Thursday, August 15, 2013

ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,

ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ
ਆਜ਼ਾਦੀ ? ਇਹ ਫੋਟੋ ਅਵਤਾਰ ਸਿਧੂ ਦੀ ਪ੍ਰੋਫ਼ਾਈਲ ਤੋਂ ਧੰਨਵਾਦ ਸਹਿਤ 
ਇਕ਼ਬਾਲ ਧਨੌਲਾ 
Iqbal Dhanaula ਅਰਥਾਤ ਇਕ਼ਬਾਲ ਧਨੌਲਾ ਮਤਲਬ ਇਕ਼ਬਾਲ ਪਾਠਕ--ਨੇ ਜਿਥੇ ਆਪਣੀ ਲਗਾਤਾਰਤਾ ਬਣਾਈ ਹੋਈ ਹੈ ਉਥੇ ਹੁਣ ਉਸਦੀ ਸੁਰ ਵੀ ਕੁਝ ਹੋਰ ਤਿੱਖੀ ਹੋ ਗਈ ਹੈ--ਆਜ਼ਾਦੀ ਦੇ 67 ਵਰ੍ਹੇ ਮੌਕੇ ਜਦੋਂ ਲੋਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਧਾਈਆਂ ਦੀਆਂ ਹਨੇਰੀਆਂ ਲਿਆਉਣ ਲੱਗੇ ਹੋਏ ਹਨ ਉਦੋਂ ਇਕ਼ਬਾਲ ਨੇ ਹਕੀਕਤ ਦੀ ਇੱਕੋ ਦੀਵਾਰ ਅਚਾਨਕ ਹੀ ਕਿਸੇ ਤੁਫਾਨ ਵਾਂਗ ਇਸ ਹਨੇਰੀ ਅੱਗੇ ਲਿਆ ਖੜੀ ਕੀਤੀ ਹੈ--ਇਸ ਨਾਲ ਟਕਰਾ ਕੇ ਫੈਸ਼ਨ ਬਣ ਚੁੱਕੀਆਂ ਖੋਖਲੀਆਂ ਵਧਾਈਆਂ ਦਾ ਫੂਕ ਨਿਕਲਿਆ ਗੁਬਾਰਾ ਇੱਕ ਵਾਰ ਫੇਰ ਹੇਠਾਂ ਆ ਰਿਹਾ ਹੈ ਲੋਕ ਸ਼ਕਤੀ ਦੇ ਪੈਰਾਂ ਵੱਲ---ਜ਼ਰਾ ਪੜ੍ਹੋ ਹੇਠਾਂ ਦਿੱਤੀ ਇੱਕ ਕਾਵਿ ਰਚਨਾ--ਗੁਰਦਾਸ ਆਲਮ ਦੀ ਇਹ ਰਚਨਾ ਇਕ਼ਬਾਲ ਹੁਰਾਂ ਨੇ MP Singh ਦੀ ਵਾਲ ਤੋਂ ਕਾਪੀ ਕੀਤੀ ਹੈ--ਆਮ ਲੋਕਾਂ ਦੀ ਗੱਲ ਕਰਦੀ ਇਸ ਰਚਨਾ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਵੀ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ....! ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ--!   -ਰੈਕਟਰ ਕਥੂਰੀਆ 
           ਆਜ਼ਾਦੀ 
ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।

ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।

ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।

ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।--------
--ਗੁਰਦਾਸ ਆਲਮ


ਕੌਣ ਸੀ ਇਸ ਰਚਨਾ ਦਾ ਸ਼ਾਇਰ ਗੁਰਦਾਸ ਰਾਮ ਆਲਮ ?
ਗੁਰਦਾਸ ਰਾਮ ਆਲਮ ਕੁਝ ਯਾਦਾਂ//ਸੁਦੇਸ਼ ਕਲਿਆਣ

No comments: