਮਾਂਤਰੀ ਰਾਜਨੀਤੀ ਤੱਕ ਆਪਣੇ ਨਜ਼ਰੀਏ ਖੁੱਲ ਕੇ ਪ੍ਰਗਟ ਕੀਤੇ। ਇਸ ਵਾਰ ਸਤੰਬਰ-ਅਕਤੂਬਰ 2013 ਦੇ ਅੰਕ ਵਿੱਚ ਮਨਪ੍ਰੀਤ ਦੀਆਂ ਤਿੰਨ ਕਾਵਿ ਟੁਕੜੀਆਂ ਅਸਲ ਵਿੱਚ ਤਿੰਨ ਕਾਵਿ ਹਲੂਣੇ ਹਨ। ਸਿਆਸਤ ਅਤੇ ਸੱਤਾ ਦੀਆਂ ਪਰਤਾਂ ਨੂੰ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਖੋਹਲ ਰਹੀਆਂ ਹਨ ਮਨਪ੍ਰੀਤ ਦੀਆਂ ਇਹ ਅਣੂ ਰਚਨਾਵਾਂ। ਚੁਰਾਸੀ ਅਤੇ ਸੰਤਾਲੀ ਦੇ ਸਬੰਧਾਂ ਦੀ ਗੱਲ ਕਲਮਕਾਰ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਹੈ। ਤੁਹਾਨੂੰ ਇਹ ਰਚਨਾਵਾਂ ਕਿਵੇਂ ਲੱਗੀਆਂ ਜਰੂਰ ਦੱਸਣਾ--ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। -ਰੈਕਟਰ ਕਥੂਰੀਆ 
(1) ਰਾਜ ਧਰਮ   
ਇਸ਼ਟ ਦਾ ਨਾਮ
ਘੁੱਗ ਵਸਦੇ ਘਰਾਂ ਲਈ
ਮੌਤ ਦਾ ਸੁਨੇਹਾ ਬਣ ਓੁੱਤਰਦਾ,
ਹਰ ਪੰਜੀ ਸਾਲੀਂ
ਜਮਹੂਰੀਅਤ ਦੇ ਤਖਤ ਦੇ ਪਾਵੇ
ਨਿਰਦੋਸ਼ ਲਹੂ ਨਾਲ ਧੁਲਦੇ
ਹਰ ਯੁੱਗ ਵਿੱਚ
ਸੱਤਾ ਦੀਆਂ ਪੌੜੀਆਂ
“ਧਰਮ-ਗੁਰੂ'' ਤੇ ਰਾਜੇ
ਹੱਥਾਂ ਦੀ ਕਰਿੰਘੜੀ ਪਾ ਚੜ੍ਹਦੇ

------------------------

(2) ਅਖਬਾਰਾਂ ਦੀ ਭਾਸ਼ਾ
ਬਹੁਤ ਮਕਾਰ ਹੈ
ਅਖਬਾਰਾਂ ਦੀ ਭਾਸ਼ਾ
'ਕਤਲੇਆਮ' ਨੂੰ ਫਸਾਦ ਆਖਦੀ
ਸ਼ਿਸ਼ਕਾਰੇ, ਸਿਧਾਏ ਤੇ ਪਾਲੇ 
ਗੁੰਡਾ-ਟੋਲਿਆਂ ਨੂੰ
'ਆਪ-ਮੁਹਾਰੀ' ਭੀੜ ਆਖਦੀ
ਬਸ ਲੋਥਾਂ ਦੀ ਗਿਣਤੀ ਦੱਸਦੀ
ਹਥਿਆਰਾਂ ਦੀਆਂ ਕਿਸਮਾਂ ਦੱਸਦੀ
ਵਰਤਣ ਵਾਲੇ ਹੱਥਾਂ ਦਾ
ਨਾਮ ਲੈਣ ਤੋਂ ਟਲਦੀ



(3) ਸਮੇਂ ਦੀ ਅੱਖ 
ਲਾਲ ਕਿਲੇ ਦੀ ਫਸੀਲ ਹਰ ਵਰ੍ਹੇ
ਜਿੰਨੇ ਚਾਹੇ
'ਜਮਹੂਰੀਅਤ' ਦੇ ਐਲਾਨ ਕਰੇ
“ਧਰਮ-ਨਿਰਪੱਖਤਾ'' ਦੀ ਦਰਬਾਰੀ ਨਾਚੀ
ਅਖਬਾਰਾਂ, ਰੇਡੀਓ ਦੇ ਵਿਹੜੇ
ਜਿੰਨਾ ਚਾਹੇ ਨੱਚਦੀ ਰਹੇ
ਸਮੇਂ ਦੀ ਅੱਖ 
ਸਭ ਜਾਣਦੀ ਹੈ
ਸਮੇਂ ਦੀ ਅੱਖ ਨੂੰ
ਮੁਜੱਫਰਨਗਰ ਦਾ ਗੁਜਰਾਤ ਨਾਲ
'ਤੇ ਚੁਰਾਸੀ ਦਾ ਸੰਤਾਲੀ ਨਾਲ
ਰਿਸ਼ਤਾ ਪਤਾ ਹੈ।
                         -ਮਨਪ੍ਰੀਤ

No comments: