Saturday, August 03, 2013

ਪੰਜਾਬੀ ਭਾਸ਼ਾ ਪ੍ਰਤੀ ਵਿਤਕਰੇ ਵਿਰੁਧ ਐਸਜੀਪੀਸੀ ਹੋਈ ਹੋਰ ਸਰਗਰਮ

Sat, Aug 3, 2013 at 4:48 PM
110 ਮੁਲਕਾਂ ਵਿੱਚ ਰਹਿ ਰਹੇ,11 ਕਰੋੜ ਪੰਜਾਬੀਆਂ ਦੀ ਮਹੱਤਵਪੂਰਨ ਜੁਬਾਨ
ਕੇਂਦਰ ਸਰਕਾਰ ਪੰਜਾਬੀ ਭਾਸ਼ਾ ਲਾਗੂ ਕਰਨ ਹਿੱਤ ਟਾਲ ਮਟੋਲ ਵਾਲੀ ਨੀਤੀ ਬੰਦ ਕਰੇ- ਜਥੇ:ਅਵਤਾਰ ਸਿੰਘ
ਰਾਸ਼ਟਰਪਤੀ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ
ਅੰਮ੍ਰਿਤਸਰ: 03 ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ 'ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਹੈ ਤੇ ਇਸ ਸਬੰਧੀ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਹਿੱਤ ਟਾਲ ਮਟੋਲ ਵਾਲੀ ਨੀਤੀ ਤੁਰੰਤ ਬੰਦ ਕਰੇ। ਉਹਨਾਂ ਕਿਹਾ ਕਿ ਇਸ ਸਬੰਧੀ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਤੇ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਮੰਗ ਕੀਤੀ ਗਈ  ਹੈ, ਪ੍ਰੰਤੂ ਉਹਨਾਂ ਵੱਲੋਂ ਇਸ ਸਬੰਧੀ ਗੱਲਬਾਤ ਕਰਨ ਦਾ ਸਮਾਂ ਨਾ ਦੇਣਾ ਤੇ ਟਾਲ-ਮਟੋਲ ਕਰਨਾ, ਕੋਈ ਚੰਗਾ ਸੰਕੇਤ ਨਹੀਂ ਦੇ ਰਿਹਾ ਬਲਕਿ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਾਬਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਤਾ ਅਧੀਨ, ਸਵਾ ਸੌ ਸਾਲ ਤੋਂ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਦੀ ਭਰਪੂਰ ਜਾਣਕਾਰੀ ਤੇ ਵਿਕਾਸ ਦੀ ਸਿੱਖਿਆ ਪ੍ਰਣਾਲੀ ਨੂੰ ਜਿਹਨਾਂ ਯੂਨੀਵਰਸਿਟੀਆਂ ਨੇ ਢਾਹ ਲਗਾਈ ਹੈ ਉਹਨਾਂ ਪ੍ਰਤੀ ਧਿਆਨ ਨਾ ਦੇਣਾ ਉਚਿਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀਆਂ ਦਾ ਅਜੋਕਾ ਸਿੱਖਿਆ ਪੱਧਰ ਆਮ ਜਨਤਾ ਤੱਕ ਪਹੁੰਚ ਵਾਲਾ ਨਾ ਹੋ ਕੇ ਖਾਸ ਵਰਗ ਦੀ ਸੇਵਾ ਨੂੰ ਮੁੱਖ ਰੱਖ ਕੇ ਹੈ। ਬਾਹਰਲੀਆਂ ਭਾਸ਼ਾਵਾਂ ਦੇ ਗ੍ਰੰਥਾਂ ਦੇ ਅਨੂਵਾਦ, ਖੋਜ ਪ੍ਰਣਾਲੀ, ਸ਼ਬਦ-ਨਿਰਮਾਣ ਆਦਿ ਲੋਕ ਬੋਲੀ ਨੂੰ ਸੰਗੇੜਨ ਦਾ ਯਤਨ ਹੈ। ਜੇ ਕੇਂਦਰ ਸਰਕਾਰ ਦੀ ਇਹੋ ਚਾਲ ਰਹੀ ਤਾਂ ਯੂਨੀਵਰਸਿਟੀਆਂ ਦੀ ਭਾਸ਼ਾ ਆਮ ਲੋਕਾਂ ਨਾਲੋਂ ਬੁਰਾ ਤਰ੍ਹਾਂ ਨਾਲ ਟੁੱਟ ਜਾਵੇਗੀ ਤੇ ਇਸ ਦਾ ਆਉਣ ਵਾਲੀ ਪੀੜ੍ਹੀ ਤੇ ਬਹੁਤ ਬੁਰੀ ਅਸਰ ਪਾਵੇਗਾ ਤੇ ਉਹ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਦੂਸਰੀਆਂ ਭਾਸ਼ਾਵਾਂ ਨੂੰ ਤਰਜੀਹ ਦੇਵੇਗੀ। ਨਤੀਜੇ ਵਜੋਂ ਉਹ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਪਹਿਚਾਣ ਵੀ ਗਵਾ ਬੈਠੇਗੀ। ਉਹਨਾਂ ਕਿਹਾ ਕਿ ਪੰਜਾਬੀ ਜੁਬਾਨ 110 ਮੁਲਕਾਂ ਵਿੱਚ ਰਹਿ ਰਹੇ, ਅੰਦਾਜਨ 11 ਕਰੋੜ ਪੰਜਾਬੀਆਂ ਦੀ ਇੱਕ ਮਹੱਤਵਪੂਰਨ ਜੁਬਾਨ ਹੈ ਤੇ ਦੁਨੀਆਂ ਦੀ ਤੇਰਵੀਂ ਭਾਸ਼ਾ ਦਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਸ ਦਾ ਵਿਸ਼ਵ ਭਰ ਵਿੱਚ ਆਪਣਾ ਨਿਵੇਕਲਾ ਸਥਾਨ ਹੈ।
ਉਹਨਾਂ ਕਿਹਾ ਕਿ ਸਾਡੇ ਮੁਲਕ ਵਿੱਚ ਅਨੇਕਾ ਭਾਸ਼ਾਵਾਂ ਆਪਣੀ-ਆਪਣੀ ਭੂਮਿਕਾ ਨਿਭਾਅ ਰਹੀਆਂ ਹਨ ਤੇ ਉਹਨਾਂ  ਨੂੰ ਬੋਲਣ ਤੇਪੜ੍ਹਨ ਵਾਲੇ ਵੀ ਉਸ ਦੀ ਸਦੀਵਤਾ ਦੇ ਅਭਿਲਾਖੀ ਹਨ। ਕੋਈ ਵੀ ਬੋਲੀ ਜਾਂ ਭਾਸ਼ਾ ਕੁਝ ਬੋਲਾਂ ਦੇ ਅੱਖਰਾਂ ਦਾ ਮਿਸ਼ਰਣ ਨਹੀਂ ਹੁੰਦੀ। ਇਸ ਦੇ ਨਾਲ ਇੱਕ ਪੂਰੀ ਸੱਭਿਅਤਾ ਜੁੜੀ ਹੁੰਦੀ ਹੈ। ਉਹਨਾਂ ਸਖਤ ਨਰਾਜ਼ਗੀ ਜਿਤਾਉਂਦੇ ਹੋਏ ਕਿਹਾ ਕਿ ਪਹਿਲਾਂ ਤਾਂ ਬੋਲੀਆਂ ਤੇ ਭਾਸ਼ਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਕੋਝਾ ਕਾਰਾ ਰਾਜ ਸਰਕਾਰਾਂ ਕਰਦੀਆਂ ਰਹੀਆਂ ਹਨ ਤੇ ਹੁਣ ਕੇਂਦਰ ਸਰਕਾਰ ਦੀ ਵਿੱਦਿਅਕ ਨੀਤੀ ਵੀ ਕਈ ਹੋਰ ਭਾਸ਼ਾਵਾਂ ਨੂੰ ਮਾਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਨ ਦੇ ਰਾਹ ਤੇ ਤੁਰ ਪਈ ਹੈ। ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋ ਲਏ ਗਏ ਪੰਜਾਬੀ ਵਿਰੋਧੀ ਫੈਸਲੇ ਨੇ ਹਰ ਪੰਜਾਬੀ ਨੂੰ ਦੁਖੀ ਤੇ ਬੇਚੈਨ ਕੀਤਾ ਹੈ ਤੇ ਦੁੱਖ ਓਦੋਂ ਹੋਰ ਵੱਧ ਜਾਂਦਾ ਹੈ ਜਦੋਂ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਗਿਣਤੀ ਲੱਖਾਂ 'ਚ ਹੋਵੇ ਤੇ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੱਖਾਂ ਦੀ ਗਿਣਤੀ 'ਚ ਹੋਣ ਤੇ ਦਿੱਲੀ ਵਿੱਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜ਼ਾ ਵੀ ਹਾਸਲ ਹੋਇਆ ਹੋਵੇ। ਉਹਨਾਂ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਪੰਜਾਬੀ ਸਖ਼ਤ ਮਿਹਨਤ ਤੇ ਕਾਰੋਬਾਰ ਸਥਾਪਤ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਉਥੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਵਸੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਦਿਆਂ ਕੈਨੇਡਾ ਸਰਕਾਰ ਨੇ ਬਹੁਤ ਸਾਰੀਆਂ ਥਾਵਾਂ ਤੇ ਸਾਈਨ ਬੋਰਡ ਪੰਜਾਬੀ ਭਾਸ਼ਾ 'ਚ ਲਗਵਾਏ ਹਨ ਜਿਸ ਨੂੰ ਵੇਖ ਕੇ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਵਿਦੇਸ਼ੀ ਧਰਤੀ ਤੇ ਮਾਂ ਬੋਲੀ ਪੰਜਾਬੀ ਨੂੰ ਮਾਣ ਮਿਲਣਾ ਕੋਈ ਛੋਟੀ ਗੱਲ ਨਹੀਂ ਪਰ ਉਹ ਮਾਂ ਬੋਲੀ ਪੰਜਾਬੀ ਜਿਸ ਨੂੰ ਵਿਦੇਸ਼ੀ ਸਰਕਾਰਾਂ ਅਤਿ ਸਤਿਕਾਰਤ ਦਰਜ਼ਾ ਦੇ ਕੇ ਗਲ ਨਾਲ ਲਗਾ ਰਹੀਆਂ ਹਨ ਅੱਜ ਉਸੇ ਪੰਜਾਬੀ ਬੋਲੀ ਨੂੰ ਆਪਣੇ ਹੀ ਦੇਸ਼ ਵਿੱਚ ਦੁਰਕਾਰ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਹ ਪ੍ਰਾਏਪਨ ਵਾਲਾ ਸਲੂਕ ਨਹੀਂ ਤਾਂ ਹੋਰ ਕੀ ਹੈ! ਉਹਨਾਂ ਕਿਹਾ ਕਿ ਪੰਜਾਬੀ ਨੂੰ ਉੱਚ ਵਿਦਿਆ ਅਦਾਰਿਆਂ 'ਚੋਂ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਉੱਚੇ ਵਿਦਿਅਕ ਕੋਰਸਾਂ ਵਿੱਚੋਂ ਖਾਰਜ ਕਰ ਦੇਣ ਦੇ ਮਨਸੂਬੇ ਅਤਿ ਨਿੰਦਣਯੋਗ ਹਨ ਤੇ ਦਿੱਲੀ ਯੂਨੀਵਰਸਿਟੀ ਦੀ ਦੋਗਲੀ ਵਿਦਿਅਕ ਨੀਤੀ ਨੂੰ ਬੇਪਰਦ ਵੀ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਕਿਸੇ ਵਰਗ/ਫਿਰਕੇ ਤੇ ਜਮਾਤ ਲਈ ਰਾਖਵੀਂ ਨਹੀਂ ਹੈ। ਦਿੱਲੀ ਵਿੱਚ ਪੰਜਾਬੀ ਬੋਲਣ ਵਾਲਾ ਹਰ ਸਖਸ਼ ਆਪਣੇ ਆਪ ਵਿੱਚ ਇੱਕ ਸੱਭਿਅਕ ਹੈ। ਉਹਨਾਂ ਨੇ ਮੁੜ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਮਿਲਣ ਲਈ ਸਮਾਂ ਦੇਣ ਦੀ ਮੰਗ ਕੀਤੀ ਹੈ। ਉਹਨਾਂ ਹਰ ਪੰਜਾਬੀ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਹਰ ਸਖਸ਼ ਜੋ ਆਪਣੇ ਆਪ ਨੂੰ ਪੰਜਾਬੀ ਕਹਾਉਦਾਂ ਹੈ ਤੇ ਉਸ ਨੂੰ ਪੰਜਾਬੀ ਹੋਣ ਤੇ ਮਾਣ ਹੈ ਲਾਮਬੰਦ ਹੋਵੇ ਤੇ ਪੰਜਾਬੀਆਂ ਨਾਲ ਕੀਤੇ ਗਏ ਇਸ ਵਿਤਕਰੇ ਵਿਰੁੱਧ ਇਕਜੁੱਟ ਹੋ ਕੇ ਅਵਾਜ ਉਠਾਏ।

No comments: