Sunday, July 07, 2013

ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰ

ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਿਲ ਉਪਰ ਆਧੁਨਿਕ ਕਮਰੇ ‘ਚ ਸੁਸ਼ੋਭਿਤ
ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਅਸਥਾਨ ਨਾਲ ਸ੍ਰੀ ਅਖੰਡਪਾਠ ਸਾਹਿਬ ਲਈ ਬਣੇ ਕਮਰਿਆਂ ਦੀ ਮੀਨਾਕਾਰੀ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲੇ ਕਰਵਾਉਣਗੇ -ਜਥੇ. ਅਵਤਾਰ ਸਿੰਘ
ਅੰਮ੍ਰਿਤਸਰ : 06 ਜੁਲਾਈ- (ਪੰਜਾਬ ਸਕਰੀਨ ਬਿਊਰੋ): ਗੁਰੂ ਸਾਹਿਬਾਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ਦੇ ਕੋਲ ਸੁਨਹਿਰੀ ਚਬੂਤਰੇ ‘ਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਜਾਂਦੇ ਹਨ ਤੇ ਰਾਤ ਨੁੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸ਼ਸਤਰਾਂ ਦੀ ਮਹਾਨਤਾ ਬਾਰੇ ਦੱਸਣ ਉਪਰੰਤ ਬਕਸਿਆਂ ‘ਚ ਸੰਭਾਲਿਆ ਜਾਂਦਾ ਸੀ ਵਾਸਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਆਧੁਨਿਕ ਸਹੂਲਤਾਂ ਭਰਪੂਰ ਕਮਰਾ ਤਿਆਰ ਕੀਤਾ ਗਿਆ ਜਿਸ ਵਿਚ ਬੀਤੀ ਰਾਤ ਸਤਿਗੁਰਾਂ ਦੇ ਪਾਵਨ ਸ਼ਸਤਰ ਮਰਯਾਦਾ ਅਨੁਸਾਰ ਸੁਸ਼ੋਭਿਤ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਹਿਰਾਸ ਸਾਹਿਬ ਦੀ ਸਮਾਪਤੀ ਉਪਰੰਤ ਜੁੜੀਆਂ ਸੰਗਤਾਂ ਨੂੰ ਸ਼ਸਤਰਾਂ ਦੇ ਖੁੱਲ੍ਹੇ ਦਰਸ਼ਨ ਕਰਵਾਉਣ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਮੀਰੀ ਅਤੇ ਪੀਰੀ ਦੀਆਂ ਦੋਵੇਂ ਕਿ੍ਰਪਾਨਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੀ ਸ੍ਰੀ ਸਾਹਿਬ, ਸਿਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਭਾਈ ਸਾਹਿਬ ਭਾਈ ਬਿਧੀ ਚੰਦ ਵਾਲੀ ਸ੍ਰੀ ਸਾਹਿਬ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਸ੍ਰੀ ਸਾਹਿਬ, ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਨੇ ਭਾਈ ਸਾਹਿਬ ਭਾਈ ਜੇਠਾ ਜੀ ਵਾਲੀ ਸ੍ਰੀ ਸਾਹਿਬ ਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਖੰਡਾ ਨਵੇਂ ਤਿਆਰ ਕੀਤੇ ਕਮਰੇ ਵਿਚ ਸੁਸ਼ੋਭਿਤ ਕੀਤੇ। ਸ਼ਸਤਰ ਸੁਸ਼ੋਭਿਤ ਕਰਨ ਸਮੇਂ ਭਾਈ ਹਰਪਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਗੁਰਚਰਨ ਸਿੰਘ ਅਰਦਾਈਏ ਨੇ ਕੀਤੇ।
ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬਾਨ, ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਸਿੱਖ ਜਰਨੈਲਾਂ ਦੀ ਛੋਹ ਪ੍ਰਾਪਤ ਇਹ ਇਤਿਹਸਕ ਸ਼ਸਤਰ ਸਾਡਾ ਅਨਮੋਲ ਖਜ਼ਾਨਾ ਹੈ ਇਨ੍ਹਾਂ ਦੀ ਮਰਯਾਦਾ ਅਨੁਸਾਰ ਸਾਂਭ ਸੰਭਾਲ ਕਰਨੀ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਸਤਰਾਂ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ ਲਈ ਪਹਿਲੀ ਵਾਰ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਪਾਸੋਂ ਕਰਵਾਈ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਨ੍ਹਾ ਦੀ ਪੁਰਾਤਨ ਦਿੱਖ ਕਾਇਮ ਰੱਖਦਿਆਂ ਮੁਰੰਮਤ ਦੀ ਸੇਵਾ ਕੀਤੀ ਹੈ। ਹੁਣ ਇਨ੍ਹਾਂ ਸ਼ਸਤਰਾਂ ਲਈ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵਿਸ਼ੇਸ਼ ਉਪਰਾਲਾ ਕਰਕੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਪਾਸੋਂ ਵਿਸ਼ੇਸ਼ ਕਿਸਮ ਦਾ ਕਮਰਾ ਤਿਆਰ ਕਰਵਾਇਆ ਹੈ ਜਿਸ ਵਿਚ ਅੱਜ ਇਹ ਇਤਿਹਾਸਕ ਸ਼ਸਤਰ ਸੁਸ਼ੋਭਿਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਰਾਤ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸੰਗਤਾਂ ਨੂੰ ਹਰ ਰੋਜ਼ ਖੁੱਲ੍ਹੇ ਦਰਸ਼ਨ ਕਰਵਾਉਣ ਉਪਰੰਤ ਇਹ ਇਤਿਹਾਸਕ ਸ਼ਸਤਰ ਕਮਰੇ ‘ਚ ਪਲੰਘ ‘ਤੇ ਸੁਸ਼ੋਭਿਤ ਹੋਣਗੇ ਤੇ ਰੋਜ਼ਾਨਾ ਸਵੇਰੇ ਦਰਸ਼ਨਾਂ ਲਈ ਸੁਨਹਿਰੀ ਚਬੂਤਰੇ ‘ਚ ਸੁਸ਼ੋਭਿਤ ਕੀਤੇ ਜਾਣਗੇ। ਉਨ੍ਹਾਂ ਬਾਬਾ ਜਗਤਾਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਬਹੁਤ ਮਿਹਨਤ ਨਾਲ ਵਧੀਆ ਕਮਰਾ ਤਿਆਰ ਕੀਤਾ ਹੈ। ਉਨ੍ਹਾਂ ਬਾਬਾ ਜਗਤਾਰ ਸਿੰਘ ਨੂੰ ਬੇਨਤੀ ਕਿ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਵਾਲੇ ਸ੍ਰੀ ਅਖੰਡਪਾਠ ਸਾਹਿਬ ਲਈ ਬਣੇ ਕਮਰਿਆਂ ਨੂੰ ਵੀ ਨਵੀਂ ਦਿੱਖ ਨਾਲ ਤਿਆਰ ਕੀਤਾ ਜਾਵੇ। ਬਾਬਾ ਜਗਤਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਸਾਹਿਬ ਵਲੋਂ ਕਹੇ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਕਮਰਿਆਂ ਨੂੰ ਦੁਬਾਰਾ ਮੁਰੰਮਤ ਕਰਕੇ ਨਵੀਂ ਦਿੱਖ ‘ਚ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਵੀ ਬੜੀ ਮਿਹਨਤ ਨਾਲ ਇਤਿਹਾਸਕ ਸ਼ਸਤਰਾਂ ਲਈ ਵਿਲੱਖਣ ਦਿੱਖ ਵਾਲਾ ਕਮਰਾ ਤਿਆਰ ਕਰਵਾਇਆ ਹੈ।
ਇਸ ਮੌਕੇ ਬਾਬਾ ਚਰਨਜੀਤ ਸਿੰਘ ਮੈਂਬਰ, ਬਾਬਾ ਮਨਜੀਤ ਸਿੰਘ ਫਗਵਾੜੇ ਵਾਲੇ, ਸ. ਤਰਲੋਚਨ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਐਡੀ: ਸਕੱਤਰ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ, ਸ. ਸਕੱਤਰ ਸਿੰਘ ਇੰਚਾਰਜ, ਸ. ਗੁਰਿੰਦਰ ਸਿੰਘ ਐਡੀ: ਮੈਨੇਜਰ, ਬਾਬਾ ਝਿਰਮਲ ਸਿੰਘ, ਬਾਬਾ ਸ਼ਿੰਦਾ ਸਿੰਘ ਕਾਰ ਸੇਵਾ ਵਾਲੇ, ਜਥੇ. ਲਖਵਿੰਦਰ ਸਿੰਘ, ਸ. ਬੀਰ ਸਿੰਘ ਗਿੱਲ, ਸ. ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।



ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ          ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ                           ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ




ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ                       ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ           


No comments: