Tuesday, August 13, 2013

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਗੱਤਕਾ ਮੁਕਾਬਲੇ ਕਰਵਾਏ ਗਏ

Tue, Aug 13, 2013 at 3:24 PM
ਗੱਤਕਾ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਕੀਤਾ ਬੀਬੀ ਕਿਰਨਜੋਤ ਕੌਰ ਤੇ ਸ.ਬਾਵਾ ਸਿੰਘ ਗੁਮਾਨਪੁਰਾ ਨੇ 
ਪੰਜਾਬ ਭਰ ਤੋਂ ਵੱਖ-ਵੱਖ ਗੱਤਕਾ ਟੀਮਾਂ ਨੇ ਹਿੱਸਾ ਲਿਆ
ਅੰਮ੍ਰਿਤਸਰ: 13 ਅਗਸਤ(ਪੰਜਾਬ ਸਕਰੀਨ ਬਿਊਰੋ//ਕਿੰਗ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸਿੱਖੀ ਨੂੰ ਪ੍ਰਫੁੱਲਤ ਕਰਨ, ਨੌਜਵਾਨਾਂ ਨੂੰ ਪਤਿਤਪੁਣੇ ’ਤੇ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਜੰਗਜੂ ਖੇਡ ਗੱਤਕਾ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਨੇ ਹਿੱਸਾ ਲਿਆ। ਇਹਨਾਂ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਦਸ਼ਮੇਸ਼ ਪਬਲਿਕ ਸਕੂਲ ਜੌੜੀਆਂ ਸਾਹਿਬ ਮਾਣੂੰਕੇ (ਲੁਧਿਆਣਾ), ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਮੋਗਾ) ਅਤੇ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ (ਬਾਬਾ ਬਕਾਲਾ), ਇਸੇ ਤਰਾਂ ਫਰੀ ਸੋਟੀ ਫਾਈਟ ਲੜਕੇ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ), ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਮੋਗਾ) ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨਤਾਰਨ), ਫਰੀ ਸੋਟੀ ਫਾਈਟ ਲੜਕੇ ਜੂਨੀਅਰ ਵਿੱਚ ਦਸ਼ਮੇਸ਼ ਪਬਲਿਕ ਸਕੂਲ ਜੌੜੀਆਂ ਸਾਹਿਬ ਮਾਣੂੰਕੇ (ਲੁਧਿਆਣਾ), ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ (ਅੰਮਿ੍ਰਤਸਰ) ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ (ਤਰਨਤਾਰਨ), ਫਰੀ ਸੋਟੀ ਫਾਈਟ ਲੜਕੀਆਂ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ਼ (ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ) ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਝਾੜ ਸਾਹਿਬ ਦੀਆਂ ਟੀਮਾਂ ਜੇਤੂ ਕਰਾਰ ਦਿੱਤੀਆਂ ਗਈਆਂ। ਜੇਤੂਆਂ ਵਿੱਚ ਇਨਾਮ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ.ਗੁਰਚਰਨ ਸਿੰਘ ਘਰਿੰਡਾ ਅਤੇ ਡਾਇਰੈਕਟਰ ਗੱਤਕਾ ਸ.ਮਨਮੋਹਨ ਸਿੰਘ ਭਾਗੋਵਾਲੀਆ ਨੇ ਤਕਸੀਮ ਕੀਤੇ।
ਇਸ ਤੋਂ ਪਹਿਲਾਂ ਗੱਤਕਾ ਖੇਡ ਮੁਕਾਬਲਿਆਂ ਦਾ ਬੀਬੀ ਕਿਰਨਜੋਤ ਕੌਰ ਤੇ ਸ.ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਸਮੀ ਉਦਘਾਟਨ ਕੀਤਾ। ਇਸ ਜੰਗਜੂ ਖੇਡ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਂਦਿਆਂ ਸਾਂਝੇ ਰੂਪ ’ਚ ਉਨਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਨਾਂ ਵੱਲੋਂ ਕਹੇ ਗਏ ਬਚਨਾਂ ਦਾ ਪਾਲਣ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਅੱਜ ਤੋਂ ਹਰ ਸਿੱਖ ਗੁਰੂ ਦਰਬਾਰ ਵਿੱਚ ਚੰਗੇ ਘੋੜੇ, ਚੰਗੇ ਸ਼ਸਤਰ ਤੇ ਚੰਗੀ ਜਵਾਨੀ ਲੈ ਕੇ ਆਵੇ। ਉਪਰੰਤ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕੀਤਾ, ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਬਣਾਇਆ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਪਤਿਤਪੁਣੇ ਤੇ ਨਸ਼ਿਆ ’ਚ ਗਲਤਾਨ ਹੋਈ ਨੌਜਵਾਨ ਪੀੜੀ ਨੂੰ ਇਸ ਦਲਦਲ ਵਿੱਚੋਂ ਕੱਢ ਕੇ ਬਾਣੀ ਤੇ ਬਾਣੇ ਨਾਲ ਜੋੜਿਆ ਜਾਵੇ। ਉਨਾਂ ਨੌਜਵਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸ਼ਸਤਰ ਵਿੱਦਿਆ ਨੂੰ ਅਪਨਾਉਣ ਅਤੇ ਗੁਰੂ ਪਾਤਸ਼ਾਹ ਵੱਲੋਂ ਕੀਤੇ ਬਚਨਾਂ ਤੇ ਪੂਰੇ ਉੱਤਰਦੇ ਹੋਏ ਸਿੱਖੀ ਨੂੰ ਹੋਰ ਪ੍ਰਫੁੱਲਤ ਕਰਦੇ ਹੋਏ ਚੜਦੀ ਕਲਾ ਵਿੱਚ ਰਹੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਸ. ਮੇਜਰ ਸਿੰਘ, ਹੈੱਡ ਗ੍ਰੰਥੀ ਭਾਈ ਅਨੋਖ ਸਿੰਘ, ਸ.ਬਲਦੇਵ ਸਿੰਘ ਤੇ ਸ.ਅੰਗਰੇਜ ਸਿੰਘ ਗੁਰਦੁਆਰਾ ਇੰਸਪੈਕਟਰ ਆਦਿ ਹਾਜ਼ਰ ਸਨ।

No comments: