Wednesday, August 21, 2013

ਫਾਈਲਾਂ ਹਾਲੇ ਪੁੱਜੀਆਂ ਈ ਨਹੀਂ

ਇਹਦੇ ਬਗੈਰ ਤਾਂ ਸਰਨਾ ਹੀ ਨਹੀਂ ਸੀ...ਓਥੇ ਕਰ ਲੈਂਦੇ ਤਾਂ ਐਥੇ ਨਾਂ ਕਰਨਾ ਪੈਂਦਾ
Subhash Rabra ਹੁਰਾਂ ਨੇ ਪੰਜਾਬ ਸਕਰੀਨ ਗਰੁੱਪ ਵਿੱਚ ਇੱਕ ਲਿਖਤ ਪੋਸਟ ਕੀਤੀ ਜਿਹੜੀ ਮੌਤ ਤੋਂ ਬਾਅਦ ਹੋਣ ਵਾਲੀਆਂ "ਸੰਭਾਵਿਤ ਖੱਜਲ ਖੁਆਰੀਆਂ"ਦੀ ਗੱਲ ਕਰਦੀ ਕਰਦੀ ਅਚਾਨਕ ਹੀ ਬੜੇ ਸੂਖਮ ਜਹੇ ਢੰਗ ਨਾਲ ਅਹਿਸਾਸ ਕਰਾਉਂਦੀ ਹੈ ਸਾਡੀ ਮੌਜੂਦਾ ਜ਼ਿੰਦਗੀ ਦੀ ਹਾਲਤ ਬਾਰੇ--ਮੌਤ ਤੋਂ ਪਹਿਲਾਂ ਸਦੀਆਂ ਜੀਵਨ ਹਾਲਤਾਂ  ਕਰਦੀ ਜਿਊਂਦੇ ਜੀਅ ਸੰਘਰਸ਼ਾਂ ਦਾ ਰਸਤਾ ਅਪਣਾਈ ਰੱਖਣ ਦਾ ਸੁਨੇਹਾ ਵੀ   ਅਟੱਲ ਸੱਚਾਈ ਤੋਂ ਘੱਟ ਨਹੀਂ। ---ਇੱਕ ਵਾਰ ਇਹ ਲਿਖਤ ਪੜ੍ਹੋ--- ਇਹ ਤੁਹਾਨੂੰ ਬੜੇ ਹੀ ਸੂਖਮ ਅਤੇ ਮੁਲਾਇਮ ਜਹੇ ਢੰਗ ਨਾਲ ਜਿੰਦਗੀ ਦੀਆਂ ਕੌੜੀਆਂ, ਕੁਸੈਲੀਆਂ ਅਤੇ ਔਖੀਆਂ ਹਾਲਤਾਂ ਬਾਰੇ ਬਿਨਾ ਕੁਝ ਅਖੀਆਂ ਸੋਚਣ ਲਈ ਮਜਬੂਰ ਕਰ ਦੇਵੇਗੀ---
ਆ ਜਾਓ ਬਾਈ ਜੀ। ... ਇਧਰ ਈ ਆ ਜਾਓ 
ਜਿੰਨੇ ਕੁ ਸੁਆਸਾਂ ਦੀ ਪੂੰਜੀ ਉਨਹੂੰ ਬਖਸ਼ਸ਼ ਚ ਮਿਲੀ ਹੋਈ ਸੀ , ਪੂਰੀ ਕਰ ਅਤੇ ਹਰ ਦਰਬਾਰੇ ਆਪਣੀ ਹਾਜ਼ਿਰੀ ਲੁਆਉਣ ਤੋ ਬਾਅਦ , ਓਹ ਆਖਿਰ ਉਹ ਉਸ ਪਰਮ ਪਿਤਾ ਦੇ ਦਰਬਾਰੇ ਹਾਜ਼ਿਰੀ ਲੁਆਉਣ ਪਹੁੰਚ ਗਿਆ I ਉਨਹੂੰ ਦੱਸਿਆ ਗਿਆ ਸੀ ਕਿ ਨੇਕ ਕੰਮ ਕਰਨ ਵਾਲਿਆਂ ਨੂੰ ਸੁਰਗ ਮਿਲਦਾ ਹੈ ਤੇ ਮਾੜੇ ਕੰਮਾਂ ਵਾਲਿਆਂ ਨੂੰ ਨਰਕ਼। .... ਸੋ ਠਾਹ ਦਿਣੀ ਓਹ ਸੁਰਗ ਦੇ ਰਾਹੇ ਜਾ ਪਿਆ I ਰਾਹ ਚ ਵੇਖਿਆ ਕਿ ਇੱਕ ਵੱਡੇ ਸਾਰੇ ਪਿੱਪਲ ਥੱਲੇ ਕੁਝ ਹੋਰ ਇੱਕਠੇ ਹੋਏ ਬੈਠੇ ਸਨ ਜਿਹੜੇ ਉਨਹੂੰ ਵੇਖਦੇ ਸਾਰ ਰੌਲਾ ਪਾਉਣ ਲੱਗੇ ," ਆਜਾ ਬਾਈ ਆਜਾ। ... ਐਧਰ ਈ ਆਜਾ " I ਉਸ ਸੋਚਿਆ ਐਵੈ ਸੀਪ ਕੁੱਟੀ ਜਾਂਦੇ ਐ ਤੇ ਰੌਲਾ ਪਾਈ ਜਾਂਦੇ ਐ। ... ਭਾਲਿਆ ਮਾਣਸਾ ਤੂੰ ਕੀ ਲੈਣਾਂ ਇਨ੍ਹਾਂ ਤੋਂ। .. ਤੂੰ ਵਗਿਆ ਚੱਲ ਤੇ ਸੁਰਗ ਚ ਜਾ ਆਪਣੀ ਸੀਟ ਮੱਲ। .. ਮੁੜ ਕੇ ਉਨ੍ਹਾਂ ਕਹਿਣਾ ਕਿ ਬਾਈ ਜੀ ਹੁਣ ਤਾਂ ਹਾਉਸ ਫੁੱਲ I ਵਾਹੋ ਦਾਹੀ ਭੱਜਦਾ ਭਜਾਉਂਦਾ ਓਹ ਸੁਰਗ ਦੇ ਬੂਹੇ ਜਾ ਖੜਾ I ਚਿਤਰਗੁਪਤ ਆਪਣੇ ਵਹੀ ਖਾਤਿਆਂ ਚ ਮਸਰੂਫ ਸੀ। ... ਫਿਰ ਵੀ ਜੇਰਾ ਕਰ ਉਸ ਪੁਛ ਹੀ ਲਿਆ , " ਮਾਰਾਜ !! ਮੈਂ ਫਲਾਣਾਂ ਵਲਦ ਫਲਾਣਾਂ ਜਾਤ ਫਲਾਣੀ , ਪਿੰਡ ਤੇ ਡਾਖਾਨਾਂ ਫਲਾਣਾ। ... ਤਸੀਲ ਜ਼ਿਲਾ ਤੇ ਰਾਜ ਫਲਾਣਾ ਫਲਾਣਾ ਫਲਾਣਾ ਹਿੰਦੁਸਤਾਨੋੰ ਆਇਆ ਹਾਂ। . ਕਿੱਥੇ ਡੇਰੇ ਲਾਵਾਂ ? " ਚਿਤਰਗੁਪਤ ਨੇ ਕਾਗਜਾਂ ਦੀ ਫਰੋਲਾ ਫਰਾਲੀ ਕੀਤੀ। .. ਨੈੱਟ ਤੇ ਸਟੇਟਸ ਚੈੱਕ ਕੀਤਾ ਅਤੇ ਬਚਨ ਉਚਾਰੇ ," ਸੁਰਗ ਦੀ ਲਿਸਟ ਚ ਤਾਂ ਤੁਹਾਡਾ ਨਾਂ ਕਿਤੇ ਤੁਹਾਡਾ ਨਾਂ ਹੈ ਹੀ ਨਹੀਂ। ... ਓਧਰੋਂ ਨਰਕ਼ ਆਲੇ ਦਫਤਰੋਂ ਪੁਛ ਲਓ !
ਬਚਨ ਸੁਣ ਓਹ ਨਰਕ਼ ਦੇ ਰਾਹੇ ਪੈ ਗਿਆ I ਰਾਹੀਂ ਪਿਆ ਸੋਚੀ ਜਾਂਦਾ ਸੀ ," ਐਵੈਂ ਭੁਲੇਖਾ ਹੀ ਨਾਂ ਪਿਆ ਹੋਵੇ ਚਿਤਰਗੁਪਤ ਨੂੰ। .. ਪਰ ਪਤਾ ਤਾਂ ਮੈਂ ਬਿਲਕੁਲ ਠੀਕ ਦੱਸਿਆ ਸੀ। .. ਜਾਤ ਬਰਾਦਰੀ ਵੀ ਠੀਕ। .. ਹਾਂ ਆਧਾਰ ਕਾਰਡ ਨਹੀਂ ਬਣਵਾਇਆ। .. ਨਹੀਂ ਤਾਂ ਰੌਲਾ ਹੀ ਨਾਂ ਪੈਂਦਾ। .. ਬਾਕੀ ਹੋ ਸਕਦੈ ਡਾਕ ਲੇਟ ਸ਼ੈਟ ਹੋ ਗਈ ਹੋਵੇ। ... ਉੱਥੇ ਤਾਂ ਨਾਲ ਦੇ ਪਿੰਡ ਵੀ ਚਿੱਠੀ ਹਫਤੇ ਦਸਾਂ ਦਿਨਾਂ ਬਾਅਦ ਪੁੱਜਦੀ ਐ। .. ਕੀ ਪਤਾ ਐਥੇ ਵੀ ਕੁਝ ਲੈਣ ਦੇਣ ਚੱਲਦਾ ਹੋਵੇ। ... ਬਾਕੀ ਭਾਈ ਮੈਂ ਕੋਈ ਮਾੜਾ ਕੰਮ ਤਾਂ ਕਦੇ ਕੀਤਾ ਨਹੀਂ। ... ਜਿੰਨਾ ਚਿਰ ਵਿਆਹਿਆ ਨਹੀਂ ਗਿਆ ਮਾਂ ਪਿਓ ਦੀ ਸੇਵਾ ਕੀਤੀ। .. ਬਾਅਦ ਚ ਘਰ ਵਾਲੀ ਤੇ ਨਿਆਣਿਆਂ ਦੀ। ... ਜਿਸ ਧਰਮ ਚ ਮੇਰੇ ਮਾਲਿਕ ਨੇ ਮੈਨੂੰ ਜੰਮ ਤਾ ਓਸੇ ਦੇ ਲੜ ਲੱਗਿਆ ਰਿਹਾ ਬਿਨਾ ਕਿਸੇ ਤੂ ਤੜਾਕ ਦੇ। .. ਓਸੇ ਦੀਆਂ ਰਵਾਇਤਾਂ ਮੰਨਦਾ ਰਿਹਾ। ... ਜਿੰਨਾਂ ਸਰਿਆ ਪੁੱਜਿਆ ਦੂਜਿਆਂ ਦੀ ਅਹੀ ਤਹੀ ਵੀ ਕੀਤੀ ... ਹੋਰ ਕੁਝ ਕੀਤਾ ਹੋਵੇ ਭਾਵੇਂ ਨਾਂ... ਹਾਂ ਤੜਕ ਪਹਿਰੇ ਉਠ ਇਸ਼ਨਾਨ ਕਰ ਮਾਲਿਕ ਦਾ ਨਾਮ ਜਪਣ ਚ ਕੋਈ ਘੇਸਲ ਨਹੀਂ ਵੱਟੀ । I ਸੜਕ ਦੇ ਖੱਬੇ ਬੰਨੇ ਹੀ ਚਲਦਾ ਰਿਹਾ। .. ਬਿਜਲੀ ਪਾਣੀ ਦਾ ਬਿਲ ਟੈਮ ਸਿਰ ਦਿੱਤਾ। .. ਜਲਸਿਆਂ ਮੁਜ਼ਾਹਰਿਆਂ ਤੋ ਤਾਂ ਊਂ ਈ ਬਚਦਾ ਰਿਹਾ। ... ਪੰਦਰਾ ਅਗਸਤ ਛੱਬੀ ਜਨਵਰੀ ਅਤੇ ਦੋ ਅਕਤੂਬਰ ਨੂੰ ਝੰਡੇ ਨੂੰ ਸਲਾਮੀ ਵੀ ਦਿੱਤੀ ਤੇ ਜਨ ਗਣ ਮਨ ਵੀ ਗਾਇਆ। ਵਾਹ ਕਿਹਾ ਲੱਗਦੀ ਕਿਸੇ ਦੀ ਧੀ ਭੈਣ ਨੂੰ ਬੁਰੀ ਨਜਰ ਨਾਲ ਨਹੀਂ ਵੇਖਿਆ। ... ਲੋੜੋਂ ਵਧ ਕਿਸੇ ਕੋਲੋਂ ਰਿਸ਼ਵਤ ਵੀ ਨਹੀਂ ਲਈ ........ ਪਿਆਜ਼ ਵੀ ਸਠ ਰੁਪੈ ਕਿਲੋ ਲੈ ਕੇ ਖਾਦੇ ਐ ਹੋਰ ਵੀ ਐਹੋ ਜਿਹਾ ਕੁੱਤ ਖਾਨਾ ਬਥੇਰਾ ਕੀਤਾ। .... ਹੁਣ ਇਹ ਕਹਿੰਦੇ ਆ ਕਿ ਸੁਰਗ ਆਲਿਆਂ ਚ ਤਾਂ ਤੇਰਾ ਨਾ ਹੀ ਨਹੀਂ। .... ਮਰਜੀ ਤੇਰੀ ਮੇਰਿਆ ਮਾਲਕਾ। ... ਓਥੇ ਕਿਹੜਾ ਚਲੱਦੀ ਰਹੀ ਹੈ ਬਈ ਐਥੇ .ਚੱਲ ਜੂ '
ਪਿੱਪਲ ਥੱਲੇ ਵਾਲੀ ਢਾਣੀ ਹਾਲੀ ਵੀ ਰੌਲਾ ਪਾਈ ਜਾਂਦੀ ਸੀ I ਜਦੋਂ ਓਹ ਨੇੜਿਓਂ ਲੰਘਿਆ ਤਾਂ ਬਾਹਾਂ ਉਲਾਰ ਉਲਾਰ ਕੇ ਫਿਰ ਓਹੋ ਆਵਾਜ਼ਾਂ ," ਆਜਾ ਬਾਈ ਆਜਾ। . ਐਧਰ ਈ ਆਜਾ " I ਉਨ੍ਹੇੰ ਸੋਚਿਆ ਇਹ ਤਾਂ ਹੁਣ ਸੀਪ ਕੁੱਟਣ ਦੇ ਨਾਲ ਨਾਲ ਜਿੰਦਾ ਬਾਦ ਮੁਰਦਾ ਬਾਦ ਦਾ ਝੱਲ ਵੀ ਕੁੱਟੀ ਜਾਂਦੇ ਐ। .. ਕੀ ਲੈਣੈਂ ਢਗਿਆਂ ਤੋਂ ?? ਚੱਲ ਮਨਾਂ ਤੂੰ ਨਰ੍ਕੋੰ ਈ ਠੌਰ ਠੱਪ ਲੈ ਲਾ I 
ਨਰਕ ਬੂਹੇ ਪਹੁੰਚ ਉਸ ਤੱਕਿਆ , ਚਿਤਰ ਗੁਪਤ ਵਰਗਾ ਇੱਕ ਹੋਰ ਬੈਠਾ ਸੀ। ... ਥੋੜਾ ਜਿਹਾ ਪੱਕੇ ਰੰਗ ਵਾਲਾ I ਓਹਦੇ ਕੋਲ ਜਾ ਵੀ ਉਸ ਓਹਿਓ ਮੁਹਾਰਨੀ ਦੁਹਰਾਈ ," ਮਹਾਰਾਜ ਮੈਂ ਫਲਾਣਾ ਫਲਾਣਾ। ........ ਹਿੰਦੁਸਤਾਨੋੰ ਆਇਆਂ। ... ਮੇਰੀ ਕੋਈ ਪਹੁੰਚ ਪਰਚੀ ?? ਮੈਂ ਤਾਂ ਸਾਰੀ ਉਮਰ ਚੰਗੇ ਕੰਮ ਈ ਕਰਦਾ ਰਿਹਾ। .. ਫਿਰ ਵੀ ਸੁਰਗ ਆਲੇ ਕਹਿੰਦੇ ਸਾਡੇ ਆਲੇ ਪਾਸੇ ਤੁਹਾਡਾ ਨੰਬਰ ਈ ਨਹੀਂ ਲੱਗਿਆ। .. ਕਹਿਣ ਲੱਗੇ ਨਰਕ ਆਲੇ ਮਹਿਕਮੇ ਚ ਪੁਛ ਲਓ। .. ਮੈਂ ਇਧਰ ਆ ਗਿਆ I ਇਸ ਵਾਲੇ ਚਿਤਰ ਗੁਪਤ ਨੇੰ ਵੀ ਐਧਰ ਉਧਰ ਫਾਇਲਾਂ ਵੇਖੀਆਂ। ... ਸਟੇਟਸ ਚੈਕ ਕੀਤਾ ਤੇ ਸਿਰ ਹਿਲਾ ਦਿੱਤਾ ," ਨਹੀਂ ਸਾਡੇ ਕੋਲ ਕੋਈ ਪਹੁੰਚ ਨਹੀਂ ਹਾਲੀ ਤੱਕ ਤਾਂ। .... ਸ਼ੈਤ ਹੁਣ ਤੱਕ ਫਾਈਲ ਸੁਰਗ ਵਾਲੇ ਮਹਿਕਮੇਂ ਚ ਪਹੁੰਚ ਗਈ ਹੋਵੇ। ..ਇੱਕ ਵਾਰ ਫਿਰ ਗੇੜਾ ਮਾਰ ਕੇ ਦੇਖ ਲਓ ' I 
ਨਿਮੋਝੂਣਾ ਜਿਹਾ ਹੋ ਕੇ ਓਹ ਫਿਰ ਸੁਰਗ ਆਲੇ ਮਹਿਕਮੇ ਵੱਲ ਨੂੰ ਤੁਰ ਪਿਆ I ਪਿੱਪਲ ਥੱਲੇ ਇੱਕਠ ਥੋੜਾ ਵਧ ਗਿਆ ਸੀ। .. ਰੌਲਾ ਰੱਪਾ ਵੀ ਵਧ ਗਿਆ ਸੀ। .. ਜਿੰਦਾਬਾਦ ਮੁਰਦਾਬਾਦ ਵੀ ਤਿੱਖੀ ਹੋ ਗਈ ਸੀ I ਕੋਲੋਂ ਦੀ ਲੰਘਣ ਲੱਗਾ ਤਾਂ ਹਥ ਹਿਲਾ ਹਿਲਾ ਕੇ ਫਿਰ ਓਹੋ ਆਵਾਜ਼ਾਂ। " ਆਜਾ ਬਾਈ ਆ ਜਾ। .. ਐਧਰ ਆ ਜਾ " ਉਸ ਸੋਚਿਆ ਮਨਾਂ ਇਨ੍ਹਾਂ ਦੀ ਵੀ ਸੁਣ ਲੈਣੀ ਚਾਹੀਦੀ ਐ। ... ਸੋ ਆਈਆਂ ਓਨ੍ਹਾਂ ਵੱਲ ਮੋੜ ਲਏ I 
" ਲਓ ਭਾਈ ਇੱਕ ਹੋਰ ਆ ਗਿਆ " ਇੱਕ ਨੇਂ ਕਿਹਾ 
" ਨਹੀਂ ਮਿਲੀ ਕਿਤੇ ਸੀਟ ?" ਦੂਜੇ ਨੇ ਪੁਛਿਆ 
" ਨਹੀਂ " ਉਸ ਜੁਆਬ ਦਿੱਤਾ 
" ਫਾਇਲ ਨਹੀਂ ਪਹੁੰਚੀ ਹੋਣੀ ? " ਫਿਰ ਸੁਆਲ ਆਇਆ 
" ਹਾਹੋ " ਉਸ ਫਿਰ ਜੁਆਬ ਦਿੱਤਾ 
" ਹਿੰਦੁਸਤਾਨੋੰ ਆਇਆ ਐਂ ? " 
" ਹਾਂ !! ਪਰ ਥੋਨੂੰ ਕਿਵੇਂ ਪਤਾ? " ਉਸ ਜੁਆਬ ਵੀ ਦਿੱਤਾ ਅਤੇ ਸੁਆਲ ਵੀ ਕੀਤਾ 
" ਅਸੀਂ ਵੀ ਸਾਰੇ ਹਿੰਦੁਸਤਾਨੋੰ ਆਏ ਆਂ। ..... ਟੈਮ ਤੋਂ ਪਹਿਲਾਂ ਆ ਗਏ। ... ਫਾਈਲਾਂ ਹਾਲੇ ਪੁੱਜੀਆਂ ਈ ਨਹੀਂ " ..... ਸਾਰੇ ਜਿਵੇਂ ਇੱਕਠੇ ਹੋ ਕੇ ਹੱਸੇ I ਰੋਕਦਿਆਂ ਰੋਕਦਿਆਂ ਓਹਦਾ ਵੀ ਹਾਸਾ ਨਿੱਕਲ ਗਿਆ I 
" ਪਰ ਆਹ ਜਿੰਦਾਬਾਦ ਮੁਰਦਾਬਾਦ ਕਾਹਦਾ ? ਓਹਨੇ ਹੱਸਦਿਆਂ ਹੱਸਦਿਆਂ ਪੁਛਿਆ 
" ਇਹਦੇ ਬਗੈਰ ਤਾਂ ਸਰਨਾ ਹੀ ਨਹੀਂ ਸੀ। .... ਓਥੇ ਕਰ ਲੈਂਦੇ ਤਾਂ ਐਥੇ ਨਾਂ ਕਰਨਾ ਪੈਂਦਾ। .. ਖਸਮਾਂ ਨੂੰ ਖਾਵੇ ਸੁਰਗ ਨਰਕ। ... ਫਾਈਲਾਂ ਆਈਆਂ ਆਈਆਂ ਨਾਂ ਆਈਆਂ ਨਾਂ ਆਈਆਂ। .. ਚਾਰ ਭਰਾ ਮਿਲ ਕੇ ਐਥੇ ਹੀ ਸੁਰਗ ਬਣਾ ਲਵਾਂਗੇ "
..........
ਤੇ ਫਿਰ ਜਿਵੇਂ ਚੁਫੇਰੇ ਹਾਸਾ ਪੱਸਰ ਗਿਆ

ਕੁਝ ਹੋਰ ਜ਼ਰੂਰੀ ਲਿੰਕ:ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ

Unlike ·  · Unfollow Post · 25 minutes ago

No comments: