Tuesday, August 20, 2013

ਵੇਰਵਾ ਅਤੇ ਵਿਸ਼ਲੇਸ਼ਣ: ਕਾਵੈਂਟਰੀ ਵਿਚ ਸਿੱਖ ਬਜ਼ੁਰਗ ਤੇ ਹਮਲਾ

 ਰੌਸ਼ਨੀ ਤਾਂ ਕਰ ਲਵੋ ਜੀਅ ਸਦਕੇ ਸ਼ਹਿਰ ਅੰਦਰ, ਜੇ ਦਿਲ ਦਾ ਨੇਰ ਨਾ ਮਿਟਿਆ ਤਾਂ ਉਹ ਰੌਸ਼ਨੀ ਕੀ ਹੋਈ
 ਜਾਗ ਮਨ ਜਾਗਣ ਦਾ ਵੇਲਾ             -ਕੁਲਵੰਤ ਸਿੰਘ ਢੇਸੀ Mon, Aug 19, 2013 at 8:27 PM
 ਪਗੜੀ ਸੰਭਾਲ ਸਿੰਘਾ ਪਗੜੀ ਸੰਭਾਲ ਜੀ
ਜੱਗ ਸਾਰਾ ਦੇਖਦਾ ਏ ਕਰ ਲਈਂ ਖਿਆਲ ਵੀ
ਤਾਜ  ਤੇਰੇ  ਸਿਰ  ਦੇ  ਦਾ  ਵੱਖਰਾ ਮਲਾਲ ਈ
     kulwant Singh Dhesi
         07854 136 413
15 ਅਗਸਤ ਵਾਲੇ ਦਿਨ ਸਾਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਦਿੱਲੀ ਵਿਚ ਅਚਾਨਕ ਸ਼ੁਰੂ ਹੋ ਗਏ ਦੰਗਿਆਂ ਵਲ ਲੱਗ ਗਈਆਂ । ਅਜੇ ਇਹ ਕਿਆਸ ਅਰਾਈਆਂ ਚਲ ਹੀ ਰਹੀਆਂ ਸਨ ਕਿ ਕੀ ਇਹ ਵਾਕਈ ਦੰਗੇ ਸਨ ਜੋ ਕਿ ਬੱਚਿਆਂ ਦੀ ਪਤੰਗ ਬਾਜੀ ਜਾਂ ਮੋਟਰਸਾਈਕਲ ਵਾਲੇ ਮੁੰਡਿਆਂ ਦੀ ਬੇਪਰਵਾਹੀ ਤੋਂ ਸ਼ੁਰੂ ਹੋਏ ਸਨ ਜਾਂ ਕਿ ਇਹਨਾਂ ਦੰਗਿਆਂ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਦੀ ਮਿਲੀ ਭੁਗਤ ਨਾਲ ਕੋਈ ਸਾਜਸ਼ ਸੀ ਕਿ ਦੁਨੀਆਂ ਦੀਆਂ ਨਜ਼ਰਾਂ ਅਚਾਨਕ ਹੀ ਕਾਵੈਂਟਰੀ ਦੀ ਘਟਨਾਂ ਤੇ ਆ ਟਿਕੀਆਂ। ਕਾਵੈਂਟਰੀ ਸਾਡਾ ਸ਼ਹਿਰ ਜੋ ਕਿ ਆਪਣੀ ਕੁੱਖ ਵਿਚ ਜਿਥੇ ਇਤਹਾਸ ਦੇ ਖੰਡਰਾਂ ਨੂੰ ਸਮੇਟਣ ਕਰ ਕੇ ਮਸ਼ਹੂਰ ਹੈ ਉਥੇ ਅਸੀਂ ਇਹ ਗੱਲ ਮਾਣ ਨਾਲ ਕਰਦੇ ਹਾਂ ਕਿ ਇਹ ਹੀ ਯੂ ਕੇ ਵਿਚ ਇੱਕ ਐਸਾ ਸ਼ਹਿਰ ਹੈ ਜਿਸ ਦੇ ਇਕ ਚੌਂਕ ਵਿਚ ਸਿੱਖ ਭਾਈਚਾਰੇ ਵਲੋਂ ਸਥਾਪਤ ਕੀਤਾ ਹੋਇਆ ਖੰਡਾ ਸਾਰੀ ਦੁਨੀਆਂ ਨੂੰ ਸਿੱਖਾਂ ਦੇ ਉਸ ਮਾਣ ਮੱਤੇ ਇਤਹਾਸ ਨਾਲ ਵੀ ਜੋੜਦਾ ਹੈ ਜਿਸ ਮੁਤਾਬਕ ਸੰਸਾਰ ਦੀਆਂ ਦੋ ਜੰਗਾਂ ਵਿਚ ਦਸਤਾਰ ਧਾਰੀ 83000 ਹਜ਼ਾਰ ਦਸਤਾਰ ਧਾਰੀ ਸਿੱਖ ਫੌਜੀਆਂ ਨੇ ਸਮੇਂ ਦੀਆਂ ਵਿਕਰਾਲ ਫਾਸ਼ੀ ਤਾਕਤਾਂ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਸੀ ਅਤੇ ਸਵਾ ਲੱਖ ਦੇ ਕਰੀਬ ਜ਼ਖਮੀ ਹੋਏ ਸਨ । ਜੀ ਹਾਂ ਜਿੰਨੀ ਕੁ ਇਸ ਕਾਵੈਂਟਰੀ ਸ਼ਹਿਰ ਦੀ ਅੱਜ ਜਨ ਸੰਖਿਆ ਹੈ ਉਸੇ ਮੁਤਾਬਕ ਕਰੀਬ ਚਾਰ ਲੱਖ ਸਿੱਖ ਅੰਮ੍ਰਿਤਧਾਰੀ ਫੌਜੀਆਂ ਨੇ ਸੰਸਾਰ ਦੀਆਂ ਦੋ ਵੱਡੀਆਂ ਜੰਗਾਂ ਵਿਚ ਸੂਰਬੀਰਤਾ ਦਾ ਇੱਕ ਐਸਾ ਇਤਹਾਸ ਸਿਰਜਿਆ  ਕਿ ਸਾਰਾ ਗੜ੍ਹੀ ਵਰਗੇ ਮਾਅਰਕੇ ਦੁਨੀਆਂ ਵਿਚ ਆਪਣਾਂ ਨਿਸ਼ਾਨ ਸਥਾਪਤ ਕਰ ਗਏ। ਜਿਥੇ ਉਹਨਾਂ ਅੰਮ੍ਰਿਤਧਾਰੀ ਅਤੇ ਦਸਤਾਰ ਧਾਰੀ ਸਿੰਘਾਂ ਨੇ ਦੁਨੀਆਂ ਵਿਚ ਆਪਣੇ ਨਿਆਰੇ ਰੂਪ ਸਰੂਪ ਅਤੇ ਸੂਰਬੀਰਤਾ ਕਰਕੇ ਅੱਜ ਸਾਨੂੰ ਇਹਨਾਂ ਦੇਸ਼ਾਂ ਵਿਚ ਸਿਰ ਉੱਚਾ ਕਰ ਕੇ ਜਿਊਣ ਦਾ ਸਨਮਾਨ ਬਖਸ਼ਿਆ ਉਥੇ ਅੱਜ ਉਸੇ ਖਾਲਸੇ ਸਾ ਮਾਨ ਸਨਮਾਨ ਸਮਝੀ ਜਾਂਦੀ ਦਸਤਾਰ ਨੂੰ ਕਾਵੈਂਟਰੀ ਸ਼ਹਿਰ ਦੇ ਸਿਟੀ ਸੈਂਟਰ ਵਿਚ ਰੁਲਦਿਆਂ ਦੇਖ ਕੇ ਸਿੱਖ ਹਿਰਦਿਆਂ ਦਾ ਤਰਾਹ ਨਿਕਲਣਾਂ ਸਹਿਵਨ ਹੀ ਸੀ। ਦਸਤਾਰ ਸਿੱਖ ਦੇ ਸਿਰ ਦਾ ਤਾਜ ਅਤੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਬੇਸ਼ਕੀਮਤੀ ਤੋਹਫਾ ਹੈ-ਸਿੱਖ ਨੂੰ ਆਪਣੀ  ਜਾਨ ਤੋਂ ਵੀ ਵੱਧ ਪਿਆਰੀ ਹੈ ਆਪਣੀ ਦਸਤਾਰ। ਕਾਵੈਂਟਰੀ ਦੀ ਸ਼ਰਮਨਾਕ ਘਟਨਾ 10 ਅਗਸਤ ਦੀ ਸ਼ਾਮ ਨੂੰ ਸਿਟੀ ਸੈਂਟਰ ਦੀ ਟ੍ਰਿਨਟੀ ਸਟਰੀਟ 'ਚ ਵਾਪਰੀ, ਜਿੱਥੇ ਸੜਕ 'ਤੇ ਜਾ ਰਹੇ ਇਕ 80 ਸਾਲ ਦੇ ਬਜ਼ੁਰਗ ਵਿਅਕਤੀ 'ਤੇ ਇਕ ਗੋਰੀ ਕੁੜੀ ਨੇ ਹਮਲਾ ਕਰ ਦਿੱਤਾ।
ਇਸ ਮਨਹੂਸ ਘਟਨਾਂ ਸਬੰਧੀ ਜੋ ਵੀਡੀਓ ਕਲਿਪ ਸੰਸਾਰ ਵਿਚ ਦੇਖੀ ਗਈ ਉਸ ਮੁਤਾਬਕ ਸ਼ਹਿਰ ਵਿਚ ਇੱਕ ਗੋਰੀ ਲੜਕੀ ਦੂਸਰੇ ਗੋਰੇ ਨਾਲ ਲੜ ਰਹੀ ਹੈ ਜਿਸ ਨੂੰ ਦੇਖ ਕੇ ਇਹ ਅੱਸੀ ਸਾਲ ਦੀ ਉਮਰ ਵਾਲਾ ਬਜ਼ੁਰਗ ਉਹਨਾਂ ਵਲ ਵਧਦਾ ਹੈ ਅਤੇ ਫਿਰ ਜੋ ਅਗਲੀ ਗੱਲ ਦੇਖਣ ਨੂੰ ਮਿਲਦੀ ਹੈ ਉਹ ਇਹ ਹੀ ਹੈ ਕਿ ਉਹ ਗੋਰੀ ਕੁੜੀ ਸਿੰਘ ਤੇ ਹਮਲਾਵਰ ਹੋ ਜਾਂਦੀ ਹੈ ਜਿਸ ਕਾਰਨ ਬਜ਼ੁਰਗ ਜ਼ਮੀਨ ਤੇ ਡਿੱਗ ਪੈਂਦਾ ਹੈ ਅਤੇ ਉਸ ਦੀ ਦਸਤਾਰ ਸਿਰੋਂ ਲਹਿ ਕੇ ਪਰਾਂਹ ਜਾ ਪੈਂਦੀ ਹੈ। ਡਿੱਗੇ ਹੋਏ ਬਜ਼ੁਰਗ ਤੇ ਇਹ ਕੁੜੀ ਥੁੱਕਣ ਦੀ ਭੱਦੀ ਹਰਕਤ ਕਰਦੀ ਹੋਈ ਅਤੇ ਬਜ਼ੁਰਗ ਤੇ ਇਲਜ਼ਾਮ ਲਾਉਂਦੀ ਹੋਈ ਆਪਣੇ ਸਾਥੀਆਂ ਨਾਲ ਉਥੋਂ ਖਿਸਕ ਜਾਂਦੀ ਹੈ। ਆਪਣੇ ਆਪ ਨੂੰ ਸੰਭਾਲਦਾ ਹੋਇਆ ਬਜ਼ੁਰਗ ਪੰਜਾਬੀ ਸੁਭਾਅ ਅਨੁਸਾਰ ਗਾਲ ਕੱਢਦਾ ਹੈ ਅਤੇ ਪਿਛੋਂ ਆ ਰਿਹਾ ਇੱਕ ਹੋਰ ਗੋਰਾ ਬਜ਼ੁਰਗ ਦੀ ਦਸਤਾਰ ਉਠਾ ਲੈਂਦਾ ਹੈ ਅਤੇ ਇਥੇ ਹੀ ਇਹ ਵੀਡੀਓ ਕਲਿਪ ਖਤਮ ਹੋ ਜਾਂਦੀ ਹੈ। ਪਰ ਇੱਕ ਅੱਧੇ ਮਿੰਟ ਦੀ ਇਸ ਵੀਡੀਓ ਫਿਲਮ ਨੂੰ ਦੇਖ ਕੇ ਸਿੱਖ ਜਗਤ ਵਿਚ ਇਸ ਦਾ ਬੜਾ ਹੀ ਤਿੱਖਾ ਪ੍ਰਤੀਕਰਮ ਹੋਇਆ ਅਤੇ ਹਰ ਪਾਸੇ ਨਮੋਸ਼ੀ ਛਾ ਗਈ। ਇਸ ਹਮਲੇ ਵਿਚ ਇਸ ਬਜ਼ੁਰਗ ਦੀ ਅੱਖ ਨੀਲੀ ਪੈ ਗਈ ਅਤੇ ਮੂੰਹ ਵਿਚੋਂ ਖੂਨ ਨਿਕਲ ਆਇਆ। ਜਿਸ ਗੋਰੇ ਨੇ ਬਜ਼ੁਰਗ ਦੀ ਦਸਤਾਰ ਜ਼ਮੀਨ ਤੋਂ ਉਠਾਈ ਸੀ ਦੱਸਿਆ ਜਾਂਦਾ ਹੈ ਕਿ ਉਹ ਹੀ ਮਗਰੋਂ ਬਜ਼ੁਰਗ ਨੂੰ ਹਸਪਤਾਲ ਵੀ ਲੈ ਕੇ ਗਿਆ। ਫੇਸ ਬੁੱਕ ਤੇ ਇੱਕ ਮਾਈਕਲ ਨਾਮ ਦੇ ਵਿਅਕਤੀ ਨੇ ਕੁਮੈਂਟ ਕੀਤਾ ਹੈ ਕਿ 19 ਸਾਲ ਦੀ ਇਹ ਗੋਰੀ ਕੁੜੀ ਹੈ ਹੀ ਇਸੇ ਕਿਸਮ ਦੀ ਜਦ ਕਿ ਮਨਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਬੜਾ ਹੀ ਸੰਜੀਦਾ ਕੁਮੈਂਟ ਕੀਤਾ ਹੈ ਕਿ ਇੱਕ ਸਿੱਖ ਤੇ ਇਹ ਹਮਲਾ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਨਤੀਜਾ ਹੈ। ਚੇਤੇ ਰਹੇ ਕਿ ਯੂ ਕੇ ਬਾਰਡਰ ਏਜੰਸੀ ਦਾ ਅੱਜ ਕਲ ਸਾਰਾ ਜ਼ੋਰ ਇਸ ਪਾਸੇ ਲੱਗਾ ਹੋਇਆ ਹੈ। ੲਜੰਸੀ  ਨੇ ਆਪਣੀਆਂ ਵੈਨਾਂ ਤੇ, ਆਪਣੇ ਦੇਸ਼ ਨੂੰ ਵਾਪਸ ਚਲੇ ਜਾਓ, ਜਾਂ ਗ੍ਰਿਫਤਾਰੀ ਲਈ ਤਿਆਰ ਰਹੋ ਦਾ ਨਾਅਰਾ ਲਿਖਿਆ ਹੋਇਆ ਹੈ ਅਤੇ ਇਹ ਵੈਨਾਂ ਸਾਡੀ ਸੰਘਣੀ ਵਸੋਂ ਵਾਲੀਆਂ ਥਾਵਾਂ ਤੇ ਘੁਮਾਈ ਜਾ ਰਹੀ ਹੈ। ਮਨਦੀਪ ਸਿੰਘ ਮੁਤਾਬਕ ਸਰਕਾਰ ਦੀ ਏਸ਼ੀਅਨਾਂ ਖਿਲਾਫ ਇਸ ਤਰਾਂ ਦੀ ਕਾਰਗੁਜ਼ਾਰੀ ਦੇਖ ਕੇ ਇਥੋਂ ਦੀ ਮੇਨ ਸਟਰੀਮ ਵਿਚ ਪ੍ਰਤੀਕਰਮ ਹੋਣਾਂ ਸੁਭਾਵਕ ਹੈ। ਇਸ ਵਿਅਕਤੀ ਮੁਤਬਕ ਕਾਵੈਂਟਰੀ ਦੇ ਬਜ਼ੁਰਗ ਤੇ ਇਹ ਘਿਨਾਉਣਾਂ ਹਮਲਾ ਵੀ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਹੀ ਨਤੀਜਾ ਹੈ।
ਜਿਥੋਂ ਤਕ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਵਾਲ ਹੈ ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਨਤੀਜੇ ਨਿਕਲਣ ਵਾਲੇ ਹਨ ਪਰ ਇਸ ਘਟਨਾਂ ਦੀ ਕਈ ਹੋਰ ਪੱਖਾਂ ਤੋਂ ਪੜਚੋਲ ਕਰਨੀ ਜ਼ਰੂਰੀ ਹੈ। ਇਹ ਘਟਨਾਂ ਸ਼ਾਮ ਸਾਢੇ ਅੱਠ ਦੇ ਕਰੀਬ ਸ਼ਹਿਰ ਦੇ ਚਹਿਲ ਪਹਿਲ ਵਾਲੇ ਇਲਾਕੇ ਵਿਚ ਹੋਈ ਹੈ। ਪੁਲਿਸ ਨੇ ਇਸ ਸਬੰਧੀ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਦੋ ਸੰਪਰਕ ਨੰਬਰ ਵੀ ਦਿੱਤੇ ਹਨ। ਪਹਿਲਾ ਨੰਬਰ 101 ਹੈ ਅਤੇ ਦੂਸਰਾ 0800 555 111 ਹੈ। ਪੁਲਿਸ ਇਸ ਘਟਨਾਂ ਦੀ ਛਾਣ ਬੀਣ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਹੀ ਪੱਖ ਲੋਕਾਂ ਸਾਹਮਣੇ ਆਉਣ ਵਾਲੇ ਹਨ। ਸੀ.ਸੀ.ਟੀ.ਵੀ ਕੈਮਰੇ, ਫੇਸ ਬੁੱਕ, ਟਵਿਟਰ ਅਤੇ ਇਲੈਕਟਰੌਨਿਕ ਮੀਡੀਏ ਦੀ ਕਿਰਪਾ ਨਾਲ ਉਸ ਉਨੀ ਸਾਲ ਦੀ ਲੜਕੀ ਨੂੰ ਗਲੌਸਟਰ ਤੋਂ ਉਸ ਦੇ ਐਡਰਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਇਹ ਕੇਸ ਅਦਾਲਤ ਵਿਚ ਚੱਲੇਗਾ।

ਅਸੀਂ ਇਸ ਸਬੰਧੀ ਕੀ ਕਰ ਸਕਦੇ ਹਾਂ?

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁੱਦਾ ਭਾਵੇਂ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਪਾਲਸੀਆਂ ਦਾ ਹੋਵੇ ਜਾਂ ਫਿਰ ਦੇਸ਼ ਵਿਚ ਵਧ ਰਹੇ ਜ਼ੁਰਮ ਦਾਂ ਜਾਂ ਆਰਥਕ ਮੰਦਵਾੜੇ ਦਾ ਇਹਨਾ ਸਾਰੇ ਪੱਖਾਂ ਦਾ ਅਸਰ ਸਾਡੇ ਭੂਰੇ ਲੋਕਾਂ ਤੇ ਬੁਰਾ ਹੀ ਪੈਣ ਵਾਲਾ ਹੈ ਅਤੇ ਇਸ ਸਬੰਧੀ ਭਵਿੱਖ ਵਿਚ ਸਾਨੂੰ ਵਧੇਰੇ ਇਹਤਿਆਤ ਵਰਤਣ ਦੀ ਲੋੜ ਹੈ। ਦੇਰ ਸਵੇਰ ਸੁੰਨੀਆਂ ਜਾਂ ਜਨਤਕ ਥਾਵਾਂ ਤੇ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਕਿਸੇ ਦੇ ਝਗੜੇ ਵਿਚ ਦਖਲ ਦੇਣ ਤੋਂ ਅਵਲ ਤਾਂ ਉੱਕਾ ਹੀ ਪਰਹੇਜ਼ ਕੀਤਾ ਜਾਵੇ ਜਾਂ ਫਿਰ ਬਹੁਤ ਸੁਰੱਖਿਅਤ ਰਹਿ ਕੇ ਦਖਲ ਦਿੱਤਾ ਜਾਵੇ ਅਤੇ ਅਜੇਹੀ ਕਿਸੇ ਘਟਨਾਂ ਸਮੇਂ ਸਾਨੂੰ ਆਪਣਾ ਅੰਧਾ ਧੁੰਦ ਫਤਵਾ ਦੇਣ ਸਮੇਂ ਵੀ ਸੰਜਮ ਵਰਤਣ ਦੀ ਲੋੜ ਹੈ। ਜਦੋਂ ਤਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਸਾਨੂੰ ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਪ੍ਰਤੀ ਸੰਜਮ ਵਰਤਣ ਦੀ ਲੋੜ ਹੈ। ਹਾਂ ਇਸ ਕੇਸ ਸਬੰਧੀ ਅਗਰ ਸਾਡੇ ਕੋਲ ਪੁਲਿਸ ਨੂੰ ਦੱਸਣ ਯੋਗ ਕੋਈ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਸਾਨੂੰ ਆਪਣੇ ਫਰਜ਼ ਦੀ ਪਾਲਣਾਂ ਤਤਕਾਲ ਕਰਨੀ ਚਾਹੀਦੀ ਹੈ। 
ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






No comments: