Sunday, August 25, 2013

ਪੰਜਾਬੀਆਂ ਨੇ ਆਪਣੇ ਖ਼ੂਨ ਨਾਲ ਸਿੰਜਿਆ ਆਜ਼ਾਦੀ ਦਾ ਬੂਟਾ/ਸੁਰਿੰਦਰ ਮੰਡ

1947 ਵਾਲੀ ਅਜ਼ਾਦੀ ਨੂੰ ਲੋਕਾਂ ਦੀ ਅਸਲੀ ਅਜ਼ਾਦੀ ਤੱਕ ਲਿਜਾਣਾ ਹੈ
ਭਾਈ ਬਾਲਮੁਕੰਦ ਭਾਈ ਮਤੀ ਦਾਸ ਦੇ ਖਾਨਦਾਨ ਵਿਚੋਂ ਸੀ
ਕੂਕਿਆਂ ਨੂੰ ਤੋਪਾਂ ਦੇ ਮੂੰਹਾਂ ਅੱਗੇ ਬੰਨ੍ਹ ਕੇ ਉਡਾਇਆ ਗਿਆ
ਪੰਜਾਬੀਆਂ ਦੀਆਂ ਮੁਲਕ ਦੇ ਪ੍ਰਸੰਗ ਵਿੱਚ ਖਾਸ ਪ੍ਰਾਪਤੀਆਂ ਤੇ ਵਡਿਆਈਆਂ ਕੁਝ ਇਸ ਤਰ੍ਹਾਂ ਮੰਨਦੇ ਨੇ ਸਾਰੇ ਕਿ……
1. ਇਨ੍ਹਾਂ ਭੁੱਖੇ ਮੁਲਕ ਦਾ ਢਿੱਡ ਅਨਾਜ ਨਾਲ ਭਰ ਦਿੱਤਾ।
2. ਪੰਜਾਬੀਆਂ ਨੇ ਯੁੱਧਾਂ ’ਚ ਜਾਨ ਹੂਲ ਕੇ ਸਰਹੱਦਾਂ ਦੀ ਰਾਖੀ ਕੀਤੀ।
3. ਇਨ੍ਹਾਂ ਦੇਸ਼ ਦੀ ਅਜ਼ਾਦੀ ਦੀ ਲੜਾਈ ’ਚ ਸਭ ਤੋਂ ਵੱਧ ਸੰਘਰਸ਼ ਅਤੇ ਕੁਰਬਾਨੀਆਂ ਕਰਕੇ ਯੋਗਦਾਨ ਪਾਇਆ ਅਤੇ ਮੁਲਕ ਅਜ਼ਾਦ ਕਰਵਾਇਆ।
ਇਸ ਲਿਖਤ ਵਿੱਚ ਸਿਰਫ਼ ਤੀਜੀ ਗੱਲ ਦੀ ਚਰਚਾ ਕਰਨੀ ਹੈ। ਆਪਣੀ ਸ਼ਾਨਦਾਰ ਵਿਰਾਸਤ ਮੁੜ ਚੇਤੇ ਕਰਨੀ ਹੈ। ਮੌਜੂਦਾ ਸਮੇਂ ਲਈ ਸੇਧ ਵੀ ਲੈਣੀ ਹੈ।
ਇਹ ਪੰਜਾਬ ਦੀ ਮਿੱਟੀ ਦੀ ਵਿਸ਼ੇਸ਼ ਤਸੀਰ ਸੀ, ਮਹਿਕ ਸੀ, ਜਿੱਥੇ ਰੂਹਾਨੀਅਤ ਅਤੇ ਇਨਸਾਨੀਅਤ ਦੀ ਮਜ਼ਬੂਤ ਨੀਂਹ ਗੁਰੂ ਨਾਨਕ ਦੇਵ ਨੇ ਰੱਖੀ ਸੀ, ਤੇ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਨਾਲ ਉਸ ਨੂੰ ਸਿਖਰ ’ਤੇ ਪੁਚਾਇਆ। ਫਿਰ ਮਹਾਰਾਜਾ ਰਣਜੀਤ ਸਿੰਘ ਪੰਜਾਬੀਅਤ ਦਾ ਝੰਡਾ ਬਰਦਾਰ ਬਣਿਆ।
ਮਹਾਰਾਜਾ ਰਣਜੀਤ ਸਿੰਘ ਦੇ ਜਿਊਂਦਿਆਂ, ਸਾਡੇ ਮੁਲਕ ਉਤੇ ਕਾਬਜ਼ ਹੋ ਚੁੱਕੀ ਬਰਤਾਨਵੀ ਸਰਕਾਰ ਦੀ ਏਧਰ ਝਾਕਣ ਦੀ ਹਿੰਮਤ ਨਾ ਪਈ। ਜਦ ਮਹਾਰਾਜੇ ਅੱਖਾਂ ਮੀਟੀਆਂ (1839) ਤਾਂ ਅੰਗਰੇਜ਼ਾਂ ਏਧਰ ਵੀ ਚਡ਼੍ਹਾਈ ਕੀਤੀ। ਜਿਸ ਨੂੰ ਲਾਹੌਰ ਦਰਬਾਰ ਦੀ ਖਾਨਾਜੰਗੀ ਨੇ ਵੀ ਅਨੁਕੂਲ ਹਾਲਾਤ ਦਿੱਤੇ।
ਫਿਰ 1845-46 ਆਇਆ, ਜਦ ਸਾਰੇ ਭਾਰਤ ਦੇ ਅੰਗਰੇਜ਼ਾਂ ਤੋਂ ਹਾਰੇ ਰਾਜਿਆਂ ਦੀਆਂ ਫੌਜਾਂ ਤੇ ਗੋਰੀਆਂ ਪਲਟਣਾ ਇੱਕਠੀਆਂ ਹੋ ਕੇ ਪੰਜਾਬ ਨੂੰ ਵੀ ਗੁਲਾਮ ਬਣਾਉਣ ਚੜ੍ਹ ਆਈਆਂ। ਤੇ ਮੁਦਕੀ, ਫੇਰੂ ਸ਼ਹਿਰ, ਸਭਰਾਵਾਂ ਦੇ ਸਥਾਨ ’ਤੇ ਤਿੰਨ ਵੱਡੇ ਯੁੱਧ ਹੋਏ। ਜਿੰਨਾ ਬਾਰੇ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਲਿਖਿਆ:
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ
ਹਿੰਦੁਸਤਾਨੀ ਤੋ ਪੂਰਬੀ ਦੱਖਣੀ ਜੀ,
ਲੰਦਨ ਟਾਪੂਆਂ ਵਿਚ ਕੁਰਲਾਹਟ ਪਈ
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ

ਪਰ ਆਖਿਰ ਸੰਨ 1849 ਵਿੱਚ ਪੰਜਾਬ ਵੀ ਗੁਲਾਮ ਹੋ ਗਿਆ। ਪਰ ਧੁਰੋਂ ਹੀ ਅਜ਼ਾਦੀ ਦੇ ਦੀਵਾਨੇ ਪੰਜਾਬੀਆਂ ਨੇ ਗੁਲਾਮੀ ਨੂੰ ਆਪਣੀ ਅੰਤਿਮ ਹੋਣੀ ਨਾ ਮੰਨਿਆ।
1857 ਦਾ ‘ਗ਼ਦਰ’ ਵੀ ਅਸਫਲ ਹੋਇਆ। ਸ਼ਾਇਦ ਮੁੜ ਕੇ ਫਿਰ ਮੁਗ਼ਲ ਹਕੂਮਤ ਲਿਆਉਣੀ ਲੋਕਾਂ ਨੂੰ ਬਿਹਤਰ ਬਦਲ ਨਹੀਂ ਲੱਗਿਆ ਹੋਵੇਗਾ।
ਪਰ ਪੰਜਾਬ ਅੰਦਰ ਨਾਮਧਾਰੀ  (ਕੂਕਾ) ਲਹਿਰ ਨੇ ਸਿੱਖਾਂ ਨੂੰ ਵੱਖਰੇ ਅੰਦਾਜ਼ ਵਿੱਚ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਇਸ ਮੱਤ ਦੀ ਨੀਂਹ ਉੱਤਰ ਪੱਛਮੀ ਖੇਤਰ ਦੇ ਬਾਬਾ ਬਾਲਕ ਸਿੰਘ ਨੇ ਰੱਖੀ ਸੀ। ਜਿਸ ਨੇ ਮਗਰੋਂ ਬਾਬਾ ਰਾਮ ਸਿੰਘ ਨੂੰ ਆਪਣਾ ਵਾਰਸ ਬਣਾਇਆ। ਬਾਬਾ ਰਾਮ ਸਿੰਘ ਨੇ ਹਾਰ ਉਪਰੰਤ ਛਾਈ ਨਿਰਾਸ਼ਤਾ ਅਤੇ ਦਿਸ਼ਾਹੀਣਤਾ ਵਿੱਚੋਂ  ਸਿੱਖਾਂ ਨੂੰ ਅਤੇ ਪੰਜਾਬ ਨੂੰ ਕੱਢਣ ਲਈ ਵੱਡਾ ਹੰਭਲਾ ਸ਼ੁਰੂ ਕਰ ਦਿੱਤਾ।
ਕੂਕਾ ਲਹਿਰ ਨਾ-ਮਿਲਵਰਤਣ ਵਾਲੀ ਪਹਿਲੀ ਵੱਡੀ ਅੰਗਰੇਜ਼-ਵਿਰੋਧੀ ਲਹਿਰ ਸੀ। ਜਿਸ ਨੂੰ ਪਿੱਛੋਂ ਜਾ ਕੇ ਮਹਾਤਮਾ ਗਾਂਧੀ ਨੇ ਆਪਣਾ ਆਦਰਸ਼ ਬਣਾ ਕੇ ਨਾਮਣਾ ਖੱਟਿਆ। ਨਾਮਧਾਰੀਆਂ ਆਪਣੇ ਸਕੂਲ, ਆਪਣਾ ਡਾਕ ਪ੍ਰਬੰਧ, ਵਿਦੇਸ਼ੀ ਵਸਤੂਆਂ ਦਾ ਤਿਆਗ, ਕਚਹਿਰੀਆਂ ਦਾ ਤਿਆਗ, ਆਪਣਾ ਖੱਦਰ ਪਹਿਨਣ ਵਰਗਾ ਪ੍ਰਬੰਧ ਆਪਣੇ ਵਿਚ ਪ੍ਰਚੱਲਤ ਕਰ ਦਿੱਤਾ। ਅੰਗਰੇਜ਼ ਸਰਕਾਰ ਅੰਦਰੋਂ ਤ੍ਰਬਕੀ ਤੇ ਕੰਬੀ। ਕੂਕਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ। ਪਰ ਕੁਝ ਜੋਸ਼ੀਲੇ ਕੂਕਿਆਂ ਨੇ ਅੰਮ੍ਰਿਤਸਰ ਅਤੇ ਰਾਏਕੋਟ ਵਿੱਚ ਗਊ ਹੱਤਿਆ ਕਰਨ ਵਾਲੇ ਬੁੱਚੜਾਂ ਦਾ ਕਤਲ ਕਰ ਦਿੱਤਾ। ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਨਾਮਧਾਰੀਆਂ ਉਤੇ ਮਾਰੂ ਹਮਲਾ ਬੋਲਣ ਦਾ ਬਹਾਨਾ ਮਿਲ ਗਿਆ। 1872 ਵਿੱਚ ਮਲੇਰਕੋਟਲੇ ਵਿਖੇ ਕੂਕਿਆਂ ਨੂੰ ਤੋਪਾਂ ਦੇ ਮੂੰਹਾਂ ਅੱਗੇ ਬੰਨ੍ਹ ਕੇ ਉਡਾਇਆ ਗਿਆ। ਬਾਬਾ ਰਾਮ ਸਿੰਘ ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ। ਨਾਮਧਾਰੀ ਲਹਿਰ ਨੂੰ ਭਾਵੇਂ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਪਰ ਇਹ ਵਿਦੇਸ਼ੀ ਹਕੂਮਤ ਵਿਰੁੱਧ ਸੰਘਰਸ਼ ਵਿੱਚ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੀ ਲਾਟ ਵਜੋਂ ਉਭਰੀ ਤੇ ਪ੍ਰੇਰਨਾਮਈ ਜਵਾਲਾ ਬਣੀ। ਇਸ ਨੇ ਨਾ-ਮਿਲਵਰਤਣ ਲਹਿਰ ਦੀ ਉਹ ਛੱਲ ਤੋਰੀ ਜਿਸ ਨੂੰ ਮਹਾਤਮਾ ਗਾਂਧੀ ਨੇ ਵੱਡੀ ਸੁਨਾਮੀ ਬਣਾਇਆ ਤੇ ਭਾਰਤ ਭਰ ਵਿੱਚ ਵੱਡੀ ਲਾਮਬੰਦੀ ਕੀਤੀ।
ਅੰਮ੍ਰਿਤਸਰ ਦਾ ਮਦਨ ਲਾਲ ਢੀਂਗਰਾ 1909 ਵਿੱਚ ਬੀ.ਏ. ਕਰਕੇ ਹੋਰ ਪੜ੍ਹਨ ਲਈ ਇੰਗਲੈਂਡ ਗਿਆ। ਉਸ ਬਾਰੇ ਇਕ ਅੰਗਰੇਜ਼ ਜਸੂਸ ਨੇ ਲਿਖਿਆ, ‘‘ਇਸ ਦਾ ਖਿਆਲ ਰੱਖਣਾ ਚਾਹੀਦਾ, ਕਿਸੇ ਦਿਨ ਭੜਥੂ ਪਾਊਗਾ।’’
ਮਦਨ ਲਾਲ ਢੀਂਗਰਾ ਨੇ ਇੰਪੀਰੀਅਲ ਇੰਸਟੀਚਿਊਟ ’ਚ ਸਰ ਕਰਜਨ ਵਾਇਨੀ ਨੂੰ ਕਤਲ ਕਰ ਦੇਣ ਕਰਕੇ ਉੱਥੇ ਫਾਂਸੀ ਦਾ ਰੱਸਾ ਚੁੰਮਿਆ। ਭਾਈ ਬਾਲਮੁਕੰਦ ਨੂੰ 1912 ਦੇ ਲਾਰਡ ਹਾਰਡਿੰਗ ਵਾਇਸਰਾਏ ਦੇ ਜਲੂਸ ਉੱਤੇ ਬੰਬ ਸੁੱਟਣ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਹੋਈ। ਉਹ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਦੇ ਖਾਨਦਾਨ ਵਿਚੋਂ ਸੀ। ਅਜਿਹੇ ਹੋਰ ਅਨੇਕਾਂ ਨਾਮ ਹਨ, ਜਿਨ੍ਹਾਂ ਆਪਣੇ ਆਪਣੇ ਢੰਗ ਨਾਲ ਸਮੇਂ ਸਮੇਂ ਵਿਦੇਸ਼ੀ ਹਾਕਮਾਂ ਉਤੇ ਹੱਲੇ ਬੋਲੇ। ਇਹ ਸਾਰੇ ਲੋਕ ਸਾਡੀ ਮਾਨਯੋਗ ਵਿਰਾਸਤ ਹਨ। ਉਨ੍ਹਾਂ ਜੋ ਕੀਤਾ, ਉਹੀ ਆਪਣੇ ਸਮੇਂ ਦਾ ਸੱਚ ਸੀ ਤੇ ਲੋੜ ਸੀ। ਉਹ ਸੱਚੇ ਸੁੱਚੇ ਮਹਾਨ ਦੇਸ਼ ਭਗਤ ਸਨ।
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪੰਜਾਬ ਅੰਦਰ ਕਿਸਾਨੀ ਘੋਰ ਸੰਕਟ ਵਿੱਚ ਸੀ। ਮਾਮਲਾ ਤਾਰਨੋਂ ਆਤਰ ਹੋ ਗਏ ਕਿਸਾਨ। ਤੇ ‘ਪਗਡ਼ੀ ਸੰਭਾਲ ਜੱਟਾ’ ਲਹਿਰ ਚੱਲੀ। ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫੀ ਅੰਬਾ ਪਰਸਾਦ ਅਤੇ ਪਿੰਡੀ ਦਾਸ ਇਸ ਦੇ ਆਗੂ ਸਨ। ਕਿਸਾਨੀ ਵਿੱਚ ਜਾਗ੍ਰਤੀ ਲਹਿਰ ਉੱਠੀ। ਸਰਦਾਰ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਦੀ ਉਮਰ ਭਰ ਦੀ ਜਲਾਵਤਨੀ ਇਸੇ ਲਹਿਰ ਦਾ ਸਿੱਟਾ ਸੀ।
ਪਰ ਅਸ਼ਕੇ ਜਾਈਏ ਗ਼ਦਰ ਲਹਿਰ ਦੇ 1910-12 ਦੇ ਸਮੇਂ ਵੱਡੀ ਗਿਣਤੀ ਵਿੱਚ ਪੰਜਾਬੀ ਰੋਟੀ ਰੋਜ਼ੀ ਦੀ ਭਾਲ ਵਿੱਚ ਅਮਰੀਕਾ, ਕੈਨੇਡਾ ਪੁੱਜੇ। ਅਜ਼ਾਦੀ ਤੇ ਗੁਲਾਮੀ ਦਾ ਫ਼ਰਕ ਵੇਖਿਆ। ਮੁਲਕ ਨੂੰ ਅਜ਼ਾਦ ਵੇਖਣ ਦੀ ਚਿਣਗ ਜਾਗੀ। ਗ਼ਦਰ ਪਾਰਟੀ ਬਣਾਈ।
ਜਦ ਸੰਨ 1914 ਵਿੱਚ ਪਹਿਲੀ ਸੰਸਾਰ ਜੰਗ ਲੱਗੀ ਤਾਂ ਉਨ੍ਹਾਂ ਨੇ ਫੌਜਾਂ ਵਿੱਚ ਗ਼ਦਰ ਦੀ ਮਦਦ ਨਾਲ ਹਥਿਆਰਬੰਦ ਤਖਤਾ ਪਲਟਣ ਦੇ ਮਕਸਦ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੁਸਤਾਨ ਵੱਲ ਵਹੀਰਾਂ ਘੱਤੀਆਂ। ਜੰਗ ਵਿੱਚ ਉਲਝੇ ਸਾਮਰਾਜੀ ਹਾਕਮਾਂ ਨੂੰ ਦੇਸ਼ ਵਿੱਚੋਂ ਮਾਰ ਭਜਾਉਣ ਦਾ ਜਜ਼ਬਾ ਤੇ ਯੋਜਨਾ ਸੀ ਗ਼ਦਰੀ ਸੂਰਮਿਆਂ ਦੀ। ਪਰ ਗ਼ਦਰੀਆਂ ਦੀ ਯੋਜਨਾ ਸਿਰੇ ਚਡ਼੍ਹਾਉਣ ਲਈ ਪੰਜਾਬ ਤੇ ਭਾਰਤ ’ਚ ਲੋਕ ਅਜੇ ਤਿਆਰ ਨਹੀਂ ਸਨ। ਪਾਰਟੀ ਜਥੇਬੰਦੀ ਕੋਲ ਵੀ ਅਜੇ ਤਜਰਬੇ ਦੀ ਘਾਟ ਸੀ। ਸ਼ਾਇਦ ਹਰ ਵੱਡੇ ਅੰਦੋਲਨ ਦੀਆਂ ਸ਼ੁਰੂਆਤੀ ਲਹਿਰਾਂ ਦੀ ਇਹੀ ਹੋਣੀ ਹੁੰਦੀ ਹੈ। ਅੰਗਰੇਜ਼ ਸਰਕਾਰ ਨੇ ਗ਼ਦਰ ਲਹਿਰ ਨੂੰ ਬਹੁਤ ਬੇਰਹਿਮੀ ਨਾਲ ਕੁਚਲਿਆ। 200 ਦੇ ਲਗਪਗ ਸੂਰਮਿਆਂ ਨੂੰ ਮੌਤ ਅਤੇ 300 ਤੋਂ ਉਪਰ ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਹੋਰ ਸਜ਼ਾਵਾਂ ਵੱਖਰੀਆਂ।
ਗ਼ਦਰ ਲਹਿਰ ਸੰਪੂਰਨ ਅਜ਼ਾਦੀ ਦਾ ਨਾਅਰਾ ਦੇਣ ਵਾਲੀ ਅਤੇ ਅੰਗਰੇਜ਼ਾਂ ਨੂੰ ਮਾਰ ਭਜਾਉਣ ਲਈ ਹੰਭਲਾ ਮਾਰਨ ਵਾਲੀ ਪਹਿਲੀ ਵੱਡੀ ਲਹਿਰ ਸੀ। ਜਿਸ ਨੇ ਸਭ ਧਰਮਾਂ, ਜਾਤਾਂ, ਕੌਮੀਅਤਾਂ ਦੀ ਸਾਂਝੀ ਏਕਤਾ ਦਾ ਝੰਡਾ ਬੁਲੰਦ ਕੀਤਾ। ਇਸ ਲਹਿਰ ਦੇ ਮੋਹਰੀ ਵੀ ਜ਼ਿਆਦਾਤਰ ਪੰਜਾਬੀ ਤੇ ਸਿੱਖ ਹੀ ਸਨ ਜੋ ਕੌਮੀ ਭਾਵਨਾ ਵਿੱਚ ਰੰਗੇ ਹੋਏ ਸਨ।
1915 ਵਿੱਚ ਪਹਿਲੇ ਸੱਤ ਫਾਂਸੀ ਲੱਗਣ ਵਾਲਿਆਂ ਵਿੱਚ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਛੋਟਾ ਅਤੇ ਸੁਰੈਣ ਸਿੰਘ ਵੱਡਾ ਸਨ।
1919 ਵਿੱਚ ਅੰਗਰੇਜ਼ ਹਕੂਮਤ ਨੇ ‘ਰੌਲਟ ਐਕਟ’ ਪਾਸ ਕੀਤਾ। ਜਿਸ ਦਾ ਮਕਸਦ ਆਪਣੇ ਰਾਜਸੀ ਵਿਰੋਧੀਆਂ ਉਤੇ ਤੁਰੰਤ ਅਤੇ ਤਕਡ਼ਾ ਸ਼ਿਕੰਜਾ ਕੱਸਣਾ ਸੀ। ਇਸ ਐਕਟ ਨੂੰ ਵਾਪਸ ਕਰਾਉਣ ਲਈ ਦੇਸ਼ ਭਰ ਵਿੱਚ ਜਿੰਨੀਆਂ ਵੀ ਹਡ਼ਤਾਲਾਂ ਹੋਈਆਂ, ਉਨ੍ਹਾਂ ਦਾ ਇਕ-ਤਿਹਾਈ ਪੰਜਾਬ ’ਚ ਹੋਈਆਂ।
ਕਾਂਗਰਸ ਪਾਰਟੀ ਨੇ ਇਸ ਐਕਟ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ। ਲਾਹੌਰ ਤੇ ਅੰਮ੍ਰਿਤਸਰ ਉਸ ਵਕਤ ਸੰਘਰਸ਼ ਦੇ ਕੇਂਦਰ ਸਨ। 10 ਅਪਰੈਲ 1919 ਨੂੰ ਦੋ ਵੱਡੇ ਆਗੂਆਂ ਡਾ. ਸਤਪਾਲ ਅਤੇ ਡਾ. ਕਿਚਲੂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰੋਂ ਜ਼ਬਰਦਸਤੀ ਕੱਢ ਦਿੱਤਾ ਗਿਆ। ਲੋਕਾਂ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਜਲਸਾ ਰੱਖਿਆ। ਜਿਸ ਉਪਰ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਇਕ ਸੌ ਵੀਹ ਲਾਸ਼ਾਂ ਉਥੋਂ ਦੇ ਖੂਹ ਵਿਚੋਂ ਨਿਕਲੀਆਂ।
ਜਲ੍ਹਿਆਂਵਾਲੇ ਬਾਗ ਦੇ ਸਾਕੇ ਉਪਰੰਤ ਅੰਗਰੇਜ਼ ਸਰਕਾਰ ਇਥੇ ਰਾਜ ਕਰਨ ਦਾ ਨੈਤਿਕ ਹੱਕ ਗਵਾ ਬੈਠੀ। ਇਸ ਸਾਕੇ ਵਿਰੁੱਧ ਸਾਰਾ ਪੰਜਾਬ ਉੱਠ ਖਲੋਤਾ। ਲੋਕਾਂ ਨੇ ਸਮੁੱਚੇ ਹਕੂਮਤੀ ਤੰਤਰ ਉਤੇ ਹੱਲਾ ਬੋਲ ਦਿੱਤਾ। ਇਸ ਬਗਾਵਤ ਨੂੰ ਮਾਰਸ਼ਲ ਲਾਅ ਲਾਗੂ ਕਰਕੇ ਦਬਾਇਆ ਗਿਆ। 114 ਮੁਕੱਦਮੇ ਚੱਲੇ। ਜਿਨ੍ਹਾਂ ਵਿੱਚੋਂ 115 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। 185 ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਅਤੇ ਤਿੰਨ ਹਜ਼ਾਰ ਦੇ ਕਰੀਬ ਹੋਰ ਲੋਕਾਂ ਨੂੰ ਸਜ਼ਾਵਾਂ ਹੋਈਆਂ।
ਉਸ ਵਕਤ ਪੰਜਾਬ ਸਿਆਸੀ ਲੜਾਈ ਦਾ ਗੜ੍ਹ ਅਤੇ ਅੰਗਰੇਜ਼ ਵਿਰੁੱਧ ਜਵਾਲਾ ਮੁਖੀ ਦਾ ਰੂਪ ਬਣਿਆ ਪਿਆ ਸੀ। ਓਧਰ ਗੁਰਦੁਆਰਿਆਂ ਉੱਪਰ ਵੀ ਅੰਗਰੇਜ਼ ਪੱਖੀ ਲੋਕ ਜਬਰੀ ਕਾਬਜ਼ ਸਨ। ਜੋ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਅਸਲ ਕਾਰਨ ਬਣੇ। ਇਹ ਅੰਤਿਮ ਰੂਪ ਵਿੱਚ ਅੰਗਰੇਜ਼ ਵਿਰੋਧੀ ਲਹਿਰ ਹੋ ਨਿੱਬੜੀ।
ਗੁਰਦੁਆਰੇ ਅਜ਼ਾਦ ਕਰਵਾਉਣ ਲਈ ਸਤਿਆਗ੍ਰਹਿ ਸ਼ੁਰੂ ਹੋ ਗਿਆ। ਨਨਕਾਣਾ ਸਾਹਿਬ ਗੁਰਦੁਆਰੇ ਉੱਪਰ ਅੰਗਰੇਜ਼ ਪ੍ਰਸਤ ਮਹੰਤ ਨਰਾਇਣ ਦਾਸ ਕਾਬਜ਼ ਸੀ। 20 ਫਰਵਰੀ 1921 ਨੂੰ ਲਛਮਣ ਸਿੰਘ ਦੀ ਅਗਵਾਈ ਵਿੱਚ ਜਥਾ ਨਨਕਾਣੇ ਵੱਲ ਕੂਚ ਕੀਤਾ। ਜਿਸ ਨੂੰ ਘੇਰ ਕੇ ਗੁਰਦੁਆਰੇ ਦੇ ਅਹਾਤੇ ਅੰਦਰ 130 ਸਿੱਖਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ। ਗੁਰੂ ਕੇ ਬਾਗ ਦਾ ਮੋਰਚਾ ਵੀ ਬੜੀ ਬੇਰਹਿਮੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਜੈਤੋ ਦੇ ਮੋਰਚੇ ਵਿੱਚ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ। ਏਥੋਂ ਤੱਕ ਕਿ ਜੈਤੋ ਦੇ ਮੋਰਚੇ ਦੀ ਹਮਦਰਦੀ ਵਜੋਂ ਆਏ ਜਵਾਹਰ ਲਾਲ ਨਹਿਰੂ ਨੂੰ ਵੀ ਗ੍ਰਿਫਤਾਰ ਕਰਕੇ ਚਾਰ ਦਿਨ ਹਵਾਲਾਤ ਵਿਚ ਬੰਦ ਰੱਖਿਆ ਗਿਆ। ਮੇਰਾ ਨਾਨਾ ਵੀ ਇਨ੍ਹਾਂ ਮੋਰਚਿਆਂ ਦਾ ਜਰਨੈਲ ਸੀ। ਜਿਸ ਦੇ ਮੂੰਹੋਂ ਮੈਂ ਸਭ ਕੁਝ ਆਪ ਸੁਣਿਆ।
ਆਖਿਰ ਸਭ ਮੋਰਚਿਆਂ ਦੀ ਜਿੱਤ ਹੋਈ। ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਇਸ ਲਹਿਰ ਨੇ ਸਿੱਖਾਂ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਜਜ਼ਬਾ ਉਭਾਰਿਆ।
ਏਥੋਂ ਤਕ ਕਿ ਜ਼ੁਲਮ ਤਸ਼ੱਦਦ ਵਿੱਚ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਝੋਲੀਚੁੱਕ ਗ਼ਦਾਰਾਂ ਨੂੰ ਸੋਧਾ ਲਾਉਣ (ਮਾਰਨ) ਲਈ ਖਾੜਕੂ ਬੱਬਰ ਅਕਾਲੀ ਲਹਿਰ ਚੱਲ ਪਈ ਜੋ 1922 ਤੋਂ ਤਿੰਨ ਸਾਲ ਚੱਲੀ। ਇਸ ਲਹਿਰ ਵਿੱਚ ਕੁਰਬਾਨੀਆਂ  ਕਰਨ ਵਾਲੇ ਬੱਬਰਾਂ ਵਿੱਚੋਂ 27 ਬੱਬਰਾਂ ਨੂੰ ਮੌਤ ਗਲੇ ਲਗਾਉਣੀ ਪਈ। ਦੋ ਦਰਜਨ ਤੋਂ ਵੱਧ ਨੂੰ ਉਮਰ ਕੈਦ ਹੋਈ। ਫਾਂਸੀ ਉੱਤੇ ਲਟਕਾਏ ਜਾਣ ਵਾਲੇ ਬੱਬਰ ਜਥੇਦਾਰ ਕਿਸ਼ਨ ਸਿੰਘ, ਦਲੀਪ ਸਿੰਘ, ਨੰਦ ਸਿੰਘ, ਕਰਮ ਸਿੰਘ, ਬਾਬੂ ਸੰਤਾ ਸਿੰਘ, ਧਰਮ ਸਿੰਘ ਸਨ।
ਸ਼ਹੀਦ ਭਗਤ ਸਿੰਘ, ਪੰਡਿਤ ਕਿਸ਼ੋਰੀ ਲਾਲ ਅਤੇ ਉਨ੍ਹਾਂ ਦੀ ਨੌਜਵਾਨ ਭਾਰਤ ਸਭਾ ਖੱਬੇ ਪੱਖੀ ਵਿਚਾਰਾਂ ਤੋਂ  ਪ੍ਰਭਾਵਿਤ ਇਕ ਇਨਕਲਾਬੀ ਲਹਿਰ ਵਜੋਂ 1924 ਵਿੱਚ ਉਭਰੀ। ਉਨ੍ਹਾਂ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ’ ਵੀ ਬਣਾਈ। ਉਨ੍ਹਾਂ ਹਥਿਆਰਬੰਦ ਇਨਕਲਾਬ ਕਰਨ ਦਾ ਟੀਚਾ ਮਿਥਿਆ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ 1931 ਵਿੱਚ ਫਾਂਸੀ ਦਾ ਰੱਸਾ ਚੁੰਮਿਆ ਅਤੇ ਅਜ਼ਾਦੀ ਅੰਦੋਲਨ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ। ਭਗਤ ਸਿੰਘ ਦੀ ਬਹੁਤ ਖਾਸ ਗੱਲ ਉਸ ਦੀਆਂ 100 ਦੇ ਕਰੀਬ ਲਿਖਤਾਂ ਹਨ। ਜੋ ਉਸ ਨੇ 24 ਸਾਲ ਤਕ ਦੀ ਛੋਟੀ ਜਿਹੀ ਸੰਘਰਸ਼ਮਈ ਜ਼ਿੰਦਗੀ ਦੇ ਵਿੱਚ ਲਿਖੀਆਂ। ਇਨ੍ਹਾਂ ਲਿਖਤਾਂ ਵਿਚਲਾ ਇਨਕਲਾਬੀ ਸੁਨੇਹਾ ਅੱਜ ਵੀ ਲੋਕਾਂ ਦਾ ਮਾਰਗ ਦਰਸ਼ਨ ਕਰਦਾ ਹੋਇਆ ਲਲਕਾਰਦਾ ਹੈ ਕਿ ਸਾਡੇ ਸੁਪਨਿਆਂ ਦਾ ਭਾਰਤ ਸਿਰਜਣਾ ਅਜੇ ਬਾਕੀ ਹੈ।
ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਇੰਗਲੈਂਡ ਜਾ ਕੇ ਮਾਈਕਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਫਾਂਸੀ ਦਾ ਰੱਸਾ ਚੁੰਮ ਲਿਆ।
1927 ਤੋਂ ਪੰਜਾਬ ਵਿੱਚ ਰਿਆਸਤੀ ਪਰਜਾ ਮੰਡਲ ਲਹਿਰ ਚੱਲੀ। ਜਿਸ ਵਿੱਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਅਤੇ ਕਪੂਰਥਲਾ ਦੇ ਰਾਜਿਆਂ ਦੀ ਰਜਵਾੜਾਸ਼ਾਹੀ ਵਿਰੁੱਧ ਅਤੇ ਕਿਸਾਨੀ ਹੱਕਾਂ ਲਈ ਲੜਾਈਆਂ ਲੜੀਆਂ ਗਈਆਂ। ਜਿਨ੍ਹਾਂ ਵਿੱਚ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ।
1936 ਵਿੱਚ ਬਣੀ ਕੁੱਲ ਹਿੰਦ ਕਿਸਾਨ ਸਭਾ ਵਿੱਚ ਵੀ ਪੰਜਾਬੀਆਂ  ਦਾ ਵੱਡਾ ਰੋਲ ਸੀ। ਜਿਸ ਦੇ ਝੰਡੇ ਹੇਠ ਪੰਜਾਬ ਵਿੱਚ ਅਨੇਕਾਂ ਮੋਰਚੇ ਲਾਏ ਅਤੇ ਜਿੱਤੇ ਗਏ। ਅਸਲ ਵਿੱਚ ਇਹ ਲੜਾਈਆਂ ਅੰਗਰੇਜ਼ ਵਿਰੋਧੀ ਲਾਮਬੰਦੀ ਦਾ ਇਕ ਹਥਿਆਰ ਹੀ ਸਨ। ਇਨ੍ਹਾਂ ਕਿਸਾਨ ਅਤੇ ਮੁਜ਼ਾਰਾ ਲਹਿਰਾਂ ਦੇ ਸੰਘਰਸ਼ਾਂ ਵਿੱਚ 28 ਯੋਧਿਆਂ ਨੇ ਸ਼ਹਾਦਤਾਂ ਦਿੱਤੀਆਂ।
‘ਆਜ਼ਾਦ ਹਿੰਦ ਫੌਜ’ ਜੋ ਜਨਰਲ ਮੋਹਣ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ’ਚ ਅੰਗਰੇਜ਼ਾਂ ਨਾਲ ਸਿੱਧੀ ਲੜਾਈ ਲੜੀ ਗਈ। ਇਸ ਵਿੱਚ ਵੀ 900 ਦੇ ਕਰੀਬ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿੱਚੋਂ ਬਹੁਗਿਣਤੀ ਪੰਜਾਬੀ ਹੀ ਸਨ।
ਕਿਰਤੀ ਪਾਰਟੀ ਨੇ ਫੌਜ ਵਿੱਚ ਵੀ ਅਜ਼ਾਦੀ ਲਈ ਲਾਮਬੰਦੀ ਕੀਤੀ ਸੀ। ਜਿਸ ਨੇ ਦੂਜੀ ਸੰਸਾਰ ਜੰਗ ਵੇਲੇ ਬਗ਼ਾਵਤ ਕਰ ਦਿੱਤੀ। ਜਿਸ ਦੇ ਨਤੀਜੇ ਵਜੋਂ ਚਾਰ ਨੂੰ ਫਾਂਸੀ ਅਤੇ ਦੋ ਸੌ ਤੋਂ ਵੱਧ ਨੂੰ 2 ਸਾਲ ਤੋਂ 16 ਸਾਲ ਤੱਕ ਦੀਆਂ ਸਜ਼ਾਵਾਂ ਹੋਈਆਂ।
ਅਜ਼ਾਦੀ ਖਾਤਰ 1947 ਤੋਂ ਪਹਿਲਾਂ ਕਮਿਊਨਿਸਟਾਂ, ਕਾਂਗਰਸ ਅਤੇ ਅਕਾਲੀਆਂ ਵੱਲੋਂ ਕੀਤੀਆਂ ਵੱਡੀਆਂ ਬੇਮਿਸਾਲ ਕੁਰਬਾਨੀਆਂ ਦਾ ਵਿਸਥਾਰ ਇਥੇ ਮੁਮਕਿਨ ਨਹੀਂ।
ਸੋ ਪੰਜਾਬੀਆਂ ਦੀ ਵਤਨ ਦੀ ਖਾਤਰ ਖੂਨ ਡੋਲ੍ਹਵੀਂ ਕੁਰਬਾਨੀ ਮਾਣਯੋਗ ਹੈ, ਚੇਤੇ ਰੱਖਣਯੋਗ ਹੈ, ਤੇ ਅਗਲੀਆਂ ਪੀੜ੍ਹੀਆਂ ਨੂੰ ਸੁਣਾਉਣਯੋਗ ਕਹਾਣੀ ਹੈ। ਇਹ ਜਵਾਬ ਹੈ ਉਨ੍ਹਾਂ ਲੋਕਾਂ ਨੂੰ, ਜਿਹੜੇ ਕਹਿੰਦੇ ਨੇ ਕਿ ਅਜ਼ਾਦੀ ਸਿਰਫ਼ ਸ਼ਾਂਤਮਈ ਮੁਜ਼ਾਹਰਿਆਂ ਅਤੇ ਤਰੀਕਿਆਂ ਨਾਲ ਹੀ ਆਈ ਹੈ।
ਪਰ ਅਸਾਂ ਦੇਸ਼ ਵੰਡ/ਪੰਜਾਬ ਵੰਡ ਦੇ ਫੱਟ ਵੀ ਝੱਲੇ ਹਨ। ਅਜੇ ਅਸਾਂ ਇਸ 1947 ਵਾਲੀ ਅਜ਼ਾਦੀ ਨੂੰ ਲੋਕਾਂ ਦੀ ਅਸਲੀ ਅਜ਼ਾਦੀ ਤੱਕ ਲਿਜਾਣਾ ਹੈ। ਅਸੀਂ ਏਨੇ ਮਹਾਨ ਲੋਕਾਂ ਦੇ ਵਾਰਸ ਹਾਂ, ਇਸ ਲਈ ਅਸੀਂ ਛੋਟੀਆਂ ਸੋਚਾਂ ਤੋਂ ਉੱਪਰ ਉਠ ਕੇ ਹੋਰਨਾਂ ਦਾ ਮਾਰਗ ਦਰਸ਼ਨ ਵੀ ਕਰਨਾ ਹੈ।--ਸੁਰਿੰਦਰ ਮੰਡ
* ਸੰਪਰਕ: 94173-24543      (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਬਾਬਾ ਰਾਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਭਗਤ ਸਿੰਘ

No comments: