Wednesday, August 28, 2013

ਜੱਥੇਦਾਰ ਮੱਕੜ ਵੱਲੋਂ ਖਰੀਆਂ ਖਰੀਆਂ

ਐਸਜੀਪੀਸੀ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਕੂਲਾਂ ਨਾਲੋਂ ਕਿਤੇ ਬੇਹਤਰ ਦੱਸਿਆ
                                                                        ਜਗਬਾਣੀ ਅਖਬਾਰ ਦੇ ਖਬਰਾਂ ਵਾਲੇ ਮੁਖ ਪੰਨੇ 'ਤੇ
ਲੁਧਿਆਣਾ: 28 ਅਗਸਤ 2013: (ਰੈਕਟਰ ਕਥੂਰੀਆ): ਇੰਝ ਲੱਗਦੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਜੋਂ ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਇਹ ਆਖਿਰੀ ਪਾਰੀ ਹੈ ਇਸ ਦੇ ਨਾਲ ਹੀ ਇਹ ਵੀ ਮਹਿਸੂਸ ਹੁੰਦੈ ਕਿ ਉਹ ਇਸ ਅਹੁਦੇ ਤੇ ਕੰਮ ਕਰਦਿਆਂ ਕਾਫੀ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਉਹਨਾਂ ਅੰਦਰ ਹੀ ਅੰਦਰ ਬਹੁਤ ਸਾਰੇ ਤੁਫਾਨਾਂ ਨੂੰ ਸੰਭਾਲਿਆ ਹੋਇਆ ਹੈ ਤੇ ਇਸਦੇ ਨਾਲ ਹੀ ਇਹ ਵੀ ਲੱਗ ਰਿਹੈ ਕਿ ਹੁਣ ਮਾਮਲਾ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਇਹ ਸਭ ਕੁਝ ਮਹਿਸੂਸ ਹੋਇਆ ਇੱਕ ਪ੍ਰਮੁੱਖ ਪਰਚੇ ਦੇ ਅੱਜ ਵਾਲੇ ਐਡੀਸ਼ਨ ਦੀ ਖਬਰ ਪੜ੍ਹ ਕੇ ਇਹ ਖਬਰ ਪ੍ਰਕਾਸ਼ਿਤ ਹੋਈ ਹੈ ਜਗਬਾਣੀ ਅਖਬਾਰ ਦੇ ਖਬਰਾਂ ਵਾਲੇ ਮੁਖ ਪੰਨੇ 'ਤੇ। ਇਹ ਖਬਰ ਪੜ੍ਹਕੇ ਮੁੰਨੀ ਬੇਗਮ ਦੀ ਗਾਈ ਇੱਕ ਬਹੁਤ ਹੀ ਪਹਿਲਾਂ ਸੁਣੀ ਗਜ਼ਲ ਦਾ ਸ਼ਿਅਰ ਵੀ ਯਾਦ ਆ ਰਿਹਾ ਹੈ-- 

ਜਬ ਕਸ਼ਤੀ ਡੂਬਨੇ ਲਗਤੀ ਹੈ ਤੋ ਬੋਝ ਉਤਾਰਾ ਕਰਤੇ ਹੈਂ--
ਗੁੰਚੇ ਆਪਣੀ ਆਵਾਜ਼ੋਂ ਸੇ ਬਿਜਲੀ ਕੋ ਪੁਕਾਰਾ ਕਰਤੇ ਹੈਂ---!
ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪਟਿਆਲਾ ਵਿੱਚ ਮੀਡੀਆ ਦੇ ਸਾਹਮਣੇ ਹੀ ਖਰੀਆਂ ਖਰੀਆਂ ਸੁਣਾਈਆਂ ਹਨ ਅਤੇ ਉਹ ਵੀ ਇਸ ਸਮੇਂ ਪੰਜਾਬ ਦੇ "ਸਰਬਸ਼ਕਤੀਮਾਨ" ਸਮਝੇ ਜਾਂਦੇ ਸੱਤਾਧਾਰੀ ਸਿਆਸਤਦਾਨ ਸੁਖਬੀਰ ਬਾਦਲ ਨੂੰ। ਜੱਥੇਦਾਰ ਮੱਕੜ ਪਟਿਆਲਾ ਵਿੱਚ ਖਾਲਸਾ ਸਕੋਲ ਦੇ ਇੱਕ ਉਦਘਾਟਨ-ਸਮਾਰੋਹ ਵਿੱਚ ਭਾਗ ਲੈਣ ਲੈ ਆਏ ਹੋਏ ਸਨ 
ਉਹਨਾਂ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਕੂਲ ਪੰਜਾਬ ਸਰਕਾਰ ਦੇ ਸਕੂਲਾਂ ਨਾਲੋਂ ਕਿਤੇ ਬੇਹਤਰ ਹਨ। ਉਹਨਾਂ ਇਹ ਵੀ ਆਖਿਆ ਹੈ ਕਿ ਲੰਗਰ ਦੀ ਸੇਵਾ ਬੰਦ ਹੋਣ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਜੱਥੇਦਾਰ ਮੱਕੜ ਬਹੁਤ ਹੀ ਪੁਰਾਣੇ ਅਤੇ ਸੁਲਝੇ ਹੋਏ ਸਿਆਸਤਦਾਨ ਹਨ। ਬਿਨਾ ਤੋਲਿਆਂ ਉਹ ਆਮ ਤੌਰ ਤੇ ਕਦੇ ਨਹੀਂ ਬੋਲਦੇ। ਐਸਜੀਪੀਸੀ ਪ੍ਰਧਾਨ ਦੀ ਅਹਿਮ ਜਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਵਾਲੇ ਸਿਆਸੀ ਦੌਰ ਵਿੱਚ ਜਦੋਂ ਉਹ ਕੇਵਲ ਲੁਧਿਆਣਾ ਵਿੱਚ  ਸਰਗਰਮ ਸਨ ਉਦੋਂ ਵੀ ਉਹ ਆਪਣੇ ਸਿਆਸੀ ਵਿਰੋਧੀਆਂ ਨਾਲ ਇਸੇ ਮੁਹਾਰਤ ਨਾਲ ਨਜਿਠਿਆ ਕਰਦੇ ਸਨ। ਮੀਡੀਆ ਨਾਲ ਉਹਨਾਂ ਦਾ ਪ੍ਰੇਮ ਪਿਆਰ ਵੀ ਇਸੇ ਕਾਰਨ ਸੀ। ਦਲੀਲ, ਮਿਠਾਸ ਅਤੇ ਸੰਤੁਲਿਤ ਸ਼ਬਦਾਂ ਦੇ ਆਸਰੇ ਉਹ ਜਾਂ ਤਾਂ ਵਿਰੋਧੀ ਨੂੰ ਅਛੋਪਲੇ ਹੀ ਚਿੱਤ ਕਰ ਦੇਂਦੇ ਤੇ ਜਾਂ ਫੇਰ ਉਸਦੇ  ਮਨੋਂ ਦੁਸ਼ਮਨੀ ਕਢਕੇ ਉਸਨੂੰ ਹਮੇਸ਼ਾਂ ਲਈ ਆਪਣਾ ਬਣਾ ਲੈਂਦੇ। ਹੁਣ ਦੇਖਣਾ ਇਹ ਹੈ ਕਿ ਇਸ ਖਬਰ ਨਾਲ ਉਹਨਾਂ ਦੇ "ਧਾਰਮਿਕ ਅਤੇ ਸਿਆਸੀ" ਭਵਿੱਖ ਤੇ ਕੀ ਅਸਰ ਪੈਂਦਾ ਹੈ? ਝੂਠ ਅਤੇ ਕਲਿਯੁਗ ਦੇ ਇਸ ਦੌਰ ਵਿੱਚ ਸਚ ਬੋਲਨਾ ਜਿੰਨਾ ਔਖਾ ਹੈ ਉਸ ਬੋਲੇ ਹੋਏ ਸਚ 'ਤੇ ਕਿਮ ਰਹਿਣਾ ਉਸਤੋਂ ਵੀ ਕਿਤੇ ਵਧ ਮੁਸ਼ਕਿਲ ਹੈ। 

No comments: