Saturday, August 24, 2013

ਸ਼੍ਰੋਮਣੀ ਕਮੇਟੀ ਨੇ ਲਈ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ

ਪੀੜਤਾਂ ਲਈ ਕਣਕ, ਦਾਲ ਤੇ ਬਿਜਲੀ-ਪਾਣੀ ਲਈ ਦੋ ਵੱਡੇ ਜਨਰੇਟਰ ਭੇਜੇ
ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨਾਂ ਨੂੰ ਕਾਨੂੰਨੀ ਮਦਦ ਤੋਂ ਇਲਾਵਾ 21 ਲੱਖ ਰੁਪੈ ਦੀ ਸਹਾਇਤਾ ਵੀ--ਵਿਰਕ, ਭੌਰ

ਪਿਹੋਵਾ: 24 ਅਗਸਤ 2013: (ਪੰਜਾਬ ਸਕਰੀਨ ਬਿਊਰੋ):  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ ਅਤੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਪੀੜਤ ਪਰਿਵਾਰਾਂ ਦੀ ਸਾਰ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਨਾਲ ਚਟਾਨ ਵਾਂਗ ਖੜੀ ਹੈ ਤੇ ਇਹਨਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤ ਕਿਸਾਨਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਚੰਗੇ ਵਕੀਲ ਕਰਕੇ ਦਿੱਤੇ ਜਾਣਗੇ, ਜਿਨਾਂ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਸਹਿਣ ਕਰੇਗੀ। ਸ਼੍ਰੋਮਣੀ ਕਮੇਟੀ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ 21 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ ਤੇ ਜਿਨਾਂ ਪਰਿਵਾਰਾਂ ਦੇ ਬੱਚੇ ਗੁਰਸਿੱਖ ਅੰਮਿ੍ਰਤਧਾਰੀ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਉਹਨਾਂ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਹਰ 10 ਦਿਨ ਬਾਅਦ ਡਾਕਟਰੀ ਮੋਬਾਇਲ ਵੈਨ ਆਵੇਗੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਤਨ ਤੇ ਕੱਪੜੇ ਤੋਂ ਬਗੈਰ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਕਰੀਬਨ 60 ਸਾਲ ਪਹਿਲਾਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਤਾਪ ਸਿੰਘ ਕੈਰੋਂ ਵੱਲੋਂ ਇਨਾਂ ਬੰਜਰ ਜ਼ਮੀਨਾਂ ਨੂੰ ਉਪਜਾਊ ਬਨਾਉਣ ਲਈ ਕਿਰਤੀ ਕਿਸਾਨਾਂ ਨੂੰ ਇਥੇ ਵਸਾਇਆ ਸੀ। ਜਿਨਾਂ ਨੇ ਆਪਣੀ ਹੱਡ ਚੀਰਵੀਂ ਮਿਹਨਤ ਕਰਕੇ ਇਹ ਜ਼ਮੀਨਾਂ ਉਪਜਾਊ ਬਣਾਈਆਂ ਤੇ ਅੱਜ ਉਹਨਾਂ ਨੂੰ ਮਾਣ ਦੇਣ ਦੀ ਬਜਾਏ ਹਰਿਆਣਾ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ ਜੋ ਬੇਹੱਦ ਅਫ਼ਸੋਸ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਰਕਾਰਾਂ ਦਾ ਕੰਮ ਵਸਾਉਣਾ ਹੁੰਦਾ ਹੈ ਨਾ ਕਿ ਉਜਾੜਨਾ। ਉਨਾਂ ਕਿਹਾ ਕੇਵਲ ਦੋ ਫੀਸਦੀ ਸਿੱਖਾਂ ਨੇ ਦੇਸ਼ ਦੀ ਅਜਾਦੀ ਲਈ 90 ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹਨ, ਅੱਜ ਉਸੇ ਕੌਮ ਦੇ ਕਿਰਤੀ ਕਿਸਾਨਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਦੇ ਪਟੇ ਅੱਗੋਂ ਨਾ ਵਧਾ ਕੇ ਉਜਾੜਿਆ ਜਾ ਰਿਹਾ ਹੈ। ਉੇਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਫ਼ਦ ਰੂਪ ’ਚ ਬਹੁਤ ਜਲਦੀ ਹੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ ਜੇ ਲੋੜ ਪਈ ਤਾਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਉਜਾੜੇ ਨੂੰ ਰੋਕਿਆ ਜਾਵੇਗਾ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਅੱਜ ਲਿਆਂਦਾ ਗਿਆ ਹੈ ਤੇ ਜਿਨਾਂ ਚਿਰ ਤੱਕ ਇਹਨਾਂ ਪਰਿਵਾਰਾਂ ਨੂੰ ਲੋੜ ਹੋਈ ਇਹ ਸਮਾਨ ਇਹਨਾਂ ਪਰਿਵਾਰਾਂ ਤੀਕ ਪੁੱਜਦਾ ਰਹੇਗਾ। ਜਿਥੋਂ ਤੀਕ ਬਿਜਲੀ, ਪਾਣੀ ਦਾ ਸਬੰਧ ਹੈ ਹਰਿਆਣਾ ਸਰਕਾਰ ਦੇਵੇ ਜਾਂ ਨਾ ਦੇਵੇ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਘਰ ਵਿੱਚ ਹਨੇਰਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਭਦ ਕਰਵਾਈਆਂ ਗਈਆਂ ਹਨ।
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨਾਲ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀੜਤ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪੀੜਤ ਕਿਸਾਨਾਂ ਲਈ  15 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਤੇ ਇਹ ਸਹਾਇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਅੰਮਿ੍ਰਤਧਾਰੀ ਸਿੱਖ ਨੌਜਵਾਨ ਨੌਕਰੀ ਕਰਨਾ ਚਾਹੁਣ ਉਹਨਾਂ ਨੂੰ ਦਿੱਲੀ ਕਮੇਟੀ ਨੌਕਰੀ ਦੇਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹਨਾਂ ਕਿਸਾਨਾਂ ਦੀ ਹਰ ਪ੍ਰਕਾਰ ਮਦਦ ਕਰੇਗੀ।
ਇਸ ਤੋਂ ਪਹਿਲਾਂ ਪਿੰਡ ਬੌਧਨੀ, ਗੁਲਡੈਰਾਂ, ਨਿੰਮਵਾਲਾ, ਥੇਹ ਖਰਕ ਅਤੇ ਕੁੱਪੀਆਂ ਪਲਾਟ ਦੇ ਪੀੜਤ ਸ.ਭੋਲਾ ਸਿੰਘ, ਸ.ਮਕਤੂਲ ਸਿੰਘ, ਬੀਬਾ ਸੁਖਵਿੰਦਰ ਕੌਰ, ਬੀਬੀ ਪਾਲ ਕੌਰ, ਬੀਬੀ ਨਿੰਦਰ ਕੌਰ, ਬੀਬੀ ਜਸਬੀਰ ਕੌਰ, ਸ.ਦਲੇਰ ਸਿੰਘ ਅਰਨੌਲੀ, ਸ.ਹਰਬੰਸ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਪਾਸ ਆਪਣੀ ਦਰਦ ਭਰੀ ਦਾਸਤਾਨ ਸੁਣਾਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ, ਸ.ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਹਰਭਜਨ ਸਿੰਘ ਮਸਾਣਾ ਤੇ ਸ.ਸ਼ਰਨਜੀਤ ਸਿੰਘ ਸੋਥਾ ਮੈਬਰ ਸ਼੍ਰੋਮਣੀ ਕਮੇਟੀ, ਸ.ਧਨਵੰਤ ਸਿੰਘ ਮੈਂਬਰ ਦਿੱਲੀ ਕਮੇਟੀ, ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ, ਸ.ਕਰਨੈਲ ਸਿੰਘ ਮੈਨੇਜਰ ਗੁਰਦੁਆਰਾ ਧਮਤਾਨ ਸਾਹਿਬ, ਸ.ਹਰਮਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਜੀਂਦ, ਸ.ਨਿਰਜੀਤ ਸਿੰਘ ਇੰਚਾਰਜ ਸਬ-ਆਫਿਸ ਕੁਰੂਕਸ਼ੇਤਰ, ਸ.ਅਜੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਪਿੰਡ ਕੁੱਪੀਆਂ ਪਲਾਟ ਵਿਖੇ ਵਫ਼ਦ ਰੂਪ ’ਚ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਇਸ ਮੌਕੇ ਸ.ਸੁਖਵੀਰ ਸਿੰਘ ਮਾਂਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਪਿ੍ਰਥੀਪਾਲ ਸਿੰਘ ਝੱਬਰ ਸੀਨੀਅਰ ਅਕਾਲੀ ਆਗੂ ਹਰਿਆਣਾ, ਸ.ਹਰਪਾਲ ਸਿੰਘ ਚੀਕਾ, ਸ.ਤਜਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਰਨੈਲ ਸਿੰਘ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਸਵੰਤ ਸਿੰਘ ਦੁਨੀਆਂ ਮਾਜਰਾ ਤੋਂ ਇਲਾਵਾ ਵੱਡੀ ਗਿੱਣਤੀ ’ਚ ਪੀੜਤ ਪਰਿਵਾਰ ਮੌਜੂਦ ਸਨ।

No comments: