Friday, August 23, 2013

ਕਰੋੜਪਤੀ ਤੋਂ 'ਰੋਡਪਤੀ'

ਮੰਨੀ-ਪ੍ਰਮੰਨੀ ਸਾਬਕਾ ਪੱਤਰਕਾਰ ਦੀ ਦਰਦ ਭਰੀ ਕਹਾਣੀ-------ਕ੍ਰਿਸ਼ਨਾ ਕੁਮਾਰ
ਕਰੋੜਪਤੀ ਤੋਂ 'ਰੋਡਪਤੀ' ਬਣਨ ਦੀ ਸਾਬਕਾ ਪੱਤਰਕਾਰ ਸੁਨੀਤਾ ਨਾਇਕ ਦੀ ਦੁੱਖ ਭਰੀ ਕਹਾਣੀ ਨੇ ਉਦੋਂ ਬਹੁਤ ਅਜੀਬ ਮੋੜ ਕੱਟਿਆ, ਜਦੋਂ ਮੁੰਬਈ ਦੇ ਇਕ ਜੋੜੇ ਨੇ ਵਿਲੇ ਪਾਰਲੇ ਤੋਂ ਆਪਣੇ ਘਰ 'ਚ ਉਨ੍ਹਾਂ ਨੂੰ ਰਹਿਣ ਦੀ ਪੇਸ਼ਕਸ਼ ਕੀਤੀ। ਗ੍ਰੇਗਰੀ ਅਤੇ ਕ੍ਰਿਸਟੀਨ ਮਿਸਕਿਵਾ ਨੇ ਇਕ ਸਥਾਨਕ ਅਖਬਾਰ 'ਚ ਸੁਨੀਤਾ ਦੀ ਦਰਦ ਭਰੀ ਕਹਾਣੀ ਪੜ੍ਹੀ ਅਤੇ ਉਸ ਦੇ ਲਈ ਕੁਝ ਕਰਨ ਦਾ ਸੰਕਲਪ ਲਿਆ।
ਇਸ ਜੋੜੇ ਨੇ ਸੁਨੀਤਾ ਨੂੰ 12 ਸਾਲਾਂ ਤੋਂ ਉਸ ਦੇ ਨਾਲ ਰਹਿ ਰਹੇ ਇਕੋ-ਇਕ ਸਾਥੀ ਉਸ ਦੇ ਪਾਲਤੂ ਕੁੱਤੇ ਸ਼ਸ਼ੀ ਸਮੇਤ ਉਸ ਨੂੰ ਆਪਣੇ ਘਰ ਲਿਆਉਣ ਦਾ ਫੈਸਲਾ ਕੀਤਾ। 65 ਸਾਲਾ ਸੁਨੀਤਾ ਮਰਾਠੀ ਭਾਸ਼ਾ ਦੀ ਮੰਨੀ-ਪ੍ਰਮੰਨੀ ਮੈਗਜ਼ੀਨ 'ਗ੍ਰਹਿ ਲਕਸ਼ਮੀ' ਦੀ ਸਾਬਕਾ ਸੰਪਾਦਕ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਵਰਸੋਵਾ ਦੇ ਆਰਾਮ ਨਗਰ ਗੁਰਦੁਆਰੇ ਦੇ ਬਾਹਰ ਫੁੱਟਪਾਥ 'ਤੇ ਰਹਿ ਰਹੀ ਹੈ। ਸ਼ਸ਼ੀ ਉਸ ਨੂੰ ਛੱਡ ਕੇ ਕਿਤੇ ਨਹੀਂ ਗਿਆ ਅਤੇ ਖਾਣੇ ਲਈ ਭੋਜਨ ਉਨ੍ਹਾਂ ਦੋਹਾਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ 'ਚੋਂ ਮਿਲ ਜਾਂਦਾ ਹੈ।
ਸੁਨੀਤਾ ਦੀ ਮੌਜੂਦਾ ਪੀੜਾ ਉਨ੍ਹਾਂ ਦਿਨਾਂ ਦੇ ਇਕਦਮ ਉਲਟ ਹੈ, ਜਦੋਂ ਉਹ ਇਕ ਅਮੀਰ ਅਤੇ ਆਜ਼ਾਦ ਔਰਤ ਹੁੰਦੀ ਸੀ। ਜਿਸ ਦੇ ਕੋਲ ਵਰਲੀ ਦੇ ਖੁਸ਼ਹਾਲ ਇਲਾਕੇ 'ਚ ਦੋ ਮਕਾਨ ਹੁੰਦੇ ਸਨ ਅਤੇ ਪੁਣੇ 'ਚ ਵੀ ਇਕ ਬੰਗਲਾ ਸੀ। ਉਸ ਕੋਲ ਘੁੰਮਣ ਵਾਸਤੇ ਕਾਰ ਹੁੰਦੀ ਸੀ, ਜਿਸ ਨੂੰ ਚਲਾਉਣ ਲਈ ਡਰਾਈਵਰ ਵੀ ਰੱਖਿਆ ਹੋਇਆ ਸੀ। ਉਸ ਦਾ ਮੁੰਬਈ ਦੇ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਬੈਠਣਾ-ਉੱਠਣਾ ਸੀ ਪਰ ਇਹ ਸਭ ਕੁਝ ਸਾਲ ਪਹਿਲਾਂ ਬਦਲ ਗਿਆ, ਜਦੋਂ ਉਸ ਦੀ ਨੌਕਰੀ ਖੁੱਸ ਗਈ।
ਇਸ ਤੋਂ ਬਾਅਦ ਸੁਨੀਤਾ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਏਜੰਟ ਬਣ ਗਈ ਪਰ ਇਸ ਨਵੇਂ ਕਾਰੋਬਾਰ 'ਚ ਉਸ ਨੂੰ ਬਹੁਤ ਨੁਕਸਾਨ ਹੋਇਆ ਅਤੇ ਕਈ ਲੋਕਾਂ ਨੇ ਉਸ ਦਾ ਖੂਬ ਖੂਨ ਚੂਸਿਆ। ਛੇਤੀ ਹੀ ਉਸ ਦੇ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋ ਗਿਆ ਅਤ ਮਜਬੂਰੀ 'ਚ ਉਸ ਨੂੰ ਆਪਣੇ ਤਿੰਨੋਂ ਮਕਾਨ ਅਤੇ ਦੋ ਕਾਰਾਂ ਵੇਚਣੀਆਂ ਪਈਆਂ, ਜਿਸ ਕਾਰਨ ਉਸ ਨੂੰ ਠਾਣੇ 'ਚ ਕਿਰਾਏ ਦੇ ਮਕਾਨ 'ਚ ਰਹਿਣਾ ਪਿਆ। ਮਕਾਨ ਅਤੇ ਕਾਰਾਂ ਵੇਚ ਕੇ ਉਸ ਨੂੰ ਜਿਹੜੇ 86 ਲੱਖ ਰੁਪਏ ਮਿਲੇ ਸਨ, ਉਹ ਛੇਤੀ ਹੀ ਖਤਮ ਹੋ ਗਏ ਅਤੇ ਉਸ ਨੂੰ ਠਾਣੇ ਵਾਲਾ ਬੰਗਲਾ ਵੀ ਖਾਲੀ ਕਰਨਾ ਪਿਆ।
ਰੋਜ਼ਾਨਾ ਜਗਬਾਣੀ 
ਉਹ ਦੁਖੀ ਮਨ ਨਾਲ ਦੱਸਦੀ ਹੈ ਕਿ ''ਮੇਰੇ ਬੈਂਕ ਖਾਤੇ 'ਚ 50 ਲੱਖ ਤੋਂ ਜ਼ਿਆਦਾ ਰਕਮ ਸੀ ਪਰ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਏ। ਮੈਨੂੰ ਸ਼ੱਕ ਹੈ ਕਿ ਮੇਰੀ ਇਕ ਮੁਲਾਜ਼ਮ ਨੇ ਪੈਸਾ ਹੜੱਪ ਲਿਆ ਹੈ। ਉਸ ਵਿਰੁੱਧ ਮੁਕੱਦਮਾ ਵੀ ਦਰਜ ਕਰਵਾਇਆ ਹੈ, ਜਿਸ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਵਕੀਲ ਨੂੰ ਦੇਣ ਲਈ ਮੇਰੇ ਕੋਲ ਪੈਸਾ ਨਹੀਂ, ਇਸ ਲਈ ਮੈਂ ਨਹੀਂ ਜਾਣਦੀ ਕਿ ਮੇਰੇ ਮੁਕੱਦਮੇ ਦਾ ਅੰਜਾਮ ਕੀ ਹੋਵੇਗਾ।''
ਪਰ ਸਿਰ ਦੀ ਛੱਤ ਖੁੱਸ ਜਾਣ ਤੋਂ ਬਾਅਦ ਸੁਨੀਤਾ ਕੋਲ ਫੁੱਟਪਾਥ 'ਤੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਹ ਭਰੇ ਮਨ ਨਾਲ ਕਹਿੰਦੀ ਹੈ, ''ਮੈਨੂੰ ਸਮੱਸਿਆ ਤਾਂ ਆਉਂਦੀ ਹੈ ਪਰ ਮੈਂ ਕੀ ਕਰ ਸਕਦੀ ਹਾਂ। ਮੇਰਾ ਤਾਂ ਕੋਈ ਪਰਿਵਾਰਕ ਮੈਂਬਰ ਵੀ ਨਹੀਂ ਹੈ।''
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਵਿਨੋਦ ਸਿੰਘ ਨੇ ਦੱਸਿਆ ਕਿ ਉਸ ਨੇ ਸਾਡੇ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਠਹਿਰਨ ਦੀ ਇਜਾਜ਼ਤ ਮੰਗੀ ਸੀ ਪਰ ਜਦੋਂ ਪੂਰੀ ਕਹਾਣੀ ਦਾ ਪਤਾ ਲੱਗਾ ਤਾਂ ਸਾਨੂੰ ਬਹੁਤ ਤਕਲੀਫ ਹੋਈ। ਸੁਨੀਤਾ ਦੀ ਕਹਾਣੀ ਇਕ ਸਥਾਨਕ ਅਖਬਾਰ ਵਲੋਂ ਛਾਪੀ ਗਈ ਤਾਂ ਸ਼ੁਭਚਿੰਤਕ ਉਸ ਨੂੰ ਸਹਾਰਾ ਦੇਣ ਲਈ ਅੱਗੇ ਆਏ ਪਰ ਉਨ੍ਹਾਂ ਨੇ ਉਸ ਦਾ ਕੁੱਤਾ ਨਾਲ ਰੱਖਣ ਦੀ ਸਹਿਮਤੀ ਨਹੀਂ ਦਿੱਤੀ। ਸੁਨੀਤਾ ਨੇ ਕਿਹਾ, ''ਮੈਂ ਇਸ ਨੂੰ ਕਿਵੇਂ ਛੱਡ ਸਕਦੀ ਹਾਂ, ਜਿਹੜਾ ਪਿਛਲੇ 12 ਸਾਲਾਂ ਤੋਂ ਮੇਰਾ ਵਫਾਦਾਰ ਸਾਥੀ ਹੈ।''
ਗ੍ਰੇਗਰੀ ਅਤੇ ਕ੍ਰਿਸਟੀਨ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਤੇ ਨੂੰ ਵੀ ਘਰ 'ਚ ਰੱਖਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਦਸ ਕੁੱਤੇ ਹਨ। ਗ੍ਰੇਗਰੀ ਨੇ ਕਿਹਾ ਕਿ ''ਜਿਵੇਂ ਹੀ ਮੈਂ ਸੁਨੀਤਾ ਦੀ ਕਹਾਣੀ ਪੜ੍ਹੀ, ਮੈਂ ਫੌਰਨ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਅਸੀਂ ਦੋਹਾਂ ਨੇ ਸੁਨੀਤਾ ਨੂੰ ਉਸ ਦੇ ਕੁੱਤੇ ਸਮੇਤ ਘਰ ਲਿਆਉਣ ਦਾ ਫੈਸਲਾ ਕੀਤਾ।'' 
--ਕ੍ਰਿਸ਼ਨਾ ਕੁਮਾਰ (ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ
--------------------------------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ


No comments: