Friday, August 30, 2013

ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ ਸਵੀਕਾਰ ਨਹੀਂ

Fri, Aug 30, 2013 at 3:23 PM
ਜਥੇਦਾਰ ਅਵਤਾਰ ਸਿੰਘ ਵੱਲੋਂ ਪਬਲੀਸ਼ਰ ਵਿਰੁੱਧ ਢੁੱਕਵੀਂ ਕਾਰਵਾਈ ਦਾ ਐਲਾਨ 
ਯੂਨੀਵਰਸਿਟੀ ਤੁਰੰਤ ਸਿਲੇਬਸ ਵਿੱਚੋਂ ਕਿਤਾਬ ਹਟਾਏ

ਅੰਮ੍ਰਿਤਸਰ: 30 ਅਗਸਤ 2013: ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵੱਲੋਂ ਐਮ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਇਤਿਹਾਸ ਸਬੰਧੀ ਪੜਾਈ ਜਾ ਰਹੀ ਪੋਲੀਟੀਕਲ ਸਟਰਕਚਰ ਇਨ ਇੰਡੀਆ ਹਿੰਦੀ ਦੀ ਕਿਤਾਬ ਜੋ ਲਕਸ਼ਮੀ ਪਬਲੀਕੇਸ਼ਨ ਪ੍ਰਾ.ਲਿਮ. ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੱਥਾਂ ਤੋਂ ਰਹਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦਾ ਸਖ਼ਤ ਨੋਟਿਸ ਲਿਆ ਹੈ, ਉਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਸਿੱਖ-ਇਤਿਹਾਸ ਬਾਰੇ ਕੋਈ ਵੀ ਜਾਣਕਾਰੀ ਨਹੀਂ, ਉਨਾਂ ਲੋਕਾਂ ਦੀਆਂ ਕਿਤਾਬਾਂ ਬੱਚਿਆਂ ਨੂੰ ਪੜਾ ਕੇ ਵਿੱਦਿਆ ਦੇ ਕੇਂਦਰ ਆਪਣੀ ਅਸਲ ਜਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਗਿਆਨ ਵੰਡਣ ਦੀ ਥਾਂ ਬੱਚਿਆਂ ਨੂੰ ਅਗਿਆਨਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਇਸ ਤਰਾਂ ਕਰਕੇ ਬੱਜਰ ਗਲਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ, ਸਿੱਖ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੱਚਿਆਂ ਨੂੰ ਅਧੂਰੀ ਜਾਣਕਾਰੀ ਦੇਣੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਅਨੇਕਾਂ ਜੰਗਾਂ ਲੜੀਆਂ ਹਨ। ਦਸ-ਦਸ ਲੱਖ ਮੁਗ਼ਲ ਫੌਜ ਨਾਲ ਕੇਵਲ ਚਾਲੀ ਸਿੰਘਾਂ ਸਮੇਤ ਲੜ ਕੇ ਉਸ ਨੂੰ ਪਿਛੇ ਮੁੜਣ ਵੱਲ ਮਜ਼ਬੂਰ ਕੀਤਾ। ਜ਼ੁਲਮ ਖਿਲਾਫ ਲੜਦਿਆਂ ਆਪਣਾ ਸਰਬੰਸ ਵਾਰ ਦਿੱਤਾ ਗਿਆ। ਦੂਸਰੇ ਧਰਮਾਂ ਦੀ ਰੱਖਿਆ ਕਰਨ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨ ਕਰਵਾ ਲਿਆ। ਅਜਿਹੇ ਸ਼ਹਿਨਸ਼ਾਹਵਾਲੀ ਬਾਰੇ ਪਬਲੀਸ਼ਰ ਵੱਲੋਂ ਗਲਤ ਜਾਣਕਾਰੀ ਛਾਪਣੀ ਬਹੁਤ ਵੱਡੀ ਅਪਮਾਨ-ਜਨਕ ਤੇ ਸੋਚੀ ਸਮਝੀ ਸਾਜਿਸ਼ ਤਹਿਤ ਕਾਰਵਾਈ ਹੈ।
ਯੂਨੀਵਰਸਿਟੀ ਦੇ ਪ੍ਰਬੰਧਕਾਂ ਲਈ ਸਿਆਣਪ ਇਸੇ ਗੱਲ ਵਿੱਚ ਹੈ ਕਿ ਉਹ ਇਸ ਪੁਸਤਕ ਨੂੰ ਤੁਰੰਤ ਸਿਲੇਬਸ ਵਿਚੋਂ ਹਟਾਏ ਅਤੇ ਇਸ ਬੱਜਰ ਗਲਤੀ ਸਬੰਧੀ ਸਿੱਖ ਜਗਤ ਪਾਸੋਂ ਜਨਤਕ ਤੌਰ ਤੇ ਮੁਆਫੀ ਮੰਗੇ। ਚੰਗਾ ਇਹ ਹੋਵੇਗਾ ਕਿ ਅੱਗੇ ਤੋਂ ਕੋਈ ਵੀ ਸਿੱਖ-ਇਤਿਹਾਸ ਨਾਲ ਸਬੰਧਤ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਪਰੂਵ ਕਰਵਾ ਕੇ ਹੀ ਬੱਚਿਆਂ ਨੂੰ ਪੜਾਉਣ ਲਈ ਸਿਲੇਬਸ ਵਿੱਚ ਸ਼ਾਮਿਲ ਕੀਤੀ ਜਾਵੇ। ਉਨਾਂ ਕਿਹਾ ਕਿ ਜਿਥੋਂ ਤੀਕ ਪਬਲੀਸ਼ਰ ਦਾ ਸਵਾਲ ਹੈ ਉਸ ਨੇ ਜਾਣਬੁੱਝ ਕੇ ਸਿੱਖ ਵਿਰੋਧੀ ਸੋਚ ਦੇ ਧਾਰਨੀ ਹੁੰਦਿਆਂ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜੋ ਬਿਲਕੁੱਲ ਬਰਦਾਸ਼ਤ ਯੋਗ ਨਹੀਂ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਇਨਾਂ ਲੋਕਾਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰਾਂ ਦੀ ਘਿਨੌਣੀ ਹਰਕਤ ਨਾ ਕਰੇ।

No comments: