Friday, August 09, 2013

‘ਗ਼ਦਰੀ ਗੂੰਜਾਂ‘ ਅਤੇ ‘ਗੂੰਜਾਂ ਗ਼ਦਰ ਦੀਆਂ‘ ਲੋਕ ਅਰਪਣ

Amolak Singh ਅਮੋਲਕ ਸਿੰਘ 
ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਹੋਇਆ ਵਿਸ਼ੇਸ਼ ਰਲੀਜ਼ ਸਮਾਗਮ
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਸੰਪਾਦਨਾ ਅਤੇ ਨਿਰਦੇਸ਼ਨਾ ‘ਚ ਤਿਆਰ ਗੀਤਾਂ ਦੀ ਆਡੀਓ ਕੈਸਿਟ ‘ਗ਼ਦਰੀ ਗੂੰਜਾਂ‘ ਅਤੇ ਜਗਸੀਰ ਜੀਦਾ, ਹਰਵਿੰਦਰ ਦੀਵਾਨਾ ਵੱਲੋਂ ‘ਗੂੰਜਾਂ ਗ਼ਦਰ ਦੀਆਂ‘ ਅੱਜ ਸਥਾਨਕ ਅੰਦਰ ਹੋਏ ਵਿਸ਼ੇਸ਼ ਰਿਲੀਜ਼ ਸਮਾਰੋਹ ‘ਚ ਲੋਕ ਅਰਪਣ ਕੀਤੀ ਗਈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛਡ਼, ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਦੀ ਪ੍ਰਧਾਨਗੀ ‘ਚ ਹੋਏ ਇਸ ਸਮਾਗਮ ‘ਚ ਦੇਸ਼ ਭਗਤੀ ਦੀ ਕੈਸਿਟ ‘ਗ਼ਦਰੀ ਗੂੰਜਾਂ‘ ਦੇ ਨਾਲ ਹੀ ਲੋਕ ਸੰਗੀਤ ਮੰਡਲੀ ਜੀਦਾ ਅਤੇ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ‘ਚ ਵੀਡੀਓ ਗਰਾਫੀ ‘ਚ ‘ਗੂੰਜਾਂ ਗ਼ਦਰ ਦੀਆਂ‘ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛਡ਼, ਮੰਗਤ ਰਾਮ ਪਾਸਲਾ, ਰਣਜੀਤ ਸਿੰਘ, ਦੇਵਰਾਜ ਨਈਅਰ, ਰਘਬੀਰ ਸਿੰਘ ਛੀਨਾ (ਖਜ਼ਾਨਚੀ) ਤੇ ਹਰਵਿੰਦਰ ਭੰਡਾਲ (ਸਹਾਇਕ ਸਕੱਤਰ) ਹਾਜ਼ਰ ਸਨ।

ਸਮਾਗਮ ‘ਚ ਬੋਲਦਿਆਂ ਅਮੋਲਕ ਸਿੰਘ ਨੇ ਦੱਸਿਆ ਕਿ ‘ਗ਼ਦਰੀ ਗੂੰਜਾਂ‘ ਕੈਸਿਟ ਵਿੱਚ 1913 ਤੋਂ 1931 ਤੱਕ ਰਚੀ ਗਈ ਗ਼ਦਰੀ ਕਵਿਤਾ ਵਿਚੋਂ ਚੋਣਵੀਆਂ 13 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਕੈਸਿਟ ਦੇ ਵਿਸ਼ਾ ਵਸਤੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਪਾਦਨਾ ਕਰਦੇ ਸਮੇਂ ਗ਼ਦਰੀ ਇਨਕਲਾਬੀ ਦੇਸ਼ ਭਗਤਾਂ ਦੀ ਸੋਚ, ਉਦੇਸ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਅਜੋਕੀਆਂ ਚੁਣੌਤੀਆਂ ਨਾਲ ਸੁਰ ਮਿਲਾਉਂਦੇ ਭਖ਼ਦੇ ਸੁਆਲਾਂ, ਸਰੋਕਾਰਾਂ, ਧਰਮ-ਨਿਰਪੱਖਤਾ, ਜਾਤ-ਪਾਤ, ਵਿਤਕਰੇਬਾਜੀ, ਲੁੱਟ-ਖਸੁੱਟ, ਜ਼ਬਰ-ਜ਼ੁਲਮ, ਸੂਦਖੋਰੀ, ਜਾਗੀਰੂ ਅਤੇ ਸਾਮਰਾਜੀ ਦਾਬੇ ਤੋਂ ਮੁਕਤ, ਆਜ਼ਾਦ, ਜਮਹੂਰੀ, ਖੁਸ਼ਹਾਲ, ਨਿਆਂ ਪੂਰਵਕ ਅਤੇ ਸਾਂਝੀਵਾਲਤਾ ਭਰੇ ਸਮਾਜ ਦੀ ਸਿਰਜਣ ਲਈ ਲੋਕ ਸੰਗਰਾਮ ਜਾਰੀ ਰੱਖਣ ਦੀ ਭਾਵਨਾ ਨੂੰ ਉਚਿਆਉਣ ਦਾ ਯਤਨ ਕੀਤਾ ਗਿਆ ਹੈ।

‘ਗ਼ਦਰੀ ਗੂੰਜਾਂ‘ ਕੈਸਿਟ, ਗ਼ਦਰ ਪਾਰਟੀ ਸਥਾਪਨਾ (2013), ਕਾਮਾਗਾਟਾ ਮਾਰੂ ਅਤੇ ਬਜਬਜ ਘਾਟ ਸਾਕਾ (2014), ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ (2015), ਬਰ੍ਹਮਾ ਸਾਜ਼ਸ਼ ਕੇਸ (2016) ਅਤੇ ਰੂਸੀ ਕ੍ਰਾਂਤੀ (2017) ਦੀਆਂ ਇਤਿਹਾਸਕ ਸ਼ਤਾਬਦੀਆਂ ਦੀ ਨਿਰੰਤਰਤਾ ਅਤੇ ਅਮਿੱਟ ਦੇਣ ਨੂੰ ਸਮਰਪਤ ਕੀਤੀ ਗਈ ਹੈ। ‘ਗ਼ਦਰੀ ਗੂੰਜਾਂ‘ ‘ਚ ਸ਼ਾਮਲ ਕਵਿਤਾਵਾਂ ਦਾ ਰਚਨਾ-ਕਾਲ ਭਾਵੇਂ 100 ਵਰ੍ਹੇ ਪਹਿਲਾਂ ਦਾ ਹੈ ਪਰ ਉਹਨਾਂ ਅੰਦਰ ਧਡ਼ਕਦੇ ਸੁਪਨੇ, ਜ਼ਜਬਾਤ ਅਤੇ ਆਦਰਸ਼ ਸਾਨੂੰ ਅਜੋਕੇ ਸਰੋਕਾਰਾਂ ਦੀ ਬਾਂਹ ਫਡ਼ਨ ਲਈ ਪ੍ਰੇਰਦੇ ਹਨ।

ਅਮੋਲਕ ਸਿੰਘ ਨੇ ਦੱਸਿਆ ਕਿ ਇਸ ਕੈਸਿਟ ਨੂੰ ਲੋਕ ਸੰਗੀਤ ਮੰਡਲੀ ਭਦੌਡ਼ ਦੇ ਸੰਗੀਤ ਨਿਰਦੇਸ਼ਕ ਮਾਸਟਰ ਰਾਮ ਕੁਮਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਮੁਖੀ ਅਤੇ ਪ੍ਰੋ. ਨਿਵੇਦਿਤਾ ਸਿੰਘ, ਵਿਜੈ ਯਮਲਾ, ਸਨੀ ਸਿੰਘ ਭੋਗਪੁਰ ਅਤੇ ਚੰਨ ਚਮਕੌਰ ਨੇ ਸੰਗੀਤਬੱਧ ਕੀਤਾ ਹੈ।

ਇਸ ਕੈਸਿਟ ਨੂੰ ਜੋਗਾ ਸਿੰਘ ਜੋਗੀ, ਗੁਰਮੁੱਖ ਸਿੰਘ ਐਮ.ਏ. ਅਤੇ ਉਹਨਾਂ ਦੇ ਸਾਥੀ, ਕੰਵਰ ਬਹਾਰ (ਜੋਗਾ ਸਿੰਘ ਜੋਗੀ ਦੀ ਦੋਹਤਰੀ), ਏਕਮ ਸਿੰਘ, ਜਤਿੰਦਰ ਜੀਤੂ, ਨਵਦੀਪ ਨਵੀ, ਨਵਦੀਪ ਧੌਲਾ, ਚੰਨ ਚਮਕੌਰ, ਜਸਵਿੰਦਰ ਜੱਸਾ, ਸਾਹਿਲ ਖ਼ਾਨ, ਸੰਦੀਪ ਕੁਮਾਰ ਨੇ ਆਪਣੀ ਮਖ਼ਮਲੀ ਅਤੇ ਬੁਲੰਦ ਆਵਾਜ਼ ਨਾਲ ਸ਼ਿੰਗਾਰਿਆ ਹੈ।

ਰਿਲੀਜ਼ ਸਮਾਰੋਹ ਮੌਕੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਕੌਮੀ ਅਤੇ ਲੋਕ ਮੁਕਤੀ ਦੇ ਉਦੇਸ਼ਾਂ ਲਈ ਲੋਕ-ਸੰਗਰਾਮ ਦੀ ਨਿਰੰਤਰਤਾ ਦੀ ਸਰਗਮ ਛੇਡ਼ਦੀ ‘ਗ਼ਦਰੀ ਗੂੰਜਾਂ‘ ਮਿਹਨਤਕਸ਼ ਲੋਕਾਂ ਦੀ ਸੌ ਵਰ੍ਹੇ ਪਹਿਲਾਂ ਦੀ ਦਾਸਤਾਨ ਨੂੰ ਮੁਖ਼ਾਤਬ ਹੁੰਦੀ ਹੋਈ ਤਿੱਖੀਆਂ ਵੰਗਾਰਾਂ ਕਰਦੀ ਹੈ ਕਿ ਹੁਣ ਸਾਡੀ ਧਰਤੀ ਨੂੰ ਦੇਸੀ ਬਦੇਸ਼ੀ ਦੋਵੇਂ ਤਰ੍ਹਾਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਨਵੇਂ ਗ਼ਦਰ, ਨਵੀਂ ਅਜ਼ਾਦੀ ਅਤੇ ਨਵੇਂ ਸਮਾਜਕ ਪ੍ਰੀਵਰਤਨ ਦੀ ਤੀਬਰ ਲੋਡ਼ ਅਵਾਜ਼ਾਂ ਮਾਰ ਰਹੀ ਹੈ।

ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਅਤੇ ਕਮੇਟੀ ਦੇ ਮੀਤ-ਪ੍ਰਧਾਨ ਨੌਨਿਹਾਲ ਸਿੰਘ ਨੇ ਕਿਹਾ ਕਿ ਗ਼ਦਰ ਲਹਿਰ ਦੀ ਪਹਿਚਾਣ ਬਣਾਉਣ ‘ਚ ‘ਗ਼ਦਰ‘ ਅਖ਼ਬਾਰ ਅਤੇ ਗ਼ਦਰੀ ਕਵਿਤਾ ਦਾ ਅਮਿੱਟ ਅਤੇ ਇਤਿਹਾਸਕ ਸਥਾਨ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰੀ ਕਵਿਤਾ ਨੂੰ ‘ਗ਼ਦਰੀ ਗੂੰਜਾਂ‘ ਆਡੀਓ ਸੀ.ਡੀ. ਦੇ ਰੂਪ ‘ਚ ਗ਼ਦਰ ਸ਼ਤਾਬਦੀ ਮੌਕੇ ਪੇਸ਼ ਕਰਨ ਨਾਲ ਗ਼ਦਰ ਲਹਿਰ ਦਾ ਸੁਨੇਹਾ ਪਹੁੰਚਾਉਣ ਅਤੇ ਲਹਿਰ ਬਾਰੇ ਹੋਰ ਵੀ ਜਗਿਆਸਾ ਪੈਦਾ ਕਰਨ ਦਾ ਅਹਿਮ ਕੰਮ ਹੋਏਗਾ।

ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਜਗਸੀਰ ਜੀਦਾ ਅਤੇ ਗੁਰਦਾਸ ਗੁਰੂਸਰ ਦੀ ਅਵਾਜ਼ ‘ਚ ਜਾਰੀ ਹੋਈ ਕੈਸਿਟ ਦੇ ਗੀਤ ਜਗਸੀਰ ਜੀਦਾ ਅਤੇ ਪ੍ਰਕਾਸ਼ ਸਿੰਘ ਆਜ਼ਾਦ ਦੀ ਕਲਮ ਤੋਂ ਲਿਖੇ ਗਏ। ਇਸ ਕੈਸਿਟ ਵਿਚ 8 ਗੀਤ ਸ਼ਾਮਲ ਕੀਤੇ ਗਏ।

ਗੂੰਜਾਂ ਗ਼ਦਰ ਦੀਆਂ, ਟੱਪੇ, ਚਰਖ਼ੀ ਲੋਹੇ ਦੀ, ਛੱਡ ਝਗਡ਼ਾ ਜਾਤਾਂ ਦਾ, ਜਡ਼੍ਹ ਨਸ਼ਿਆਂ ਨੇ ਕੱਢਤੀ, ਦੁੱਲਾ ਜੱਟ ਪੰਜਾਬ ਦਾ, ਕਲਮਾਂ ਅਤੇ ਲਾਲ ਝੰਡਾ ਨਾਂਅ ਦੇ ਗੀਤਾਂ ਨਾਲ ਪਰੋਈ ਇਹ ਕੈਸਿਟ ਗ਼ਦਰ ਸ਼ਤਾਬਦੀ ਮੌਕੇ ਗ਼ਦਰੀ ਸੰਗਰਾਮ ਨੂੰ ਅਜੋਕੇ ਸਮੇਂ ਅਗੇ ਤੋਰਨ ਦਾ ਪੈਗ਼ਾਮ ਦੇਵੇਗੀ।

ਇਸ ਮੌਕੇ ਗਾਇਕ ਕਲਾਕਾਰ ਜਗਸੀਰ ਜੀਦਾ, ਹਰਵਿੰਦਰ ਦੀਵਾਨਾ, ਗੁਰਮੁੱਖ ਸਿੰਘ ਐਮ.ਏ., ਕੰਵਰ ਬਹਾਰ, ਚੰਨ ਚਮਕੌਰ ਹੋਰੀਂ ਵੀ ਹਾਜ਼ਰ ਸਨ।

ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਅਤੇ ਮੰਚ ਸੰਚਾਲਕ ਗੁਰਮੀਤ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 17 ਅਗਸਤ ਤੋਂ ਪੰਜਾਬ ਭਰ ‘ਚ ਚੱਲਣ ਵਾਲੇ ‘ਗ਼ਦਰ ਸ਼ਤਾਬਦੀ ਕਾਫ਼ਲੇ‘ ਸਮੇਂ ਸਾਡਾ ਯਤਨ ਹੋਏਗਾ ਕਿ ਕੈਸਿਟ ਦੇ ਗੀਤਾਂ ‘ਤੇ ਅਧਾਰਤ ਕੋਰਿਓਗਰਾਫ਼ੀਆਂ ਪੇਸ਼ ਕੀਤਆਂ ਜਾਣ। ਉਨ੍ਹਾਂ ਕਿਹਾ ਕਿ ਚਿਰਾਂ ਤੋਂ ਸੁੱਤੇ ਲੋਕਾਂ ਨੂੰ ਜਗਾਉਣ ਲਈ ਇਹ ਕੈਸਿਟ ਘਰ ਘਰ ਪਹੁੰਚਦੀ ਕੀਤੀ ਜਾਵੇਗੀ।

No comments: