Tuesday, August 13, 2013

ਇੰਟਰਨੈਸ਼ਨਲ ਕਬੱਡੀ ਕੱਪ (ਯੂ.ਕੇ.)

Tue 13, 2013 at 4:28
ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਾਕਿਸਤਾਨ ਨੂੰ ਦਰੜਿਆ-ਖੱਟੜਾ
ਅੰਮ੍ਰਿਤਸਰ: 13 ਅਗਸਤ (ਪੰਜਾਬ ਸਕਰੀਨ ਬਿਊਰੋ//ਕਿੰਗ): ਲੰਡਨ ਦੇ ਡਾਟਫੋਰਡ ਫੁੱਟਬਾਲ ਸਟੇਡੀਅਮ ਵਿਚ ਇੰਟਰਨੈਸ਼ਨਲ ਕਬੱਡੀ ਕੱਪ 2013 ਮੌਕੇ ਸ੍ਰ ਮੇਜਰ ਸਿੰਘ ਕੋਚ ਦੀ ਅਗਵਾਈ ਵਿਚ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਕੱਬਡੀ ਟੀਮ ਵਲੈਤ ਦੇ ਕਬੱਡੀ ਪ੍ਰੇਮੀਆਂ ਵੱਲੋਂ ਦਿੱਤੇ ਪਿਆਰ ਨੂੰ ਕਦੇ ਵੀ ਨਹੀਂ ਭੁੱਲ ਸਕੇਗੀ। ਕਬੱਡੀ ਜਗਤ ਦੇ ਹਰਮਨ ਪਿਆਰੇ ਅਤੇ ਸ਼੍ਰੋਮਣੀ ਕਮੇਟੀ ਦੇ ਧੱਕੜ ਧਾਵੀ ਸ੍ਰ. ਬਿਕਰਮਜੀਤ ਸਿੰਘ ਜੰਗੀ ਦੀ ਦੁਖਦਾਈ ਮੌਤ ਦੇ ਸਦਮੇ ਵਿਚ ਰਹਿੰਦਿਆਂ ਵੀ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਸਿੱਖਰਾਂ ਦੀ ਖੇਡ ਵਿਖਾਈ। ਇਸ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ।
ਇੰਗਲੈਂਡ ਦੇ ਇਸ ਵਰਲਡ ਕਬੱਡੀ ਕੱਪ ਸਬੰਧੀ ਜਾਣਕਾਰੀ ਦੇਂਦਿਆਂ ਸ.ਦਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਇੰਗਲੈਂਡ ਦਾ ਵਰਲਡ ਕਬੱਡੀ ਕੱਪ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਜਿੱਤਿਆ ਪਰ ਸ਼੍ਰੋਮਣੀ ਕਮੇਟੀ ਕਬੱਡੀ ਟੀਮ ਦਾ ਪਾਕਿਸਤਾਨ ਦੀ ਕਬੱਡੀ ਟੀਮ ਨਾਲ ਹੋਇਆ ਇਹ ਮੈਚ ਟੂਰਨਾਮੈਂਟ ਦੀ ਸਿੱਖਰ ਸੀ। ਕਿਉਂਕਿ ਕਬੱਡੀ ਪ੍ਰੇਮੀਆ ਨੁੰ ਇਹ ਆਸ ਸੀ ਕਿ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਵੇਗਾ। ਪਾਕਿਸਤਾਨ ਦੇ ਕਬੱਡੀ ਪ੍ਰਧਾਨ ਮੁਹੰਮਦ ਸਰਵਰ ਦੀ ਅਗਵਾਈ ਵਿਚ ਪਾਕਿਸਤਾਨ ਦੇ ਧਨੰਤਰ ਖਿਡਾਰੀ ਲਾਲਾ ਅਵੈਦੁੱਲਾ, ਮੁਸ਼ੱਰਫ ਜੰਜੂਆਂ, ਸ਼ਹਿਜਾਦ ਗੁੱਜਰ, ਮਾਨਾ ਜੱਟ ਲੁਧਿਆਣਵੀ ਨਾਲ ਲੈਸ ਇਹ ਟੀਮ ਪੂਰੇ ਜਲੋ ਵਿਚ ਸੀ। ਸ਼੍ਰੋਮਣੀ ਕਮੇਟੀ ਦੇ ਗੁਰਮੀਤ ਸਿੰਘ ਮੰਡੀਆਂ, ਗੁਰਪ੍ਰੀਤ ਸਿੰਘ ਗੋਪੀ ਮਾਣਕੀ, ਕਰਮਜੀਤ ਸਿੰਘ ਲਾਸਾੜਾ, ਸਤਨਾਮ ਸਿੰਘ ਸੱਤੂ, ਗਗਨ ਜੋਗੇਵਾਲਾ ਅਤੇ ਨੰਨੀ, ਸ਼ਾਮਲ ਸਨ। ਇਹ ਮੈਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਅੰਕ ਦੇ ਫਰਕ ਨਾਲ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ। ਸ.ਖੱਟੜਾ ਨੇ ਕਿਹਾ ਕਿ ਮੈਚ ਸਮੇਂ ਸਟੇਡੀਅਮ ਵਿਚ ਬੈਠੇ ਦਰਸ਼ਕਾਂ ਨੇ ਸ਼੍ਰੋਮਣੀ ਕਮੇਟੀ ਦੇ ਖਿਡਾਰੀਆਂ ਦੀ ਰੱਜ ਕੇ ਹੌਸਲਾ ਅਫਜਾਈ ਕੀਤੀ। ਮਾਣਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਨੇ ਇਸ ਟੂਰਨਾਮੈਂਟ ਦੇ ਅਗਾਜ ਵਿਚ ਜਾਣਾ ਸੀ ਪਰ ਉਹ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦੀ ਅੰਤਿਮ ਅਰਦਾਸ ਕਾਰਨ ਸ਼ਾਮਲ ਨਹੀਂ ਹੋ ਸਕੇ। ਇਸ ਟੂਰਨਮੈਂਟ ਦਾ ਅਗਾਜ ਕਰਨ ਦਾ ਸੁਭਾਗ ਸ੍ਰ. ਦਲਮੇਘ ਸਿੰਘ ਖੱਟੜਾ, ਸਕੱਤਰ ਸ਼੍ਰੋਮਣੀ ਕਮੇਟੀ ਨੂੰ ਮਿਲਿਆ। ਇਸ ਟੀਮ ਨੂੰ ਦਵਿੰਦਰ ਸਿੰਘ ਛਿੰਦੀ ਏ ਵੰਨ ਅਤੇ ਸ੍ਰ. ਹਰਨੇਕ ਸਿੰਘ ਨੇਕਾ ਮੈਰੀਪੁਰ ਵੱਲੋਂ ਸਪਾਂਸਰ ਕੀਤਾ ਗਿਆ ਸੀ।

No comments: