Thursday, July 25, 2013

ਬੇਬਸ ਹੋ ਰਹੀ ਸ਼ਰਾਫਤ

ਡਾਢਿਆਂ ਦੀ ਰਖੇਲ ਬਣੇ ਸਿਸਟਮ ਦਾ ਇੱਕ ਹੋਰ ਨਵਾਂ ਮਾਮਲਾ 
ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਹਨਾਂ ਤੋਂ ਮਹਿਸੂਸ ਹੁੰਦਾ ਹੈ ਡਾਢਿਆਂ ਨੂੰ ਹਰ ਤਰ੍ਹਾਂ ਦੀਆਂ ਮਨਮਰਜ਼ੀਆਂ ਕਰਨ ਦੀ ਜਿਵੇਂ ਖੁੱਲੀ ਛੁੱਟੀ ਮਿਲ ਗਈ ਹੈ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਮੀਡੀਆ ਦੇ ਸਾਹਮਣੇ। ਮੀਡੀਆ ਸਾਹਮਣੇ 65 ਸਾਲਾਂ ਇੱਕ ਬਜੁਰਗ ਐਨ ਆਰ ਆਈ ਔਰਤ ਨੇ ਜੋ ਜੋ ਕੁਝ ਦੱਸਿਆ ਉਹ ਹਿਲਾ ਦੇਣ ਵਾਲਾ ਹੈ। ਉਸ ਦੀਆਂ ਗੱਲਾਂ ਸਚ ਇਸ ਕਰਕੇ ਲੱਗਦੀਆਂ ਹਨ ਕਿ ਅਜਿਹਾ ਕੁਝ ਹੁਣ ਆਮ ਹੋਣ ਲੱਗ ਪਿਆ ਹੈ। ਚੰਗਾ ਹੋਵੇ ਜੇਕਰ ਤੁਰੰਤ ਨਿਰਪੱਖ ਜਾਂਚ ਕਰਾਕੇ ਸਚ ਸਾਹਮਣੇ ਲਿਆਂਦਾ ਜਾਵੇ ਤੇ ਇਨਸਾਫ਼ ਕੀਤਾ ਜਾਵੇ। ਕਿਤੇ ਇਹ ਨਾ ਹੋਵੇ ਕਿ ਸੱਤੇ ਹੋਏ ਬੇਬਸ ਲੋਕ ਇੱਕ ਦਿਨ ਉਠ ਖੜੋਣ ਅਤੇ ਇਹ ਆਖਣ ਲਈ ਮਜਬੂਰ ਹੋ ਜਾਣ-ਸ਼ਰਾਫਤ ਛੋੜ ਦੀ ਮੈਨੇ ! ਇਸ ਔਰਤ ਦੀ ਦਾਸਤਾਨ ਅਸੀਂ ਜਗਬਾਣੀ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ।    -ਰੈਕਟਰ ਕਥੂਰੀਆ

65 ਸਾਲਾ ਐੱਨ. ਆਰ. ਆਈ. ਔਰਤ ਝੂਠੇ ਪੁਲਸ ਕੇਸਾਂ ਕਾਰਨ ਹੰਭੀ 
*8 ਕੇਸ ਰੱਦ ਹੋਣ ਤੋਂ ਬਾਅਦ ਫਿਰ ਦੋ ਝੂਠੇ ਕੇਸ ਠੋਕੇ
*ਲੈਂਡ ਮਾਫੀਆ ਤੇ ਹੇਠਲੇ ਪੱਧਰ 'ਤੇ ਪੁਲਸ ਦੀ ਮਿਲੀਭੁਗਤ ਨਾਲ ਜੋਗਿੰਦਰ ਕੌਰ ਸੰਧੂ ਵਾਰ-ਵਾਰ ਜਲੀਲ 
ਚੰਡੀਗੜ੍ਹ: (ਖੋਖਰ)-ਲੁਧਿਆਣਾ ਦੇ ਲੈਂਡ ਮਾਫੀਆ ਅਤੇ ਹੇਠਲੇ ਪੱਧਰ ਦੇ ਪੁਲਸ ਗਠਜੋੜ ਦਾ ਸ਼ਿਕਾਰ ਬਣੀ 65 ਸਾਲਾ ਐੱਨ. ਆਰ. ਆਈ. ਜੋਗਿੰਦਰ ਕੌਰ ਸੰਧੂ ਹੁਣ ਪੁਲਸ ਵਲੋਂ ਵਾਰ-ਵਾਰ ਕੀਤੇ ਜਾਂਦੇ ਪੁਲਸ ਕੇਸਾਂ ਅਤੇ ਇਨਕੁਆਰੀਆਂ ਤੋਂ ਐਨਾਂ ਅੱਕ ਅਤੇ ਥੱਕ ਚੁੱਕੀ ਹੈ ਕਿ ਉਹ ਆਪਣੀ ਹੱਡ ਬੀਤੀ ਬਿਆਨ ਕਰਦੇ ਵਕਤ ਰੋਣ ਲੱਗ ਪੈਂਦੀ ਹੈ। ਆਪਣੀ ਦੁੱਖ ਭਰੀ ਦਾਸਤਾਂ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਉਸਨੇ ਕਿਹਾ ਕਿ ਸਰਕਾਰ ਐੱਨ. ਆਰ. ਆਈਜ਼ ਲੋਕਾਂ ਦੀ ਬੇਹਤਰੀ ਲਈ ਯੋਜਨਾਵਾਂ ਅਤੇ ਇਨਸਾਫ ਲਈ ਪ੍ਰਬੰਧ ਪੈਦਾ ਕਰਨ ਲਈ ਭਾਵੇਂ ਗੰਭੀਰ ਹੈ ਪਰ ਹੇਠਲੇ ਪੱਧਰ ਦੇ ਪੁਲਸ ਅਧਿਕਾਰੀ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੂੰ ਟਿਚ ਨਹੀਂ ਜਾਣਦੇ ਹਨ, ਜਿਸ ਕਾਰਨ ਉਸ 'ਤੇ 10 ਪੁਲਸ ਕੇਸ ਦਰਜ ਕੀਤੇ ਗਏ ਸਨ। ਭਾਵੇਂ ਸੀਨੀਅਰ ਪੁਲਸ ਅਧਿਕਾਰੀਆਂ ਦੀ ਦਖਲਅੰਦਾਜ਼ੀ ਨਾਲ ਇਨ੍ਹਾਂ ਵਿਚੋਂ 8 ਪੁਲਸ ਕੇਸ ਰੱਦ ਹੋ ਗਏ ਅਤੇ ਦੋ ਕੇਸ ਅਜੇ ਵੀ ਚਲ ਰਹੇ ਹਨ। ਇਨ੍ਹਾਂ ਪੁਲਸ ਕੇਸਾਂ ਦੀ ਉਲਝਣ ਤਾਣੀ ਨੇ ਉਸਦਾ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਇਥੋਂ ਤਕ ਕਿ ਥਾਣੇ-ਅਦਾਲਤਾਂ ਦੇ ਧੱਕੇ ਖਾਂਦੇ-ਖਾਂਦੇ ਉਹ ਟੀ. ਬੀ. ਦੀ ਮਰੀਜ਼ ਬਣ ਗਈ। ਉਸਨੇ ਦੱਸਿਆ ਕਿ ਉਸਨੇ ਨਾ ਤਾਂ ਕਿਸੇ ਨੂੰ ਕਦੇ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਲੰਬਾ ਸਮਾਂ ਭਾਰਤ ਰਹੀ ਹੈ ਫਿਰ ਵੀ ਉਸ 'ਤੇ ਕਬੂਤਰਬਾਜ਼ੀ ਦੇ ਫਰਜ਼ੀ ਕੇਸ ਵਾਰ-ਵਾਰ ਦਰਜ ਕੀਤੇ ਜਾਂਦੇ ਹਨ, ਜਿਸ ਕਾਰਨ ਅਜਿਹੇ ਮਾਮਲਿਆਂ 'ਚ ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਜਾਂਚ ਹੋਣ ਦੀ ਵਿਵਸਥਾ ਹੋਣੀ ਚਾਹੀਦੀ ਹੈ।  ਜੋਗਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ਦੇ ਲੈਂਡ ਮਾਫੀਆ ਸਰਗਨੇ ਦੇ ਕਹਿਣ 'ਤੇ ਜਿਸ ਐੱਸ. ਐੱਚ. ਓ. ਨੇ ਉਸ 'ਤੇ ਝੂਠੇ ਕੇਸ ਬਣਾਏ ਸਨ ਉਸ ਖਿਲਾਫ ਦਰਜ ਕੇਸ ਜੋ ਕਿ ਹੁਣ ਗਵਾਹੀਆਂ 'ਤੇ ਹੈ, ਬਾਰੇ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਲਈ ਇਕ ਕੇਸ ਮੁਕਤਸਰ ਸਾਹਿਬ ਅਤੇ ਇਕ ਹਰਿਆਣਾ ਦੇ ਜਗਾਧਰੀ ਵਿਖੇ ਦਰਜ ਕਰਵਾ ਦਿੱਤਾ ਹੈ। ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀ. ਜੀ. ਪੀ. ਪੰਜਾਬ ਅੱਗੇ ਇਕ ਵਾਰ ਫਿਰ ਇਨਸਾਫ ਦੀ ਦੁਹਾਈ ਦਿੰਦਿਆਂ ਫਰਾਂਸ 'ਚ ਰਹਿੰਦੀ ਇਸ ਔਰਤ ਵਲੋਂ 2004 ਤੋਂ ਲੈ ਕੇ ਅੱਜ ਤਕ ਜੋ ਤੱਥ, ਸਬੂਤ ਅਤੇ ਦਸਤਾਵੇਜ਼ ਮੀਡੀਆ ਨੂੰ ਸੌਂਪ ਕੇ ਆਪਣੀ ਦਰਦ ਕਹਾਣੀ ਬਿਆਨੀ ਹੈ, ਉਹ ਰੌਂਗਟੇ ਖੜੇ ਕਰਨ ਵਾਲੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਸ਼ੁਰੂ ਹੋਈ ਇਹ ਧੱਕੇਸ਼ਾਹੀ, ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਬਾ-ਦਸਤੂਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਉਸ ਉਪਰ ਇਕੱਲੇ ਲੁਧਿਆਣਾ ਸ਼ਹਿਰ 'ਚ 9 ਝੂਠੇ ਮੁਕੱਦਮੇ ਦਰਜ ਕਰਵਾਏ ਗਏ। ਜਦ ਇਹ ਝੂਠੇ ਮੁਕੱਦਮੇ ਇਕ-ਇਕ ਕਰਕੇ ਖਾਰਿਜ਼ ਹੋਣ ਲਗੇ ਤਾਂ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਮਾਫੀਆ ਗਿਰੋਹ ਨਾਲ ਮਿਲਕੇ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਰੋਪੜ ਵਿਚ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ, ਲੇਕਿਨ ਸਬੰਧਤ ਉਚ ਪੁਲਸ ਅਧਿਕਾਰੀਆਂ ਦੁਆਰਾ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਇਹ ਸ਼ਿਕਾਇਤਾਂ ਗਲਤ ਸਾਬਿਤ ਹੋਈਆਂ ਅਤੇ ਸਬੰਧਿਤ ਪੁਲਸ ਨੇ ਗਲਤ ਸ਼ਿਕਾਇਤਾਂ ਕਰਨ ਵਾਲੇ ਗਿਰੋਹ ਉਪਰ ਆਈ. ਪੀ. ਸੀ. ਧਾਰਾ-182 ਲਾਕੇ ਬਚਾਇਆ। ਪਰ ਇਸੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਗੂੜੀ ਸ਼ੰਕਰ ਦੇ ਰਾਜਵਿੰਦਰ ਸਿੰਘ ਵਲੋਂ 4 ਜੁਲਾਈ 2013 ਨੂੰ ਕੋਟਭਾਈ ਥਾਣੇ ਅਤੇ ਵਾਸੂਦੇਵ ਵਲੋਂ ਹਰਿਆਣਾ ਦੇ ਸ਼ਹਿਰ ਜਗਾਧਰੀ ਵਿਖੇ 6 ਜੁਲਾਈ 2013 ਨੂੰ ਕੇਸ ਦਰਜ ਕਰਵਾਇਆ ਗਿਆ ਹੈ। ਉਹ ਨਾ ਕਦੇ ਸ੍ਰੀ ਮੁਕਤਸਰ ਸਾਹਿਬ ਗਈ ਹੈ ਅਤੇ ਨਾ ਹੀ ਕਦੇ ਜਗਾਧਰੀ। ਦੋਨੋਂ ਕੇਸ ਕਬੂਤਰਬਾਜ਼ੀ ਨਾਲ ਸਬੰਧਿਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਕੇਸਾਂ ਪਿੱਛੇ ਐੱਸ. ਐੱਚ. ਓ. ਇੱਕ ਡੀ. ਐੱਸ. ਪੀ. ਅਤੇ ਲੈਂਡ ਮਾਫੀਆ ਲੁਧਿਆਣਾ ਦਾ ਹੱਥ ਹੈ। ਜੋਗਿੰਦਰ ਕੌਰ ਨੇ ਦੋਸ਼ ਲਾਇਆ ਕਿ ਇਕ ਸ਼ਿਕਾਇਤਕਰਤਾ ਡੀ. ਐੱਸ. ਪੀ. ਦਾ ਦੂਰ ਦਾ ਰਿਸ਼ਤੇਦਾਰ ਹੈ, ਜਦਕਿ ਦੂਸਰਾ ਸ਼ਿਕਾਇਤ ਕਰਤਾ ਲੂਧਿਆਣਾ ਦੇ ਲੈਂਡ ਮਾਫੀਆ ਸਰਗਨੇ ਦਾ ਕਰੀਬੀ ਜਾਣਕਾਰ ਹੈ ਅਤੇ ਜਗਾਧਰੀ ਵਿਚ ਗੋਲ ਗੱਪਿਆਂ ਦੀ ਰੇਹਡ਼ੀ ਲਾਉਂਦਾ ਹੈ। ਇਹ ਵੀ ਦੋਸ਼ ਲਾਇਆ ਕਿ ਸਰਾਭਾ ਨਗਰ ਪੁਲਸ ਨੇ ਉਸ ਨੂੰ ਹੁਕਮਾਂ ਦੇ ਬਾਵਜੂਦ ਅੱਜ ਤਕ ਸੁਰੱਖਿਆ ਨਹੀਂ ਦਿੱਤੀ। ਜੋਗਿੰਦਰ ਕੌਰ ਸੰਧੂ ਨੇ ਏ. ਡੀ. ਜੀ. ਪੀ. ਕ੍ਰਾਈਮ ਜਸਵਿੰਦਰ ਸਿੰਘ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਡੀ. ਜੀ. ਪੀ. ਐੱਸ. ਐੱਨ. ਵਸ਼ਿਸ਼ਟ ਨੂੰ ਲਿਖਤੀ ਦਰਖਾਸਤਾਂ ਦੇ ਕੇ ਇਨ੍ਹਾਂ ਸਾਰੇ ਮਾਮਲਿਆਂ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਉਦੋਂ ਤਕ ਇਨ੍ਹਾਂ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਪੋਸਟਾਂ ਤੋਂ ਹਟਾਉਣ ਦੀ ਵੀ ਮੰਗ ਕੀਤੀ। ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਿਤ ਹੈ ਪਰ 1972 'ਚ ਵਿਦੇਸ਼ ਚੱਲੀ ਗਈ ਅਤੇ 1984 'ਚ ਪਰਿਵਾਰ ਸਮੇਤ ਫਰਾਂਸ 'ਚ ਵੱਸ ਗਈ, ਜਿਥੇ ਉਸਦਾ ਬੇਟਾ ਲਿਉਨ ਸ਼ਹਿਰ 'ਚ ਫਰੈਂਚ ਪੁਲਸ ਦਾ ਅਫਸਰ ਹੈ। ਇਸ ਦੌਰਾਨ ਉਨ੍ਹਾਂ ਨੇ 1978 'ਚ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਪੰਜਾਬ ਮਾਤਾ ਨਗਰ 'ਚ ਦੋ ਮਕਾਨ 725 ਅਤੇ 725/1 ਖਰੀਦੇ। ਜਿਨ੍ਹਾਂ 'ਚੋਂ ਇਕ ਦੀਆਂ ਉਪਰਲੀਆਂ ਦੋਂ ਮੰਜ਼ਿਲਾਂ ਕਿਰਾਏ 'ਤੇ ਦੇ ਦਿੱਤੀਆ ਗਈਆਂ। ਪੰਜਾਬ 'ਚ ਕੋਈ ਪਰਿਵਾਰਿਕ ਮੈਂਬਰ ਨਾ ਹੋਣ ਕਰਕੇ ਇਹ ਘਰ ਲੈਂਡ ਮਾਫਿਆ ਦੀ ਨਜ਼ਰ ਚਡ਼੍ਹ ਗਏ। ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ 2004 'ਚ ਭਾਰਤ ਫੇਰੀ ਦੌਰਾਨ ਐਮਰਜੈਂਸੀ ਜ਼ਰੂਰਤ ਪੈਣ 'ਤੇ ਉਸਨੇ ਵਿਸ਼ਾਲ ਨਗਰ ਦੇ ਫਾਇਨਾਂਸਰ ਤੋਂ ਇਕ ਮਹੀਨੇ ਲਈ 2 ਲੱਖ ਰੁਪਏ ਵਿਆਜ 'ਤੇ ਫੜੇ ਗਰੰਟੀ ਵਜੋਂ ਕੁੱਝ ਕਾਗਜ਼ਾਂ 'ਤੇ ਦਸਤਖਤ ਕੀਤੇ। (ਜੋ ਨਿਰਧਾਰਤ ਸਮੇਂ 'ਤੇ ਵਾਪਸ ਕਰ ਦਿੱਤੇ ਗਏ) ਲੇਕਿਨ ਅਗਲੇ ਹੀ ਦਿਨ 13 ਦਸੰਬਰ 2004 ਨੂੰ ਬਦੂੰਕ ਦੀ ਨੋਕ 'ਤੇ ਉਸਦੇ ਘਰ ਡਾਕਾ ਪਿਆ। 3.42 ਲੱਖ ਕੈਸ਼, ਕਰੀਬ 16 ਤੋਲੇ ਗਹਿਣੇ ਅਤੇ ਮੋਬਾਈਲ ਸੈਟ ਲੁਟੇ ਗਏ। ਮਾਡਲ ਟਾਊਨ ਪੁਲਸ 'ਚ ਸ਼ਿਕਾਇਤ ਦਰਜ ਹੋਈ ਪਰ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਐੱਫ. ਆਈ. ਆਰ. ਦਰਜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ਘਟਨਾ ਪਿੱਛੋਂ ਉਸ ਨੂੰ ਫਰਾਂਸ ਦੀ ਟਿਕਟ ਕੈਂਸਲ ਕਰਾਉਣੀ ਪਈ ਅਤੇ ਉਸ ਉਪਰ ਝੂਠੇ ਮੁੱਕਦਮਿਆਂ ਦਾ ਅਜਿਹਾ ਜਾਲ ਬੁਣਿਆ ਉਹ ਅੱਜ ਤਕ ਪੱਕੇ ਤੌਰ 'ਤੇ ਫਰਾਂਸ ਨਹੀਂ ਜਾ ਸਕੀ। ਹਾਲਾਂਕਿ ਇਨ੍ਹਾਂ 9 ਸਾਲਾਂ 'ਚ ਇਹ ਮੁਕੱਦਮੇ ਝੂਠੇ ਸਾਬਿਤ ਹੋ ਚੁੱਕੇ ਹਨ। ਉਸਨੇ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਾਉਣ ਦਾ ਫੈਸਲਾ ਲਿਆ, ਪਾਠੀ ਸਿੰਘਾਂ ਨੂੰ ਪ੍ਰਕਾਸ਼ ਆਰੰਭ ਕਰਨ ਦਾ ਸਮਾਂ ਦੇ ਕੇ ਰਾਤ ਨੂੰ ਦਿੱਲੀ ਏਅਰਪੋਰਟ 'ਤੇ ਆਪਣੇ ਬੇਟੇ ਅਤੇ ਦੋਹਤੇ ਨੂੰ ਲੈਣ ਚਲੀ ਗਈ। ਇਸ ਮੌਕੇ ਘਰ 'ਚ ਨੌਕਰਾਨੀ ਸੀ। ਲੈਂਡਮਾਫੀਆ ਸਮਝ ਬੈਠਾ ਕਿ ਉਹ ਫਰਾਂਸ ਚਲੀ ਗਈ ਹੈ, ਉਨ੍ਹਾਂ ਘਰ 'ਤੇ ਕਬਜ਼ਾ ਕਰ ਲਿਆ ਅਤੇ ਕਿਰਾਏਦਰਾਂ ਦਾ ਸਾਮਾਨ ਵੀ ਬਾਹਰ ਸੁਟ ਦਿੱਤਾ। ਉਸੇ ਸਮੇਂ ਪਾਠੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਲਈ ਘਰ ਪਹੁੰਚੇ ਤਾਂ ਮਾਡਲ ਟਾਊਨ ਦੇ ਐੱਸ. ਐੱਚ. ਓ. ਨੇ ਉਨ੍ਹਾਂ ਉਪਰ ਕੇਸ ਪਾ ਕੇ ਹਵਾਲਾਤ 'ਚ ਬੰਦ ਕਰ ਦਿੱਤਾ। ਜਾਂਚ ਉਪਰੰਤ ਝੂਠੇ ਸ਼ਿਕਾਇਤਕਰਤਾ ਜਸਵਿੰਦਰ ਜੱਸੀ 'ਤੇ 14 ਬੰਦਿਆਂ ਵਲੋਂ 113 ਨੰਬਰ ਐੱਫ. ਆਈ. ਆਰ. ਦਰਜ ਹੋਈ ਅਤੇ ਮੇਰੇ ਵਲੋਂ ਐੱਫ. ਆਈ. ਆਰ. ਨੰਬਰ-106 ਦਰਜ ਹੋਈ ਅਤੇ ਖੁੱਦ ਐੱਸ. ਐੱਚ. ਓ. ਰਾਜੇਸ਼ ਸ਼ਰਮਾ 'ਤੇ ਉਸੇ ਦੇ ਥਾਣੇ 'ਚ 52/07 ਐੱਫ. ਆਰ. ਆਈ. ਦਰਜ ਹੋਈ। ਕੋਰਟ ਦੇ ਆਦੇਸ਼ਾਂ 'ਤੇ ਐੱਸ. ਪੀ. ਸਨੇਹਦੀਪ ਦੀ ਜਾਂਚ ਰਿਪੋਰਟ 'ਚ ਰਾਜੇਸ਼ ਕੁਮਾਰ ਫਿਰ ਦੋਸ਼ੀ ਪਾਇਆ ਗਿਆ। ਪਰ ਏ. ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਦਖਲ ਨਾਲ ਇੰਸਪੈਕਟਰ ਭਾਗ ਸਿੰਘ ਨੇ ਐੱਸ. ਐੱਚ. ਓ. ਨੂੰ ਕਲੀਨ ਚਿੱਟ ਦੇ ਦਿੱਤੀ, ਪਰ ਅਦਾਲਤ ਨੇ ਜ਼ਮਾਨਤ ਭਰਵਾਕੇ ਉਸ 'ਤੇ ਚਾਰਜ ਲਾ ਦਿੱਤਾ ਅਤੇ ਇਹ ਕੇਸ ਹੁਣ ਗਵਾਹੀਆਂ 'ਤੇ ਹੈ।

No comments: