Tuesday, August 06, 2013

ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ

Mon, Aug 5, 2013 at 9:02 PM
ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!
                                                     ਏਹੋ ਹਮਾਰਾ ਜੀਵਣਾ//ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਮੇਰੀ ਕੁਰਬਾਨੀਆਂ ਤੇ ਜਿਹੜੇ ਕੱਲ੍ਹ ਅੱਖਾਂ ਭਰੇਂਦੇ ਸਨ, 
ਜਦੋਂ ਅੱਜ ਕੋਲ ਖੜ੍ਹਦਾਂ ਹਾਂ ਤਾਂ ਧੂੰਏਂ ਵਾਂਗ ਲੱਗਦਾਂ ਹਾਂ
ਗੁਜਰਾਤ ਵਿਚੋਂ ਉਜਾੜੇ ਜਾ ਰਹੇ ਸਿੱਖਾਂ ਦੀ ਦਾਸਤਾਂ !
ਆਖਿਰ ਕਦੋਂ ਰੁਕੇਗਾ ਇਹ ਉਜਾੜਾ !!
kulwantsinghdhesi@hotmail.com 
ਖਾਰੇ ਪਾਣੀ ਵਾਲੇ ਬੀਆਬਾਨ ਰੇਗਿਸਤਾਨਾਂ ਨੂੰ ਹਰਿਆਵਲੇ ਖੇਤਾਂ ਵਿਚ ਬਦਲਣ ਵਾਲੇ ਗੁਜਰਾਤ ਦੇ ਸਿੱਖ ਅੱਜ ਆਪਣੀਆਂ ਜ਼ਮੀਨਾਂ ਦੀ ਮਲਕੀਅਤ ਨੂੰ ਲੈ ਕੇ ਚਿੰਤਾਗ੍ਰਸਤ ਹਨ । ਰੇਗਿਸਤਾਨ ਤੋਂ ਹਰੀ ਭਰੀ ਵਾੜੀ ਦਾ ਇਹ ਸਫਰ ਪਿਛਲੇ ਚਾਰ ਦਹਾਕਿਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਮੋਦੀ ਸਰਕਾਰ ਇਹਨਾਂ ਇੱਕ ਹਜ਼ਾਰ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਲਈ ਬਜ਼ਿੱਦ ਹੈ। ਸੰਨ 1964 ਵਿਚ ਇਹ ਜ਼ਮੀਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਆਦੇਸ਼ਾਂ ਮੁਤਾਬਿਕ ਸਿੱਖਾਂ ਨੂੰ ਅਲਾਟ ਕੀਤੀਆਂ ਗਈਆਂ ਸਨ, ਜਿਸ ਦਾ ਕਹਿਣਾਂ ਸੀ ਕਿ ਸਿੱਖ ਬਹਾਦਰ ਕੌਮ ਹੈ, ਜੇਕਰ ਸਿੱਖਾਂ ਨੂੰ ਇਹਨਾਂ ਸਰਹੱਦੀ ਬੰਜਰਾਂ ਨੂੰ ਵਸਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਇਹਨਾਂ ਨੂੰ ਤੇਜੀ ਨਾਲ ਆਬਾਦ ਕਰ ਦੇਣਗੇ ਜਿਸ ਨਾਲ ਪਾਕਿਸਤਾਨ ਦੀ ਘੁਸਪੈਠ ਵੀ ਰੁਕ ਜਾਵੇਗੀ। ਅਨੇਕਾਂ ਸਿੱਖ ਪਰਿਵਾਰਾਂ ਨੇ ਪੰਜਾਬ ਵਿਚਲੀ ਆਪਣੇ ਬਾਪ ਦਾਦੇ ਦੀ ਮਿੱਠੇ ਪਾਣੀ ਵਾਲੀ ਜੱਦੀ ਜ਼ਮੀਨ ਜਾਇਦਾਦ ਵੇਚਕੇ ਖਾਰੇ ਪਾਣੀ ਵਾਲੇ ਇਸ ਉਜਾੜ ਬੀਆਬਾਨ ਵਿਚ ਆਣ ਡੇਰੇ ਲਾਏ ਸਨ। 

ਮੋਦੀ ਸਰਕਾਰ ਨੇ ਸੰਨ 2010 ਦੌਰਾਨ ਕਿਸਾਨਾਂ ਨੂੰ ਤਾਨਾਸ਼ਾਹ ਅਤੇ ਪੁਰਾਣੇ ‘ਬੰਬੇ ਟੈਨੇਸੀ ਅਤੇ ਲੈਂਡ ਐਕਟ 1948’ ਦੇ ਹਵਾਲੇ ਨਾਲ ਉਜੜ ਜਾਣ ਦਾ ਆਰਡੀਨੈਂਸ ਜਾਰੀ ਕਰ ਦਿੱਤਾ । ਇਸ ਆਰਡੀਨੈਂਸ ਮੁਤਾਬਿਕ ਕੇਵਲ ਗੁਜਰਾਤੀ ਹੀ ਗੁਜਰਾਤ ਵਿਚ ਜ਼ਮੀਂਨ ਖ੍ਰੀਦ ਸਕਦੇ ਹਨ ਅਤੇ ਸਿੱਖਾਂ ਨੂੰ ਇਹ ਜ਼ਮੀਨਾਂ ਛੱਡ ਕੇ ਵਾਪਸ ਪੰਜਾਬ ਜਾਣਾਂ ਹੋਏਗਾ। ਮੋਦੀ ਸਰਕਾਰ ਨੇ ਇਸ ਆਰਡੀਨੈਂਸ ਤਹਿਤ ਕਿਸਾਨਾਂ ਦੇ ਜ਼ਮੀਨੀ ਖਾਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਆਪਣੀ ਹੋਂਦ ਨੂੰ ਖਤਰਾ ਜਾਣ ਕੇ ਕਿਸਾਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਹਿਮਦਾਬਾਦ ਹਾਈਕੋਰਟ ਦੇ ਫੁੱਲ ਬੈਂਚ ਨੇ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਕਰ ਦਿੱਤਾ ਪਰ ਸਰਕਾਰ ਇਸ ਤੇ ਵੀ ਨਾਂ ਟਲੀ ਅਤੇ ਉਸ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚਣੌਤੀ ਦੇ ਦਿੱਤੀ ਹੈ, ਜਿਸ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ। ਮੋਦੀ ਦੇ ਇਸ ਰਵੱਈਏ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਅਜੈਬ ਸਿੰਘ ਨੇ ਕਿਹਾ ਹੈ ਕਿ ‘ਨਰਿੰਦਰ ਮੋਦੀ ਜਿਸ ਦੀ ਕਿ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਦੀ ਆਦਤ ਹੈ, ਹੁਣ ਗੁਜਰਾਤ ਵਿਚ ਵਸੇ ਸਿੱਖਾਂ ਨਾਲ ਪੱਖਪਾਤ ਕਰ ਰਿਹਾ ਹੈ’। ਪੰਜਾਬ ਕਾਂਗਰਸ ਨੇ ਦੇਸ਼ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਨੂੰ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਨੂੰ ਵੱਖ ਵੱਖ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦੇ ਜ਼ਬਰਦਸਤੀ ਉਜਾਡ਼ੇ ਤੇ ਸਰਕਾਰ ਦਖਲ ਦੇਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਵੀ ਸ: ਬਾਦਲ ਤੇ ਜੋਰ ਪਾਇਆ ਹੈ ਕਿ ਉਹ ਮੋਦੀ ਤੇ ਜਾਤੀ ਦਬਾਅ ਪਾ ਕੇ ਗੁਜਰਾਤ ਵਿਚੋਂ ਸਿੱਖਾਂ ਦੇ ਉਜਾੜੇ ਨੂੰ ਰੋਕਣ । ਸ: ਪੀਰਮੁਹੰਮਦ ਨੇ ਇਹ ਵੀ ਕਿਹਾ ਕਿ ‘ਇਹ ਮੁੱਦਾ ਕੋਈ ਨਵਾਂ ਨਹੀਂ ਹੈ ਅਜੇ ਪਿਛਲੇ ਸਾਲ ਹੀ ਕੱਛ ਦੇ ਕਿਸਾਨਾਂ ਦਾ ਵਫਦ ਸ: ਬਲਵੰਤ  ਸਿੰਘ ਰਾਮੂਵਾਲੀਆ ਦੀ ਅਗਵਾਈ ਵਿਚ ਸ: ਬਾਦਲ ਨੂੰ ਮਿਲਿਆ ਸੀ ਪਰ ਇਸ ਮੁੱਦੇ ਨੂੰ ਹੁਣ ਤਕ ਜਿਓਂ ਦਾ ਤਿਓਂ ਹੀ ਰਹਿਣ ਦਿੱਤਾ ਗਿਆ’।

ਗੁਜਰਾਤ ਤੋਂ ਗਏ ਕਿਸਾਨਾਂ ਦੇ ਵਫਦ ਨੇ ਦਿੱਲੀ ਵਿਖੇ ਪੰਜਾਬ ਦੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਮੰਗ ਪੱਤਰ ਉਹਨਾਂ ਦੀ ਰਿਹਾਇਸ਼ ਤੇ ਦਿੱਤਾ, ਜਿਸ ਦੇ ਸਬੰਧ ਵਿਚ ਸ: ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਗੁਜਰਾਤ ਦੇ ਕਿਸਾਨਾਂ ਦਾ ਇਹ ਮੁਕੱਦਮਾਂ ਆਪਣੇ ਬਿਹਤਰ ਵਕੀਲ ਭੇਜ ਕੇ ਲੜੇਗੀ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਨਜਿੱਠਣ ਲਈ ਸ: ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਤਾਲਮੇਲ ਦੀ ਜਿੰਮੇਵਾਰੀ ਸੌਂਪੀ ਹੈ। ਚੇਤੇ ਰਹੇ ਕਿ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਅਤੇ ਪੰਜਾਬ ਦੇ ਇੱਕ ਅਖਬਾਰ ਨੇ ਸਾਲ ਪਹਿਲਾਂ ਆਪਣੇ ਵਲੋਂ ਇਸ ਮੁੱਦੇ ਨੂੰ ਲੈ ਕੇ ਵਾਵੇਲਾ ਵੀ ਕੀਤਾ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਨੇਤਾ ਅਜੇਹੇ ਮੁੱਦਿਆਂ ‘ਤੇ ਉਦੋਂ ਹੀ ਪ੍ਰਤੀਕਰਮ ਦਿੰਦੇ ਹਨ ਜਦੋਂ ਉਹਨਾਂ ਨੂੰ ਦੇਣਾ ਹੀ ਪੈਂਦਾ ਹੈ। ਇਹ ਸਮਾਂ ਹੁਣ ਇਹ ਦੇਖਣ ਦਾ ਹੈ ਕਿ ਅਕਾਲੀ ਸਰਕਾਰ ਆਪਣੀ ਭਾਈਵਾਲ ਭਾਜਪਾ ਤੇ ਇਸ ਮਾਮਲੇ ਵਿਚ ਕਿਸ ਹੱਦ ਤਕ ਅਸਰ ਅੰਦਾਜ਼ ਹੈ?
ਨਰਿੰਦਰ ਮੋਦੀ ਪੰਜਾਬੀਆਂ ਦੇ ਸਿਰ ਦਾ ਤਾਜ ਹੈ
-ਸ: ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ
ਗੁਜਰਾਤ ਦੇ ਮੁੱਖ ਮੰਤ੍ਰੀ ਨਰਿੰਦਰ ਮੋਦੀ ਦੀ 23 ਜੂਨ ਨੂੰ ਮਾਧੋਪੁਰ (ਪਠਾਨਕੋਟ) ਦੀ ਸੰਕਲਪ ਰੈਲੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਸੀ ਕਿਓਂਕਿ ਮੋਦੀ ਨੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਨਰਿੰਦਰ ਮੋਦੀ ਵਰਗੇ ਵਿਅਕਤੀ ਤੋਂ ਸਾਵਧਾਨ ਰਹਿਣਾਂ ਚਾਹੀਦਾ ਹੈ। ਇਸ ਸਬੰਧ ਵਿਚ ਕੌੜਾ ਸੱਚ ਤਾਂ ਇਹ ਹੈ ਕਿ ਇਤਹਾਸਕ ਤੌਰ ਤੇ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਾ ਕੇ ਆਪਣੀ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਹੁਣ ਚਿੰਤਾਂ ਦੀ ਗੱਲ ਇਹ ਵੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦਾ ਉਜਾਡ਼ਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਅਕਾਲੀ ਦਲ 1920 ਦੇ ਸ: ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਸਿਨੀਅਰ ਆਗੂਆਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀ ਕੀਤੀ ਜਾ ਰਹੀ ਅੰਨ੍ਹੇ ਵਾਹ ਹਿਮਾਇਤ ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਮੋਦੀ ਵਲੋਂ ਗੋਧਰਾ ਕਾਂਡ ਵਿਚ ਮਾਰੇ ਗਏ ਮੁਸਲਮਾਨਾਂ ਪ੍ਰਤੀ ਸੰਕੇਤਕ ਲਫਜ਼ ਕਤੂਰਾ ਵਰਤ ਕੇ ਖੁਦ ਨੂੰ ਰਾਸ਼ਟਰਵਾਦੀ ਘੋਸ਼ਤ ਕਰਨਾਂ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਗੁਜਰਾਤ ਦਾ ਮੁਖ ਮੰਤਰੀ ਅਤੇ
ਭਾਜਪਾ ਆਗੂ ਨਰਿੰਦਰ ਮੋਦੀ
ਕੱਛ ਦੇ ਕਿਸਾਨਾਂ ਦੇ ਮੁੱਦੇ ਦੀਆਂ ਸੁਰਖੀਆਂ ਨੂੰ ਦੇਸ਼ ਦੀਆਂ ਅਖਬਾਰਾਂ ਨੇ ਅਕਾਲੀ ਦਲ ਬੀ ਜੇ ਪੀ ਸਬੰਧਾਂ ਦੇ ‘ਟੈਸਟ ਕੇਸ’ ਵਜੋਂ ਚਮਕਾਇਆ ਹੈ । ਹੁਣ ਜਦੋਂ ਕਿ ਜਨਤਾ ਦਲ (ਯੂ) ਨੇ ਨੈਸ਼ਨਲ ਡੈਮੋਕਰੇਟਕ ਅਲਾਇਂਸ (ਐਨ ਡੀ ਏ) ਨੂੰ ਛੱਡ ਦਿੱਤਾ ਹੈ ਤਾਂ ਕੇਵਲ ਅਕਾਲੀ ਦਲ ਦਾ ਗਠਜੋਡ਼ ਹੀ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਚਿਹਰੇ ਦਾ ਨਕਾਬ ਹੈ ਭਾਵੇਂ ਕਿ ਕੱਛ ਦੇ ਸਿੱਖ ਕਿਸਾਨਾਂ ਨੂੰ ਉਜਾੜਨਾ ਮੋਦੀ ਦੇ ਘੱਟ ਗਿਣਤੀ ਵਿਰੋਧੀ ਪੈਂਤੜੇ ਦੀ ਸਾਖਸ਼ਾਤ ਤਰਜਮਾਨੀ ਕਰਦਾ ਹੈ। ਉਧਰ ਪਿਛਲੇ ਦਿਨੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਬਜ਼ੁਰਗ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਸ ਨੂੰ ਪੰਜਾਬੀਆਂ ਦੇ ਸਿਰ ਦਾ ਤਾਜ ਕਿਹਾ ਸੀ, ਜਦ ਕਿ ਮੋਦੀ ਨੇ ਪੰਜਾਬ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਵੀ ਜ਼ਰੂਰੀ ਨਾਂ ਸਮਝਿਆ। ਇਸੇ ਗੱਲੋਂ ਹਰਖ ਕੇ ਕਾਂਗਰਸ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵਰਗੀ ਕਰਤੂਤ ਕੋਈ ਕਾਂਗਰਸੀ ਕਰਦਾ ਤਾਂ ਬਾਦਲਾਂ ਨੇ ਧੂੰਆਂ ਧਾਰ ਬਿਆਨ ਦੇਣ ਦੇ ਨਾਲ ਨਾਲ ਮੁਜ਼ਾਹਰੇ ਕਰਨ ਵੀ ਟੁਰ ਪੈਣਾ ਸੀ। ਸ: ਖਹਿਰਾ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਤਾਂ 22.01.2010 ਤੋਂ ਹੀ ਗਰਮ ਹੈ, ਜਦ ਕਿ ਸ: ਬਾਦਲ ਮਗਰਮੱਛ ਵਾਲੇ ਹੰਝੂ ਵਹਾ ਕੇ ਟਾਲਾ ਵੱਟਦੇ ਆਏ ਹਨ। ਸ: ਖਹਿਰਾ ਨੇ ਹੋਰ ਕਿਹਾ ਕਿ ‘ਜੇਕਰ ਮੋਦੀ ਦਾ ਰਵੱਈਆ ਨਾਂ ਬਦਲਿਆ ਤਾਂ ਪੰਜਾਬ ਕਾਂਗਰਸ ਉਸ ਨੂੰ ਪੰਜਾਬ ਵਿਚ ਵਡ਼ਨ ਨਹੀਂ ਦੇਵੇਗੀ। ਸ: ਖਹਿਰਾ ਦਾ ਸੁਝਾਅ ਹੈ ਕਿ ਭਾਜਪਾ ਬੰਬੇ ਟਨੈਂਸੀ ਐਕਟ ਵਿਚ ਸੋਧ ਕਰਕੇ ਸਿੱਖਾਂ ਦਾ ਗੁਜਰਾਤ ਵਿਚੋਂ ਉਜਾਡ਼ਾ ਰੋਕ ਸਕਦੀ ਹੈ’। ਇਥੇ ਇਹ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੰਨ 1998 ਵਿਚ ਇਹ ਗੱਲ ਦੁਹਾਈ ਦੇ ਕੇ ਕਹੀ ਸੀ ਕਿ ਸਿੱਖਾਂ ਪ੍ਰਤੀ ਬੀ ਜੇ ਪੀ ਦਾ ਪੈਂਤੜਾ ਕਾਂਗਰਸ ਵਾਂਗ ਹੀ ਮਾਰੂ ਹੈ। ਜਥੇਦਾਰ ਟੌਹੜਾ ਨੇ ਉਦੋਂ ਇਹ ਗੱਲ ਬੀ ਜੇ ਪੀ ਦੇ ਆਗੂਆਂ ਬਾਜਪਾਈ ਅਤੇ ਅਡਵਾਨੀ ਨਾਲ ਸਿੱਖ ਬੀਬੀਆਂ ਨੂੰ ਵਾਹਨਾਂ ਤੇ ਹੈਲਮਿਟ ਦੀ ਛੋਟ ਅਤੇ ਅਨੇਕਾਂ ਹੋਰ ਮੁੱਦਿਆਂ ਤੇ ਭਾਜਪਾ ਆਗੂਆਂ ਦੇ ਸਿੱਖ ਵਿਰੋਧੀ ਰਵੱਈਏ ਨੂੰ ਤਾੜ ਕੇ ਕਹੀ ਸੀ।
ਯਾਰੀ ਟੂਟੇ ਨ.....!
ਦੋਸ਼ੀ ਭਾਵੇਂ ਬਾਬਰੀ ਮਸਜਿਦ ਜਾਂ ਗੋਧਰਾ ਕਾਂਡ ਦੇ ਹੋਣ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੇ; ਰਾਜਨੀਤਕ ਪਾਰਟੀਆਂ ਤਾਂ ਆਪੋ ਆਪਣੇ ਲਾਹੇ ਦੇ ਪੈਂਤੜੇ ਤੇ ਰਹਿੰਦੀਆਂ ਹਨ, ਜਦ ਕਿ ਭਾਰਤੀ ਇਨਸਾਫ ਦੇ ਤਰਾਜੂ ਤੋਂ ਭਾਰਤ ਦੀਆਂ ਘੱਟ ਗਿਣਤੀਆਂ ਦਿਨੋ ਦਿਨ ਨਿਰਾਸ਼ ਹੋ ਰਹੀਆਂ ਹਨ-
ਸੁਲੱਖਣ ਸਰਹੱਦੀ ਦੀ ਇੱਕ ਗਜ਼ਲ ਦਾ ਸ਼ਿਅਰ ਅਜੋਕੀ ਸਵਾਰਥੀ ਅਤੇ ਧੁਆਂਖੀ ਸਿਆਸਤ ਦਾ ਜ਼ਿਕਰ ਬਾਖੂਬੀ ਕਰਦਾ ਪ੍ਰਤੀਤ ਹੁੰਦਾ ਹੈ—

‘ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ’


ਸਖਤ ਜਾਨ ਸਿੱਖਾਂ ਨੇ ਖੂਨ ਪਸੀਨਾਂ ਇੱਕ ਕਰਕੇ ਜਿਹੜੀਆਂ ਬਾਰਾਂ ਕਦੀ ਅਣਵੰਡੇ ਭਾਰਤ ਵਿਚ ਆਬਾਦ ਕੀਤੀਆਂ ਸਨ ਉਹ ਸਾਰੀਆਂ ਜਾਇਦਾਦਾਂ ਅਤੇ ਘਰ ਬਾਰ ਸੰਨ 1947 ਨੂੰ ਛੱਡਣੇ ਪਏ। ਸਿੱਖਾਂ ਦੇ ਜਮੀਨ ਜਾਇਦਾਦ ਅਤੇ ਨਹਿਰੀ ਇਲਾਕੇ ਦੇ ਨਾਲ ਨਾਲ ਬਾਬੇ ਨਾਨਕ ਦਾ ਨਨਕਾਣਾ ਅਤੇ ਅਨੇਕਾਂ ਗੁਰੂ ਧਾਮ ਸਿੱਖਾਂ ਤੋਂ ਵਿਛੋੜ ਦਿੱਤੇ ਗਏ ਅਤੇ ਸੰਨ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਨੂੰ  ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਨੇ ਖਾ ਲਿਆ ਅਤੇ ਜੋ ਕੁਝ ਬਾਕੀ ਬਚਿਆ ਉਸ ਵਿਚ ਮਨਮਰਜ਼ੀਆਂ ਕਰਨ ਦੀ ਤਾਂ ਭਾਵੇਂ ਸਾਰੇ ਭਾਰਤ ਦੇਸ਼ ਨੂੰ ਦਾਅਵਤ ਹੈ ਜਦ ਕਿ ਪੰਜਾਬ ਦੇ ਸਰਹੱਦੀ ਸੂਬਿਆਂ ਰਾਜਸਥਾਨ, ਹਰਿਆਣਾ, ਹਿਮਾਚਲ ਵਿਚ ਸਿੱਖਾਂ ਨੂੰ ਜਾਇਦਾਦ ਖ੍ਰੀਦਣ ਦੀ ਮਨਾਹੀ ਹੈ । ਕਦੀ ਮਾਇਆਵਤੀ, ਬੰਸੀ ਲਾਲ(ਹੁਣ ਹੁੱਡਾ) ਅਤੇ ਕਦੀ ਮੋਦੀ ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ ਕਿਓਂਕਿ ਕੇਂਦਰ ਵਿਚ ਵੱਡੀਆਂ ਸ਼ਕਤੀਆਂ ਅਤੇ ਸਿੱਖ ਵਿਰੋਧੀ ਦਲ ਇਹਨਾਂ ਦੀ ਪਿੱਠ ਤੇ ਹਨ। ਯੂ ਪੀ ਦੇ ਤਰਾਈ ਇਲਾਕੇ ਵਿਚ ਅਤੇ ਹਰਿਆਣੇ ਵਿਚ ਬਾਂਸੀ ਲਾਲ ਵਲੋਂ ਵੀ ਇਸੇ ਤਰਜ਼ ਦੇ ਸਿੱਖ ਵਿਰੋਧੀ ਪੈਂਤੜੇ ਦੀਆਂ ਸੁਰਖੀਆਂ ਤਾਂ ਅੱਜ ਵੀ ਤਾਜੀਆਂ ਹਨ ਅਤੇ ਹੁਣ ਵਾਰੀ ਆਈ ਹੈ ਭਾਜਪਾ ਆਗੂ ਅਤੇ ਭਾਰਤ ਦੇ ਭਵਿੱਖ ਦੇ ਆਖੇ ਜਾਣ ਵਾਲੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦੀ। ਜ਼ਾਹਿਰ ਹੈ ਕਿ ਭਾਰਤੀ ਆਗੂਆਂ ਦਾ ਇਹ ਰਵੱਈਆ ਸਿੱਖਾਂ ਨੂੰ ਭਾਰਤ ਵਿਚ ਬਿਗਾਨਗੀ ਦਾ ਹੋਰ ਵਧੇਰੇ ਅਹਿਸਾਸ ਕਰਵਾਏਗਾ। ਇਸ ਹਾਲਤ ਵਿਚ ਅਲਾਮਾ ਇਕਬਾਲ ਦੇ ਬੋਲ ਯਾਦ ਆਉਂਦੇ ਹਨ—
ਇਕਬਾਲ ਮੁੱਦਤੇਂ ਗੁਜ਼ਰੀਂ ਹੈਂ, ਯਹਾਂ ਰੰਜੋ ਗਮ ਸਹਿਤੇ ਹੂਏ
ਅੱਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ 

--------------------
ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: