Thursday, September 26, 2013

26 ਸਤੰਬਰ ਬਰਸੀ ਮੌਕੇ//ਮਾਂ ਨੂੰ ਯਾਦ ਕਰਦੇ ਹੋਏ//ਗਜਿੰਦਰ ਸਿੰਘ, ਦਲ ਖਾਲਸਾ

24 ਮਈ 1981 ਨੂੰ ਮੈਂ ਘਰ ਛਡਿਆ ਸੀ,     ਗਜਿੰਦਰ ਸਿੰਘ, ਦਲ ਖਾਲਸਾ
ਤੇ ਉਸ ਦਿਨ ਮੈਂ ਆਪਣੀ ਮਾਂ ਨੂੰ ਆਖਰੀ ਵਾਰ ਦੇਖਿਆ ਸੀ
ਮੇਰੀ ਇਕ ਮਾਂ ਹੈ, ਜਿਸ ਦੀ ਬੜੀ ਠੰਡੀ ਤੇ ਮਿੱਠੀ ਛਾਂ ਹੈ 
ਜਦੋਂ ਮੈਂ ਬੂਹੇ ਨੂੰ ਟੱਪਣ ਲੱਗਣਾ, ਉਸ ਕਹਿਣਾ ਅਰਦਾਸ ਕਰ ਕੇ ਜਾ 
ਗੁਰੂ ਤੇਰੇ ਅੰਗ ਸੰਗ ਰਹੇਗਾ, ਤੈਨੂੰ ਲੱਗੇ ਨਾ ਤੱਤੀ ਵਾਅ 
ਮਾਂ ਕਹਿੰਦੀ ਸੀ "ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ
ਸੁੱਖਾਂ ਵੀ ਮੰਗਦੀ ਹੋਵੇਂਗੀ ਮਾਏ, ਮਾਣ ਵੀ ਕਰਦੀ ਹੋਵੇਂਗੀ ਜ਼ਰੂਰ" 
ਅੱਜ ਉਸ ਠੰਡੀ ਮਿੱਠੀ ਛਾਂ ਵਾਲੀ ਤੇ ਹਰ ਵੇਲੇ ਸੁੱਖ ਮੰਗਣ ਵਾਲੀ ਮੇਰੀ ਮਾਂ ਦੇ ਅਕਾਲ ਚਲਾਣੇ ਨੂੰ ਪੂਰੇ ਬਾਈ ਸਾਲ ਹੋ ਰਹੇ ਹਨ, ਯਾਨੀ ਅੱਜ ਉਹਨਾਂ ਦੀ ਬਰਸੀ ਹੈ । 26 ਸਤੰਬਰ 1991 ਨੂੰ, ਜਦੋਂ ਮੈਂ ਜੇਲ੍ਹ ਵਿੱਚ ਸਾਂ, ਉਹਨਾਂ ਦਾ ਅਕਾਲ ਚਲਾਣਾ ਹੋਇਆ ਸੀ । 24 ਮਈ 1981 ਨੂੰ ਮੈਂ ਘਰ ਛਡਿਆ ਸੀ, ਤੇ ਉਸ ਦਿਨ ਮੈਂ ਆਪਣੀ ਮਾਂ ਨੂੰ ਆਖਰੀ ਵਾਰ ਦੇਖਿਆ ਸੀ। ਮੇਰੀ ਮਾਂ ਨੂੰ ਉਸ ਦੀ ਕੋਸ਼ਿਸ਼ ਦੇ ਬਾਜਜੂਦ ਭਾਰਤੀ ਹਕੂਮੱਤ ਵੱਲੋਂ ਪਾਸਪੋਰਟ ਨਹੀਂ ਸੀ ਦਿੱਤਾ ਗਿਆ, ਸੋ ਘਰ ਛੱਡਣ ਬਾਦ ਦੁਬਾਰਾ ਕਦੇ ਮਾਂ ਨਾਲ ਗਲੇ ਨਹੀਂ ਮਿਲ ਸਕਿਆ । ਹਾਂ, ਜੇਲ੍ਹ ਦੀ ਜ਼ਿੰਦਗੀ ਦੌਰਾਨ ਸਾਡੀ ਮਾਂ ਪੁੱਤ ਦੀ ਮੁਲਾਕਾਤ ਚਿੱਠੀਆਂ ਰਾਹੀਂ ਅਕਸਰ ਹੁੰਦੀ ਰਹੀ ਹੈ………।
ਮਾਏ ਨੀ ਤੂੰ ਛਾਂ ਨੀ
ਮਾਏ ਨੀ ਤੂੰ ਨਿੱਘ ਨੀ
ਮਾਏ ਨੀ ਤੂੰ ਠੰਡੀ ਠੰਡੀ ਵਾਅ
ਪਿਆਰ ਤਾਂ ਪਿਆਰਾ ਤੇਰਾ
ਗੁੱਸਾ ਵੀ ਪਿਆਰਾ ਲੱਗੇ
ਸਾਨੂੰ ਤੇਰੇ ਮਿਲਣੇ ਦਾ ਚਾਅ
ਮੈਂ ਆਖਾਂ ਮੈਂ ਕੈਦੀ
ਤੂੰ ਆਖੈਂ ਤੂੰ ਕੈਦੀ
ਮਿਲਣੇ ਦਾ ਦਿੱਸੇ ਨਾ ਕੋਈ ਰਾਹ
ਬੂਹੇ ਸਾਰੇ ਬੰਦ ਨੇ
ਤੇ ਆਸਾਂ ਵੀ ਨੇ ਟੁੱਟੀਆਂ
ਸਾਹਾਂ ਦਾ ਵੀ ਮਾਏ ਕੀ ਵਿਸਾਹ

ਆਪਣੀ ਮਾਂ ਨਾਲ ਮੇਰਾ ਰਿਸ਼ਤਾ ਆਮ ਤੋਂ ਕੁੱਝ ਖਾਸ, ਕੁੱਝ ਵੱਖਰਾ ਸੀ ।
ਮੇਰੀ ਮਾਂ, ਮੇਰੀ ਕੌਮੀ ਜ਼ਿੰਦਗੀ ਦਾ ਪ੍ਰੇਰਣਾ ਸ੍ਰੋਤ ਤਾਂ ਸੀ ਹੀ, ਪਰ ਆਪਣੇ ਆਪ ਵਿੱਚ ਵੀ ਸੰਘਰਸ਼ ਦਾ ਇਕ ਹਿੱਸਾ ਸੀ । ਮਾਂ ਨਾਲ ਗੱਲਾਂ ਕਰਦੇ, ਦੁੱਖ ਸੁੱਖ ਸਾਂਝੇ ਕਰਦੇ ਮੈਂ ਕਈ ਕਵਿਤਾਵਾਂ ਲਿਖੀਆਂ ਹਨ ।
ਦੂਰ ਮੈਂ ਤੇਤੋਂ ਦੂਰ ਬਹੁਤ ਹਾਂ 
ਮਾਂ ਮੈਂ ਅੱਜ ਮਜਬੂਰ ਬਹੁਤ ਹਾਂ
ਸੁਣ ਨਹੀਂ ਸਕਦਾ, ਕਹਿ ਨਹੀਂ ਸਕਦਾ
ਚੁੱਪ ਵੀ ਲੇਕਿਨ ਰਹਿ ਨਹੀਂ ਸਕਦਾ
ਜਦ ਵੀ ਕੋਈ ਦਰਦ ਸਤਾਵੇ
ਜਦ ਕੋਈ ਕੰਢਾ ਚੁੱਭ ਜਾਵੇ
ਦਿਲ ਚਾਹੇ ਤੈਨੂੰ ਦਰਦ ਸੁਣਾਵਾਂ
ਪੀੜ ਦੀ ਸਾਂਝ ਤੇਰੇ ਨਾਲ ਪਾਵਾਂ
ਤੂੰ ਮੇਰੇ ਦੁੱਖ ਸੁੱਖ ਦੀ ਸਾਂਝਣ 
ਤੂੰ ਮਾਂ ਮੇਰੀ, ਮਹਿਰਮ ਮੇਰੀ
ਤੂੰ ਮੇਰੀ ਸ਼ਕਤੀ, ਤੂੰ ਕਮਜ਼ੋਰੀ
ਤੇਤੋਂ ਦਸ ਫਿਰ ਕਾਹਦੀ ਚੋਰੀ

ਉਹਨਾਂ ਦੇ ਅਕਾਲ ਚਲਾਣੇ ਬਾਦ ਇਕ ਲੰਮਾ ਲੇਖ ਵੀ ਲਿਖਿਆ ਸੀ, "ਮਾਂ ਠੰਡੀ ਛਾਂ, ਅਤੇ ਮਿੱਤਰ ਵੀ"।
ਅੱਜ ਸੋਚ ਰਿਹਾ ਸਾਂ ਕਿ ਆਪ ਨਾਲ ਉਹ ਲੇਖ ਸਾਂਝਾ ਕਰਾਂ, ਜਾਂ ਕੋਈ ਕਵਿਤਾ …………..।
ਅਖੀਰ ਇਹ ਸੋਚ ਕੇ ਲੇਖ ਨਾ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ, ਕਿ ਫੇਸਬੁੱਕ ਸ਼ਾਇਦ ਲੰਮੇ ਲੇਖ ਸਾਂਝੇ ਕਰਨ ਦੀ ਥਾਂ ਨਹੀਂ ਹੈ ।
ਬੀਜੀ ਦੇ ਅਕਾਲ ਚਲਾਣੇ ਦੇ ਇਕ ਸਾਲ ਬਾਦ ਉਹਨਾਂ ਨੂੰ, ਤੇ ਉਹਨਾਂ ਦੀਆਂ ਚਿੱਠੀਆਂ ਨੂੰ ਮਿੱਸ ਕਰਦੇ ਹੋਏ, ਇਕ ਕਵਿਤਾ ਵਿੱਚ ਦਿੱਲ ਦੀਆਂ ਕੁੱਝ ਗੱਲਾਂ ਕੀਤੀਆਂ ਸਨ, ਤੇ ਭੈਣਾਂ ਭਰਾਵਾਂ ਪ੍ਰਤੀ ਸ਼ਿਕਵੇ ਕੀਤੇ ਸਨ । ਸੋਚਦਾਂ ਇਹ ਕਵਿਤਾ ਆਪ ਨਾਲ ਸਾਂਝੀ
ਉਮਰ ਦੇ ਹਿਸਾਬ ਨਾਲ ਅੱਜ ਭਾਵੇਂ ਮੈਂ ਖੁੱਦ ਨਾਨਾ/ਦਾਦਾ ਬਣ ਚੁੱਕਾ ਹਾਂ, ਪਰ ਪਿੱਛਲੇ ਕੁੱਝ ਦਿਨਾਂ ਤੋਂ ਬੀਜੀ ਦੀ ਬਹੁਤ ਯਾਦ ਆ ਰਹੀ ਹੈ ……।

ਠੰਡੀ ਮਿੱਠੀ ਛਾਂ ਵਾਲੀ
ਠੰਡੀ ਮਿੱਠੀ ਛਾਂ ਵਾਲੀ
ਤੁਰ ਗਈ ਮਾਂ
ਤੁਰ ਗਈ ਮਾਂ
ਜਿਦ੍ਹੀ ਠੰਡੀ ਮਿੱਠੀ ਛਾਂ 
ਰਿਹਾ ਤਾਲੇ ਪਿੱਛੇ ਬੰਦ
ਉਹਦਾ ਮੁੱਕ ਗਿਆ ਪੰਧ
ਛੱਡ ਤੁਰ ਗਈ ਅਗਲੇ ਜਹਾਂ
ਠੰਡੀ ਮਿੱਠੀ ਛਾਂ ਵਾਲੀ
ਤੁਰ ਗਈ ਮਾਂ
ਉਹਦੇ ਦਿਲ ਦੀਆਂ 
ਉਹਦੇ ਨਾਲ ਮੁੱਕ ਗਈਆਂ
ਮੇਰੇ ਰੋਸੇ, ਮੇਰੀਆਂ ਚਾਹਾਂ
ਮੇਰੇ ਦਿਲ ਵਿਚ ਰਹੀਆਂ
ਕਿਦ੍ਹੇ ਗੱਲ ਲੱਗ ਰੋਵਾਂ
ਕਿਹਨੂੰ ਦੁਖੜੇ ਸੁਣਾਂ
ਠੰਡੀ ਮਿੱਠੀ ਛਾਂ ਵਾਲੀ
ਤੁਰ ਗਈ ਮਾਂ
ਤੇਰੇ ਪਿਛੋਂ ਮੇਰੀ ਮਾਏ
ਸਭ ਹੋ ਗਏ ਪਰਾਏ
ਨਾ ਕੋਈ ਭੈਣ ਨਾ ਭਰਾ
ਸਭਨਾ ਦਿੱਤਾ ਈ ਭੁਲਾ
ਨਾ ਕੋਈ ਹਾਲ ਚਾਲ ਪੁੱਛੇ
ਨਾ ਕੋਈ ਚਿੱਠੀ ਹੁਣ ਪਾਵੇ
ਨਾ ਦਿਲਾਸਾ ਕੋਈ ਦੇਵੇ
ਨਾ ਕੋਈ ਦੁਖੜੇ ਵੰਡਾਵੇ
ਕਿਹਨੂੰ ਚਿੱਠੀ ਮਾਏ ਪਾਵਾਂ
ਕਿਹਦੀ ਚਿੱਠੀ ਨੂੰ ਉਡੀਕਾਂ
ਤੇਰੇ ਬਾਝੋਂ ਉਸ ਘਰ
ਮੈਨੂੰ ਦਿਸਦਾ ਕੋਈ ਨਾ
ਠੰਡੀ ਮਿੱਠੀ ਛਾਂ ਵਾਲੀ
ਤੁਰ ਗਈ ਮਾਂ
ਤੁਰ ਗਈ ਮਾਂ
ਜਿਦ੍ਹੀ ਠੰਡੀ ਮਿੱਠੀ ਛਾਂ 
………………

No comments: