Thursday, August 08, 2013

ਮਾਮਲਾ ਰੋਮ ਹਵਾਈ ਅੱਡੇ ਤੇ ਦਸਤਾਰ ਦੀ ਤਲਾਸ਼ੀ ਦਾ

Wed, Aug 7,2013 at 7:24 PM
ਕੌਣ ਰੋਕੇਗਾ ਲੰਮੇ ਸਮੇਂ ਤੋਂ ਜਾਰੀ ਦਸਤਾਰ ਦਾ ਅਪਮਾਨ 
ਮਨਜੀਤ ਸਿੰਘ ਜੀ.ਕੇ. ਨੂੰ ਪਰੇਸ਼ਾਨ ਕਰਨਾ ਮੰਦਭਾਗਾ-ਜ.ਅਵਤਾਰ ਸਿੰਘ
Courtesy Photo
ਜਥੇਦਾਰ ਅਵਤਾਰ ਸਿੰਘ 
ਅੰਮ੍ਰਿਤਸਰ: 07 ਅਗਸਤ 2013: (ਪੰਜਾਬ ਸਕਰੀਨ ਬਿਊਰੋ):  ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਇਟਲੀ ਦੇ ਰੋਮ ਹਵਾਈ ਅੱਡੇ ਤੇ ਸਕਿਉਰਿਟੀ ਦੇ ਨਾਮਪੁਰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਬਾਰੇ ਰੋਕੇ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿਖੇਧੀ ਕੀਤੀ ਹੈ। ਪਰ ਤਲਾਸ਼ੀਆਂ ਦੇ ਬਹਾਨੇ ਦਸਤਾਰ ਦੇ ਅਪਮਾਨ ਦਾ ਇਹ ਸਿਲਸਲਾ ਲੰਮੇ ਸਮੇਂ ਤੋਂ ਜਾਰੀ ਹੈ। ਪਹਿਲਾਂ ਵੀ ਤਲਾਸ਼ੀ ਦੇ ਨਾਮ ਤੇ ਕਈ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੂੰ ਦਸਤਾਰਾਂ ਉਤਾਰਨ ਲਈ ਆਖ ਕੇ ਜਲੀਲ ਕੀਤਾ ਜਾ ਚੁੱਕਿਆ ਹੈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ.ਮਨਜੀਤ ਸਿੰਘ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਸੰਸਥਾ ਦੇ ਮੁਖੀ ਵਜੋਂ 3 ਅਗਸਤ ਨੂੰ ਕਰਿਮਨਾ ਸ਼ਹਿਰ ਵਿਖੇ ਸਿੱਖ ਚੈਨਲ ਯੂ.ਕੇ. ਵੱਲੋਂ ਕੌਮਾਂਤਰੀ ਦਸਤਾਰ ਜਾਗਰੂਕ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸਨ, ਵਾਪਸੀ ਸਮੇਂ ਜਦੋਂ ਰੋਮ ਹਵਾਈ ਅੱਡੇ ਤੇ ਤਲਾਸ਼ੀ ਦੇ ਬਹਾਨੇ ਉਹਨਾਂ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ, ਉਹਨਾਂ ਨੇ ਆਪਣੀ ਪਹਿਚਾਣ ਦੱਸੀ ਪਰ ਹਵਾਈ ਅੱਡੇ ਦੇ ਕਰਮਚਾਰੀ ਦਸਤਾਰ ਉਤਾਰਨ ਲਈ ਬਜਿਦ ਰਹੇ। ਸ. ਜੀ.ਕੇ. ਨੇ ਕਿਹਾ ਕਿ ਸੰਸਥਾ ਦਾ ਮੁਖੀ ਹੋਣ ਦੇ ਨਾਤੇ ਉਹ ਦਸਤਾਰ ਸਬੰਧੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਹਨ, ਇਸ ਲਈ ਉਹ ਦਸਤਾਰ ਨਹੀਂ ਉਤਾਰਨਗੇ।
ਮਨਜੀਤ ਸਿੰਘ ਜੀ ਕੇ 
ਸ਼ਰਨਪਾਲ ਸਿੰਘ
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ। ਤਲਾਸ਼ੀ ਦੇ ਨਾਮਪੁਰ ਇਸ ਨੂੰ ਉਤਾਰਨਾ ਸੰਭਵ ਨਹੀਂ, ਇਸ ਲਈ ਇਟਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਭਾਵਨਾਵਾਂ ਨੂੰ ਸਮਝੇ ਕਿਉਂਕਿ ਇਟਲੀ ਦੇਸ਼ ਦੀ ਤਰੱਕੀ 'ਚ ਵੀ ਸਿੱਖਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਇਸ ਘਟਨਾ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਨੁਮਾਇੰਦਾਂ ਯੂ.ਕੇ. ਦੇ ਪ੍ਰਧਾਨ ਮੰਤਰੀ ਨੂੰ ਬਕਾਇਦਾ ਪੱਤਰ ਲਿਖੇ ਜਾਣਗੇ। ਉਹਨਾਂ ਕਿਹਾ ਕਿ ਯੂ.ਕੇ. ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਤਾਂ ਗੱਲਬਾਤ ਦੌਰਾਨ ਉਹਨਾਂ ਯਕੀਨ ਦਿਵਾਇਆ ਸੀ ਕਿ ਦਸਤਾਰ ਦਾ ਮਾਮਲਾ ਪਹਿਲ ਦੇ ਆਧਾਰ ਤੇ ਗੱਲਬਾਤ ਰਾਹੀਂ ਹੱਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਕੇਵਲ ਇਟਲੀ ਹੀ ਨਹੀਂ ਬਲਕਿ ਹੋਰਨਾਂ ਮੁਲਕਾਂ ਦੇ ਹਵਾਈ ਅੱਡਿਆਂ ਤੇ ਵੀ ਸਿੱਖਾਂ ਨਾਲ ਅਜਿਹਾ ਸਲੂਕ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਹਰ ਮੁਲਕ ਦੀ ਸਰਕਾਰ ਨਾਲ ਦਸਤਾਰ ਦੇ ਮਸਲੇ ਬਾਰੇ ਗੰਭੀਰਤਾ ਨਾਲ ਗੱਲ ਕਰਕੇ ਉਹਨਾਂ ਨੂੰ ਦਸਤਾਰ ਦੀ ਮਹਾਨਤਾ ਸਬੰਧੀ ਸੂਚਿਤ ਕਰਨਾ ਚਾਹੀਦਾ ਹੈ ਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਹੋਣ ਤੋਂ ਰੋਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਟਲੀ ਸਰਕਾਰ ਨੂੰ ਤਲਾਸ਼ੀ ਦੇ ਨਾਮਪੁਰ ਆਪਣੇ ਹਵਾਈ ਅੱਡਿਆਂ ਤੇ ਸਿੱਖਾਂ ਨੂੰ ਖੱਜਲ-ਖੁਆਰ ਨਹੀਂ ਕਰਨਾ ਚਾਹੀਦਾ।
ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ  ਵਾਪਰ ਚੁੱਕਿਆ ਹੈ। ਇਤਾਲਵੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਪਹਿਲਾਂ ਵੀ ਸਿੱਖ ਨੌਜਵਾਨ ਦੀ ਦਸਤਾਰ ਉਤਰਵਾਈ ਸੀ। ਇਹ ਸ਼ਾਇਦ ਦੋ-ਤਿੰਨ ਅਪ੍ਰੈਲ 2013 ਦੀ ਗੱਲ ਹੈ। ਇਹ ਨੌਜਵਾਨ ਕੋਈ ਹੋਰ ਨਹੀਂ ਬਲਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਮਾਰਕੇ ਦੇ ਪ੍ਰਧਾਨ ਸਾਬਕਾ ਪ੍ਰਧਾਨ ਰਣਜੀਤ ਸਿੰਘ ਦਾ ਸਪੁੱਤਰ ਸ਼੍ਰ੍ਨ੍ਪਾਲ ਸਿੰਘ ਸੀ। ਤਲਾਸ਼ੀ ਸਮੇਂ ਦੇਰ ਲੱਗਣ ਕਾਰਨ ਉਸ ਨੌਜਵਾਨ ਨੂੰ ਕਾਰ ’ਚ ਸਫਰ ਵੀ ਕਰਨਾ ਪਿਆ ਸੀ। ਉਸ ਵੇਲੇ,ਵੀ ਇਹ ਮਾਮਲਾ ਮੀਡੀਆ 'ਚ ਉੱਠਿਆ ਸੀ ਪਰ ਫਿਰ ਜਲਦੀ ਹੀ ਗੱਲ ਠੰਡੀ ਪੈ ਗਈ ਅਤੇ ਇਸਦੀ ਰੋਕਥਾਮ ਲਈ ਕੋਈ ਅਸਰਦਾਇਕ ਕਦਮ ਨਹੀਂ ਚੁੱਕਿਆ ਜਾ ਸਕਿਆ। 
ਅਸਲ ਵਿੱਚ ਇਟਲੀ ਦੇ ਹਵਾਈ ਅੱਡਿਆਂ ਉੱਪਰ ਤਲਾਸ਼ੀ ਦੇ ਨਾਂ ਹੇਠ ਸਿੱਖਾਂ ਦੀ ਦਸਤਾਰ ਉਤਰਵਾਉਣ ਦਾ ਮਾਮਲਾ ਕੋਈ ਨਵਾਂ ਨਹੀਂ। ਸ਼ਰਨਪਾਲ ਸਿੰਘ ਦੀ ਦਸਤਾਰ ਉਦੋਂ ਉਤਰਵਾਈ ਗਈ ਸੀ ਜਦੋਂ ਉਸ ਨੇ ਆਪਣੇ ਸਮੁੱਚੇ ਪਰਿਵਾਰ ਸਮੇਤ ਜਰਮਨ ਦੇ ਸ਼ਹਿਰ ਹਮਬਰਗ ਜਾਣ ਲਈ ਫਿਲਾਇਟ ਲੈਣੀ ਸੀ। ਇਹ ਵੀ ਪਤਾ ਲੱਗਾ ਹੈ ਕਿ ਤਲਾਸ਼ੀ ਲਈ ਸਮਾਂ ਵੱਧ ਲੱਗ ਜਾਣ ਕਰਕੇ ਉਹ ਫਲਾਈਟ ਵੀ ਨਹੀਂ ਲੈ ਸਕਿਆ। ਉਸ ਨੂੰ ਕਾਰ ਰਾਹੀਂ ਜਰਮਨੀ ਜਾਣਾ ਪਿਆ ਅਤੇ ਭਾਰੀ ਖੱਜਲ-ਖੁਆਰੀ ਹੋਈ। ਏਅਰਪੋਰਟ ਅਧਿਕਾਰੀਆਂ ਵੱਲੋਂ ਤਲਾਸ਼ੀ ਲਈ ਦਸਤਾਰ ਉਤਾਰਨ ਲਈ ਕਹਿਣ ਸਮੇਂ ਸ਼ਰਨਪਾਲ ਸਿੰਘ ਨੇ ਯੂਰਪੀਅਨ ਕਮਿਸ਼ਨ ਵੱਲੋਂ ਪਾਸ ਕੀਤੇ ਕਾਨੂੰਨ ਦੀ ਫੋਟੋ ਕਾਪੀ ਵੀ ਪੇਸ਼ ਕੀਤੀ ਪ੍ਰੰਤੂ ਅਧਿਕਾਰੀਆਂ ਨੇ ਉਸ ਦੀ ਇਕ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕਾਬਿਲੇ ਜ਼ਿਕਰ ਹੈ ਕਿ ਕੁਝ ਮਹੀਨੇ ਪਹਿਲਾਂ ਯੂਰਪੀਅਨ ਕਮਿਸ਼ਨ ਨੇ ਸਿੱਖਾਂ ਦੀ ਦਸਤਾਰ ਦੀ ਹਿਫਾਜ਼ਤ ਲਈ ਇਕ ਕਾਨੂੰਨ ਵੀ ਪਾਸ ਕੀਤਾ ਸੀ ਜਿਸ ਸਬੰਧੀ ਇਟਲੀ ਦੇ ਸਿੱਖ ਆਗੂਆਂ ਨੇ ਅਖ਼ਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ। ਇਸ ਘਟਨਾ ਨੂੰ ਲੈ ਕੇ ਇਟਲੀ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਵੀ ਪੈਦਾ ਹੋਇਆ ਸੀ। ਪੰਥਕ ਸ਼ਖ਼ਸੀਅਤ ਭਾਈ ਹਰਪਾਲ ਸਿੰਘ ਦਾਦੂਵਾਲ ਨੇ ਇਸਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ 'ਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਠੋਸ ਉਪਰਾਲਾ ਕਰਨ ਦੀ ਲੋੜ ਹੈ।
ਅਮ੍ਰਿਤਇੰਦਰ ਸਿੰਘ 
ਸੰਨ 2011 ਦੇ ਮਾਰਚ ਮਹੀਨੇ ਦੇ ਤੀਜੇ ਹਫਤੇ ਦੌਰਾਨ ਜੀਵ ਮਿਲਖਾ ਸਿੰਘ ਦੇ ਕੋਚ ਅੰਮ੍ਰਿਤਇੰਦਰ ਸਿੰਘ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਗਿਆ ਸੀਕੋਚ ਅੰਮ੍ਰਿਤਇੰਦਰ ਸਿੰਘ ਨਾਲ ਵਾਪਰੀ ਘਟਨਾ ਇਸ ਲੈ ਵੀ ਵਧੇਰੇ ਮੰਦਭਾਗੀ ਸੀ ਕਿਓਂਕਿ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਂਚ ਦੌਰਾਨ ਹਥਲੇ ਸਮਾਨ ਸਮੇਤ ਦਸਤਾਰ ਨੂੰ ਜਨਤਕ ਤੌਰ 'ਤੇ ਉਤਾਰ ਕੇ ਜਾਂਚ ਟਰੇਅ ਵਿਚ ਰੱਖਣ ਲਈ ਕਿਹਾ, ਜੋ ਕਿ ਇਕ ਸਿੱਖ ਦਸਤਾਰਧਾਰੀ ਲਈ ਬੁਰੀ ਤਰ੍ਹਾਂ ਨਾਗਵਾਰ ਹੋਣ ਵਾਲੀ ਗੱਲ ਹੀ ਸੀ। ਭਖਦਾ ਭਖਦਾ ਇਹ ਮਸਲਾ ਪਾਰਲੀਮੈਂਟ ਤੱਕ ਵੀ ਪਹੁੰਚਿਆ ਕਿਉਂਕਿ ਸਿੱਖ ਭਾਈਚਾਰੇ ਵੱਲੋਂ ਭਾਰਤ ਸਰਕਾਰ ਉੱਤੇ ਘੱਟ ਗਿਣਤੀਆਂ ਕਾਰਨ ਅਣਗੌਲਿਆ ਕਰਨ ਦੇ ਦੋਸ਼ ਲਾਏ ਗਏ ਅਤੇ ਰੋਸ ਜਾਹਿਰ ਕੀਤਾ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ। ਇਸ ਮਸਲੇ ਬਾਰੇ ਸਰਕਾਰ ਨੇ ਨੋਟਿਸ ਵੀ ਲਿਆ ਸੀ ਇਸ ਸਬੰਧੀ ਕੌਂਸਲੇਟ ਨੂੰ ਕੀਤੀ ਸ਼ਿਕਾਇਤ ਅਤੇ ਮੀਡੀਆ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਉੱਭਰੇ ਮਸਲੇ ਸਬੰਧੀ ਦਿੱਲੀ ਸਥਿਤ ਇਟਾਲੀਅਨ ਅੰਬੈਸੀ ਦੇ ਰਾਜਦੂਤ ਜਿਆਕੋਮੋ ਸੰਨਫੇਲੀਚੇ ਮੌਂਤੇਫੋਰਤੇ ਵੱਲੋਂ ਵਿਦੇਸ਼ ਮੰਤਰਾਲੇ ਨੂੰ ਸਪਸ਼ਟੀਕਰਨ ਲਈ ਵੀ ਭੇਜਿਆ ਗਿਆ। ਜਿਸ ਦਾ ਜੁਆਬ ਭਾਰਤ ਦੇ ਵਿਦੇਸ਼ ਮੰਤਰੀ ਨੇ ਢੁੱਕਵੇਂ ਸ਼ਬਦਾਂ ਵਿਚ ਦਿੰਦਿਆਂ ਇਸ ਹਾਦਸੇ ਦੀ ਬਹੁਤ ਹੀ ਸਖਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਸੁਰੱਖਿਆ ਜਾਂਚ ਨੀਤੀ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ ਜਿਸ ਕਾਰਨ ਭਾਰਤ ਦੀ ਸ਼ਾਨ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਹੁੰਦੀ ਹੋਵੇ। ਉਹਨਾਂ ਕਿਹਾ ਕਿ ਭਾਰਤ ਅਤੇ ਭਾਰਤੀ ਸਿੱਖ ਭਾਈਚਾਰੇ ਦੀ ਦਸਤਾਰ ਦਾ ਸਤਿਕਾਰ ਕਰਦੇ ਹਨ ਅਤੇ ਭਾਰਤੀਆਂ ਨੂੰ ਸਿੱਖਾਂ ਦੀ ਦਸਤਾਰ 'ਤੇ ਮਾਣ ਹੈ। ਇਸ ਉਪਰੰਤ ਇਟਾਲੀਅਨ ਰਾਜਦੂਤ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ, ਭਾਰਤੀਆਂ ਦੀ ਦਸਤਾਰ ਦਾ ਪੂਰਨ ਸਤਿਕਾਰ ਕੀਤਾ ਜਾਵੇਗਾ ਅਤੇ ਦਸਤਾਰ ਨੂੰ ਧਾਰਮਿਕ ਚਿੰਨ੍ਹ ਵਜੋਂ ਹੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ, ਇਸ ਸਬੰਧੀ ਮਾਲਪੈਂਸਾ ਹਵਾਈ ਅੱਡੇ 'ਤੇ ਨਿਯੁਕਤ ਸੁਰੱਖਿਆ ਕਰਮਚਾਰੀਆਂ ਨੂੰ ਵੀ ਜਾਣਕਾਰੀ ਤੁਰੰਤ ਭੇਜੀ ਜਾਵੇਗੀ। ਉਨ੍ਹਾਂ ਇਸ ਘਟਨਾ ਨੂੰ ਕਦੇ-ਕਦਾਈਂ ਘਟੀ ਕਿਸੇ ਬੁਰੀ ਘਟਨਾ ਵਾਂਗ ਅਣਗੌਲਿਆ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣਾ ਰੋਸ ਭਾਰਤ ਵਿੱਚ ਸਥਿਤ ਇਟਲੀ ਦੇ ਦੂਤਾਵਾਸ ਕੋਲ  ਜਾ ਕੇ ਦਰਜ ਕਰਾਇਆ ਸੀ।ਇਹਨਾਂ ਅਕਾਲੀ ਆਗੂਆਂ ਵਿੱਚ ਹਰਸਿਮਰਤ ਕੌਰ ਬਦਲ, ਸੁਖਦੇਵ ਸਿੰਘ ਢੀਂਡਸਾ,ਰਤਨ ਸਿੰਘ ਅਜਨਾਲਾ, ਪਰਮਜੀਤ ਕੌਰ ਗੁਲਸ਼ਨ,ਨਰੇਸ਼ ਗੁਜਰਾਲ, ਬਲਵਿੰਦਰ ਸਿੰਘ ਭੂੰਦੜ ਅਤੇ ਸ਼ੇਰ ਸਿੰਘ ਘੁਬਾਇਆ ਵਰਗੇ ਮਹਾਂਰਥੀ ਵੀ ਸ਼ਾਮਿਲ ਸਨ
ਮੁੱਖ ਮੰਤਰੀ ਬਾਦਲ ਵੀ ਗੰਭੀਰ 
ਇਸੇ ਦੌਰਾਨ ਗਿੱਦੜਬਾਹਾ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ ਸਾਰੇ ਘਟਨਾਕ੍ਰਮ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿਚ ਜਾਮਾ ਤਲਾਸ਼ੀ ਦੇ ਨਾਂ 'ਤੇ ਸਿੱਖਾਂ ਦੀ ਪਗੜੀ ਉਤਾਰੇ ਜਾਣ ਦੇ ਮਸਲੇ ਨੂੰ ਵੱਖ-ਵੱਖ ਦੇਸ਼ਾਂ ਨਾਲ ਗੰਭੀਰਤਾਪੂਰਵਕ ਉਠਾਏ ਤਾਂ ਕੀ ਇਸ ਸਿਲਸਲੇ ਤੇ ਰੋਲ ਲੱਗ ਸਕੇ। ਗਿੱਦੜਬਾਹਾ ਵਿਖੇ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਇਟਲੀ ਦੇ ਰੋਮ ਏਅਰਪੋਰਟ ਵਿਖੇ ਸੁਰੱਖਿਆ ਤਲਾਸ਼ੀ ਦੇ ਨਾਂ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਪੱਗੜੀ ਉਤਾਰੇ ਜਾਣ ਦੀ ਕੋਸ਼ਿਸ਼ ਨੂੰ ਮੰਦਭਾਗਾ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਪੱਗੜੀ ਸਿੱਖਾਂ ਦੀ ਇੱਕ ਸੰਸਾਰ ਪ੍ਰਸਿਧ ਧਾਰਮਿਕ ਪਛਾਣ ਹੈ ਅਤੇ ਸੁਰੱਖਿਆ ਤਲਾਸ਼ੀ ਦੇ ਨਾਂ 'ਤੇ ਪੱਗੜੀ ਉਤਾਰਨ ਦੀ ਕੋਸ਼ਿਸ਼ ਕਰਨਾ ਇੱਕ ਤਰ੍ਹਾਂ ਨਾਲ ਸਿੱਖਾਂ ਦੀ ਧਾਰਮਿਕ ਆਸਥਾ 'ਤੇ ਸਿੱਧਾ ਹਮਲਾ ਹੈ ਅਤੇ ਸਿੱਖ ਕੌਮ ਇਸ ਤਰ੍ਹਾਂ ਦੀ ਹਰਕਤ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕਰੇਗੀ। ਸ੍ਰ. ਬਾਦਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਵੱਖ-ਵੱਖ ਦੇਸ਼ਾਂ ਵਿਚ ਸਥਿਤ ਆਪਣੇ ਸਫਾਰਤਖਾਨਿਆਂ ਰਾਹੀਂ ਸਾਰੇ ਦੇਸ਼ਾਂ ਨੂੰ ਇਹ ਸਖਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਏਅਰਪੋਰਟਾਂ 'ਤੇ ਤਾਇਨਾਤ ਸੁਰੱਖਿਆ ਸਟਾਫ ਸਿੱਖਾਂ ਦੀ ਧਾਰਮਿਕ ਪਛਾਣ ਪੱਗੜੀ ਦੀ ਕਦਰ ਕਰੇ ਅਤੇ ਸੁਰੱਖਿਆ ਜਾਂਚ ਦੌਰਾਨ ਪੱਗੜੀ ਨਾ ਉਤਾਰੀ ਜਾਵੇ। ਬਾਦਲ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਜਲਦ ਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨਾਲ ਮੁਲਾਕਾਤ ਵੀ ਕਰਨਗੇ। 
ਜ਼ਿਕਰਯੋਗ ਹੈ ਕਿ ਇਕ ਦਸਤਾਰ ਮੁਕਾਬਲੇ ਵਿਚ ਇਟਲੀ ਹਿੱਸਾ ਲੈਣ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਰੋਮ ਦੇ ਏਅਰਪੋਰਟ 'ਤੇ ਸੁਰੱਖਿਆ ਦਸਤੇ ਨੇ ਸੁਰੱਖਿਆ ਜਾਂਚ ਦੇ ਨਾਂ 'ਤੇ ਪੱਗੜੀ ਉਤਾਰਨ ਲਈ ਕਿਹਾ। ਜੀ. ਕੇ. ਨੇ ਸੁਰੱਖਿਆ ਅਧਿਕਾਰੀ ਨੂੰ ਇਹ ਕਹਿ ਕੇ ਪੱਗੜੀ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਸਿੱਖਾਂ ਦੀ ਧਾਰਮਿਕ ਪਛਾਣ ਹੈ ਅਤੇ ਇਸ ਨੂੰ ਉਤਾਰਨਾ ਸਿੱਖ ਧਰਮ ਦੀ ਆਸਥਾ ਨੂੰ ਸੱਟ ਮਾਰਨ ਵਾਲੀ ਗੱਲ ਹੈ। ਸੁਰੱਖਿਆ ਅਧਿਕਾਰੀ ਨੇ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਾਈ ਗਈ ਪੱਗੜੀ ਨੂੰ ਟੋਪੀ ਸਮਝ ਲਿਆ ਸੀ ਪਰ ਸੁਰੱਖਿਆ ਅਧਿਕਾਰੀ ਨੂੰ ਪਗਡ਼ੀ ਦੀ ਅਹਿਮੀਅਤ ਦੱਸੇ ਜਾਣ 'ਤੇ ਉਹ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਦੇ ਤਰਕ ਨਾਲ ਸਹਿਮਤ ਹੋ ਗਏ, ਹਾਲਾਂਕਿ ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਬੈਲਟਾਂ ਅਤੇ ਬੂਟ ਉਤਾਰ ਕੇ ਤਲਾਸ਼ੀ ਲਈ ਗਈ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪੈਦਾ ਹੋਏ ਰੋਸ ਅਤੇ ਰੋਹ ਨੂੰ ਦੇਖਦਿਆਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵਾਰ ਇਸ ਮਸਲੇ ਤੇ ਆਰ ਪਾਰ ਦੀ ਲੜਾਈ ਸ਼ੁਰੂ ਹੋ ਸਕੇਗੀ।

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਨਹੀਂ ਹੋ ਸਕੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਹਵਾਰਾ ਦੀ ਪੇਸ਼ੀ 

ਏਟਕ ਨੇ ਉਡਾਈਆਂ ਯੂਪੀਏ ਸਰਕਾਰ ਦੇ ਖੋਖਲੇ ਦਾਅਵਿਆਂ ਦੀਆਂ ਧੱਜੀਆਂ 

No comments: