Tuesday, August 13, 2013

ਮਾਮਲਾ ਪਟੌਦੀ ਸਿੱਖ ਕਤਲੇਆਮ ਦਾ: ਗਵਾਹੀਆਂ ਸ਼ੁਰੂ

Tue, Aug 13, 2013 at 3:58 PM
ਨਵੰਬਰ 1984 'ਚ ਹੋਈਆਂ ਵਿਧਵਾਵਾਂ ਨੇ ਖੋਲੀ ਆਪਣੇ ਦੁੱਖਾਂ ਦੀ ਪੰਡ ਗਰਗ ਕਮਿਸਨ ਸਾਹਮਣੇ
ਅੱਖਾਂ ਦੇ ਸਾਹਮਣੇ ਦਾਤੀਆਂ ਨਾਲ਼ ਵੱਢ ਕੇ ਮਾਰ ਖਪਾ ਦਿਤਾ
ਅਗਲੀ ਸੁਣਵਾਈ 11ਸਤੰਬਰ ਨੂੰ
ਹਿਸਾਰ: 13 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਕਰੀਬ ਤਿੰਨ ਦਹਾਕੇ  ਵਾਪਰੀ 2 ਨਵੰਬਰ 1984 ਨੂੰ ਹਰਿਆਣੇ ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤ ਹਿਸਾਰ ਵਿਖੇ ਬੈਠੇ ਗਰਗ ਕਮਿਸਨ ਦੇ ਸਨਮੁੱਖ ਪਹੁੰਚ ਰਹੇ ਹਨ ਅਤੇ ਆਪਣੀ ਦੁੱਖ ਭਰੀ ਵਿਥਿਆ ਸੁਣਾ, ਬੀਤੇ ਨੂੰ ਯਾਦ ਕਰਕੇ ਅੱਜ ਵੀ ਰੋਂਦੇ ਕੁਰਲਾਂਦੇ ਹਨ। ਅੱਜ ਪਟੌਦੀ ਵਿੱਚ ਕਤਲ ਕੀਤੇ 17 ਸਿੱਖਾਂ ਦੀ ਸੁਣਵਾਈ ਦੀ ਤਰੀਕ ਗਰਗ ਕਮਿਸਨ ਦੇ ਸਨਮੁੱਖ ਸੀ। ਪਟੌਦੀ ਦੇ ਅਹਿਮ ਕੇਸ ਵਿੱਚ ਅੱਜ 9 ਗਵਾਹੀਆਂ ਹੋਈਆਂ। ਜਿਸ ਵਿੱਚ ਬਜੁਰਗ ਮਾਤਾ ਗੁਰਬਚਨ ਕੌਰ ਜਿਸ ਦੇ ਪਤੀ ਅਵਤਾਰ ਸਿੰਘ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਦਰਿੰਦਿਆਂ ਨੇ ਕਣਕ ਵੱਢਣ ਵਾਲੀਆਂ ਦਾਤੀਆਂ ਨਾਲ਼ ਵੱਢ ਕੇ ਮਾਰ ਖਪਾ ਦਿਤਾ ਸੀ । ਉਸ ਨੇ ਜੱਜ ਸਾਹਮਣੇ ਦੱਸਿਆਂ ਕਿ ਘਰ ਬਾਰ ਲੁਟਾ ਚੁੱਕੀ ਵਿਧਵਾ ਦੇ ਰੂਪ ਵਿੱਚ, 29 ਸਾਲ, ਉਸ ਨੇ ਕਿਵੇਂ ਗੁਜਾਰੇ ਹਨ ਉਹ ਉਸੇ ਨੂੰ ਹੀ ਪਤਾ ਹੈ। ਸਾਨੂੰ ਕਿਸੇ ਨੇ ਕੋਈ ਮੱਦਦ ਤਾਂ ਕੀ ਦੇਣੀ ਸੀ ਪੁੱਛਿਆ ਤੱਕ ਨਹੀਂ ਭਲਾ ਹੋਵੇ ਹੋਦ ਚਿੱਲੜ ਤਾਲਮੇਲ ਕਮੇਟੀ ਵਾਲ਼ਿਆਂ ਦਾ ਜਿਹਨਾ ਨੇ ਸਾਡੀ ਅਵਾਜ ਨੂੰ ਤੁਹਾਡੇ ਤੱਕ ਪਹੁੰਚਾਇਆ।
ਇੱਕ ਹੋਰ ਵਿਧਵਾ ਪੀੜਤ ਬਜੁਰਗ ਮਾਤਾ ਈਸਰੀ ਬਾਈ ਦੀ ਕਹਾਣੀ ਵੀ ਗੁਰਸ਼ਰਨ ਕੌਰ ਵਾਗ ਬੜੀ ਦੁੱਖਦਾਇਕ ਤੇ ਪੀੜਾਦਾਇਕ ਸੀ। ਉਸ ਨੇ ਗਰਗ ਕਮਿਸਨ ਦੇ ਸਨਮੁੱਖ ਦੱਸਿਆ ਕਿ 2 ਨਵੰਬਰ 1984 ਨੂੰ ਉਸ ਦੇ ਪਤੀ ਨੂੰ ਵੀ ਮਾਰ ਖਪਾ ਦਿਤਾ ਸੀ ਤੇ ਉਹਨਾਂ ਦੇ ਘਰ ਦੇ ਸਾਰੇ ਸਮਾਨ ਨੂੰ ਅਗਨ ਭੇਂਟ ਕਰ ਦਿਤਾ ਗਿਆ ਸੀ, ਜੋ ਬਚਿਆ ਉਸ ਨੂੰ ਇਲਾਕੇ ਵਾਲ਼ਿਆਂ ਨੇ ਲੁੱਟ ਲਿਆ ਅਜੇ ਤੱਕ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਸਾਨੂੰ ਸਿਰਫ ਸਿੱਖ ਹੋਣ ਕਰਕੇ ਹੀ ਮਾਰਿਆ ਗਿਆ। ਇੱਕ ਹੋਰ ਪੀੜਤ ਗੁਰਜੀਤ ਸਿੰਘ ਜੋ ਉਸ ਟਾਈਮ ਸਿਰਫ ਬਾਰਾਂ ਸਾਲਾ ਦਾ ਸੀ ਨੇ ਗਰਗ ਕਮਿਸਨ ਦੇ ਸਨਮੁੱਖ ਦੱਸਿਆ ਕਿ ਉਸ ਟਾਈਮ ਬੜਾ ਬੁਰਾ ਹਾਲ ਸੀ ਹਰ ਪਾਸੇ ਅੱਗ ਹੀ ਅੱਗ ਦਿਖਾਈ ਦੇ ਰਹੀ ਸੀ। ਸਰਦਾਰਾਂ ਨੂੰ ਜਗ੍ਹਾ-ਜਗ੍ਹਾ ਮਾਰਿਆ ਜਾ ਰਿਹਾ ਸੀ। ਉਸ ਹਨੇਰਗਰਦੀ ਵਿੱਚ ਉਸ ਦੇ ਬਾਪ ਦਾ ਲੋਹੇ ਦਾ ਕਾਰੋਬਾਰ ਤਬਾਹ ਹੋ ਗਿਆ। ਉਹ ਆਪਣੇ ਪੈਰਾਂ ਤੇ ਦੁਬਾਰਾ ਕਿਵੇਂ ਖੜੇ ਹੋਏ ਉਹ ਹੀ ਜਾਣਦੇ ਹਨ।
ਕੋਰਟ ਦੀ ਪ੍ਰਕ੍ਰਿਆ ਤੇ ਟਿਪਣੀ ਕਰਦੇ ਹੋਏ ‘ਹੋਦ ਚਿੱਲੜ ਤਾਲਮੇਲ ਕਮੇਟੀ’ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਕਿ ਐਨੇ ਸਾਲਾਂ ਦੀ ਇੰਤਜਾਰ ਤੋਂ ਬਾਅਦ ਪੀੜਤਾਂ ਨੂੰ ਆਪਣਾ ਢਿੱਡ ਹੌਲਾ ਕਰਨ ਦਾ ਸਮਾਂ ਮਿਲਿਆ ਹੈ, ਸਿਆਣੇ ਠੀਕ ਹੀ ਕਹਿੰਦੇ ਕਿ ਦੁੱਖ ਵੰਡਾਇਆਂ ਘਟਦੇ ਹਨ ਅਤੇ ਖੁਸ਼ੀ ਵੰਡਾਇਆਂ ਵੱਧਦੀ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਪਾਰਟੀ ਦਾ ਬਣਾਇਆ ਆਪਣਾ ਕਮਿਸ਼ਨ ਆਪਣਿਆਂ ਨੂੰ ਕਿਵੇਂ ਲੈਂਦਾ ਹੈ ਕਿਉਂਕਿ ਕਾਤਲ ਇਕੋ ਜਮਾਤ ਨਾਲ਼ ਸਬੰਧਿਤ ਸਨ ਅਤੇ ਕਤਲ ਹੋਣ ਵਾਲੇ ਸਿਰਫ ‘ਸਿੱਖ’। ਇਸ ਮੌਕੇ ਕੋਰਟ ਦੀ ਕਾਰਵਾਈ ਦੇਖਣ ਪਹੁੰਚੇ ਸ੍ਰੋਮਣੀ ਕਮੇਟੀ ਦੇ ਜਥੇ.ਭਰਪੂਰ ਸਿੰਘ, ਬਲਜੀਤ ਸਿੰਘ ਕਾਲ਼ਾਨੰਗਲ਼, ਪ੍ਰਚਾਰਕ ਮਨਦੀਪ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ ਖਾਲਸਾ , ਸੰਤੋਖ ਸਿੰਘ ਗੁੜਗਾਉਂ ਤੋਂ ਇਲਾਵਾ ਬਹੁਤ ਸਾਰੀਆਂ ਇਲਾਕੇ ਦੀਆਂ ਸੰਗਤਾਂ ਹਾਜਿਰ ਸਨ।

No comments: