Friday, August 16, 2013

ਲੁਧਿਆਣਾ ਵਿੱਚ ਵੀ ਜੋਸ਼ੋ ਖਰੋਸ਼ ਨਾਲ ਹੋਏ 15 ਅਗਸਤ ਦੇ ਸਮਾਗਮ

Fri, Aug 16, 2013 at 10:01 AM
ਰਿਸ਼ੀ ਨਗਰ ਚਾਂਦ ਕਲੋਨੀ ਵਿੱਚ ਵੀ ਪੁੱਜੀਆਂ ਕਈ ਅਹਿਮ ਸ਼ਖਸੀਅਤਾਂ
           ਲੁਧਿਆਣਾ 15 ਅਗਸਤ 2013 (ਰੈਕਟਰ ਕਥੂਰੀਆ//ਪੰਜਾਬ ਸਕਰੀਨ): 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਉਝ ਤਾਂ ਦੇਸ਼ ਭਰ ਵਿੱਚ ਤਕਰੀਬਨ ਹਰ ਗਲੀ ਮੁਹੱਲੇ ਵਿੱਚ ਫੰਕਸ਼ਨ ਹੋਏ ਪਰ ਲੁਧਿਆਣਾ ਦੀ ਚਾਂਦ ਕਲੋਨੀ ਵਿੱਚ ਹੋਇਆ ਸਮਾਗਮ ਕਈ ਗੱਲਾਂ ਤੋ ਵੱਖਰਾ ਹੋ ਨਿੱਬੜਿਆ। ਹੈਬੋਵਾਲ ਖੁਰਦ ਦੇ ਇਲਾਕੇ 'ਚ ਪੈਂਦੀ ਚਾਂਦ ਕਲੋਨੀ ਅਤੇ ਮੇਹਰ ਸਿੰਘ ਨਗਰ ਦੇ ਵਸਨੀਕਾਂ ਵੱਲੋਂ ਇਹ ਸਮਾਗਮ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਦੇ ਬੈਨਰ ਹੇਠ ਕਰਾਇਆ ਗਿਆ ਅਤੇ ਇਸ ਵਿੱਚ ਸ਼ਾਮਿਲ ਹੋਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਵੀ ਉਚੇਚੇ ਤੌਰ 'ਤੇ ਪੁੱਜੇ। ਉਹਨਾਂ ਦੇ ਨਾਲ ਸਾਬਕਾ ਸੰਸਦੀ  ਸਕੱਤਰ ਹਰੀਸ਼ ਰਾਏ ਢਾਂਡਾ, ਐਮ ਐਲ ਏ ਭਾਰਤ ਭੂਸ਼ਣ ਆਸ਼ੂ, ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲਾ ਲੁਧਿਆਣਾ ਇਕਾਈ ਦੇ ਸਕੱਤਰ ਡਾਕਟਰ ਅਰੁਣ ਮਿੱਤਰਾ, ਬੜੀ ਹੀ ਸਾਦਗੀ ਭਰੇ ਸ਼ਬਦਾਂ ਨਾਲ ਅਤੀਤ, ਵਰਤਮਾਨ ਅਤੇ ਭਵਿੱਖ ਦੀ ਤਸਵੀਰ ਸਾਰਿਆਂ ਸਾਹਮਣੇ ਸਾਕਾਰ ਕਰ ਦੇਣ ਵਾਲੀ ਸ਼ਬਦਾਂ ਦੀ ਜਾਦੂਗਰ ਪ੍ਰਿੰਸੀਪਲ ਕੁਸਮ ਲਤਾ ਅਤੇ ਕਲਮ ਦੀ ਸਾਧਨਾ ਕਰਨ ਦੇ ਨਾਲ ਨਾਲ ਅਮਲ ਦੀ ਜਿੰਦਗੀ ਵਿੱਚ ਵੀ ਸਮਾਜ ਦੇ ਕਮਜ਼ੋਰ ਵਰਗਾਂ ਲਈ ਇੱਕ ਆਵਾਜ਼ ਤੇ ਉਠ ਕੇ ਨਾਲ ਤੁਰ ਪੈਣ ਵਾਲੀ ਮੈਡਮ ਗੁਰਚਰਨ ਕੌਰ ਕੋਚਰ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਲਈ ਇਹਨਾਂ ਕੁਝ ਦੇਖੇ ਭਾਲੇ ਲੋਕ ਦਰਦੀਆਂ ਕਾਰਨ ਦੇ ਇੱਕੋ ਸਮਾਗਮ ਵਿੱਚ ਇਕੱਤਰ ਹੋਣ ਕਾਰਣ ਇਹ ਸਮਾਗਮ ਬਾਕੀਆਂ ਨਾਲੋਂ ਕੁਝ ਵੱਖਰਾ ਮਹਿਸੂਸ ਹੁੰਦਾ ਸੀ।
           ਸ਼ਹੀਦ ਭਗਤ ਸਿੰਘ ਹੁਰਾਂ ਦੇ ਵਿਚਾਰਾਂ ਨੂੰ ਲਗਾਤਾਰ ਲੋਕਾਂ  ਲਈ ਸਰਗਰਮ ਕਾਫ਼ਿਲੇ ਦੀਆਂ ਸਫਾਂ ਦੇ ਸਿਰਕਢ ਆਗੂ ਪ੍ਰੋਫੈਸਰ ਜਗਮੋਹਨ ਸਿੰਘ ਨੇ ਮੌਜੂਦਾ ਹਾਲਾਤ ਵਿੱਚ ਦਰਪੇਸ਼ ਖਤਰਿਆਂ ਦਾ ਜ਼ਿਕਰ ਕਰਦਿਆਂ ਆਖਿਆ ਕੀ ਅੱਜ ਫੇਰ ਉਹ ਮਾਹੌਲ ਸਿਰਜਣ ਦੀ ਲੋੜ ਹੈ ਜਿਹੜਾ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਗੁਰਮੁਖ ਸਿੰਘ ਵਰਗੇ ਗਦਰੀ ਬਾਬਿਆ ਨੇ ਸਿਰਜਿਆ ਸੀ। ਉਹਨਾਂ ਕਿਹਾ ਕੀ ਇਸ ਮਕਸਦ ਲਈ ਨੌਜਵਾਨਾਂ ਅਤੇ ਔਰਤਾਂ ਨੂੰ ਵਧ ਚੜ੍ਹ ਕੇ ਪਹਿਲ ਕਰਨੀ ਚਾਹੀਦੀ ਹੈ।
                ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਇਸ ਦੇਸ਼ ਨੂੰ ਸਾਡੇ ਮਹਾਨ ਦੇਸ਼ ਭਗਤਾਂ ਨੇ ਅਨਗਿਣਤ ਕੁਰਬਾਨੀਆਂ ਦੇ ਕੇ ਮਸਾਂ ਮਸਾਂ ਆਜ਼ਾਦ ਕਰਾਇਆ ਸੀ ਪਰ ਮੌਜੂਦਾ ਸਾਮਰਾਜੀ ਨਿਜ਼ਾਮ ਨੇ ਇਸ ਨੂੰ ਫਿਰ ਗੁਲਾਮੀ ਵਾਲੀ ਹਾਲਤ ਵਿੱਚ ਪਹੁੰਚਾ ਦਿੱਤਾ ਹੈ। ਇਸ ;ਆਈ ਲੋੜ ਹੈ ਕੀ ਇੱਕ ਵਾਰ ਫੇਰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਾਵੇ।
ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਦੇਸ਼ ਭਗਤੀ ਦੀ ਸੁਰ ਵਾਲੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਜਿਹਨਾਂ ਬੱਚਿਆਂ ਨੇ ਕੰਪਿਊਟਰ ਦਾ  ਕਰ ਲਿਆ ਸੀ ਉਹਨਾਂ ਨੂੰ ਇਸ ਇਤਿਹਾਸਿਕ ਦਿਹਾੜੇ ਸਰਟੀਫਿਕੇਟ ਵੀ  ਪ੍ਰਦਾਨ ਕੀਤੇ ਗਏ। ਕਾਮਰੇਡ ਦੀ ਪੀ ਮੌੜ, ਕਾਮਰੇਡ ਰਣਧੀਰ ਸਿੰਘ, ਕਾਮਰੇਡ ਗੁਰਨਾਮ ਸਿਧੂ ਅਤੇ ਕਈ ਹੋਰਨਾਂ ਨੇ ਵੀ ਇਸ ਸਮਾਗਮ ਨੂੰ ਸਫਲ ਬਣਾਉਣ ਲੈ ਪਰਦੇ ਪਿਛੇ ਹੋਏ ਆਥਾਹ ਮੇਹਨਤ ਵਾਲੇ ਕਾਰਜਾਂ ਵਿੱਚ ਸਰਗਰਮ ਸ਼ਿਰਕਤ ਕੀਤੀ।

No comments: